ਚੀਨ ਤੇ ਭਾਰਤ ਦੀਆਂ ਫ਼ੌਜਾਂ ਪੂਰਬੀ ਲੱਦਾਖ ਵਿੱਚ ਪਿੱਛੇ ਹਟਣੀਆਂ ਸ਼ੁਰੂ: ਚੀਨੀ ਰੱਖਿਆ ਮੰਤਰਾਲਾ

ਪੇਈਚਿੰਗ (ਸਮਾਜ ਵੀਕਲੀ) : ਚੀਨ ਦੇ ਰੱਖਿਆ ਮੰਤਰਾਲੇ ਨੇ ਇੱਥੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਪੈਂਗੌਂਗ ਝੀਲ ਦੇ ਉਤਰ ਤੇ ਦੱਖਣ ਕੰਢੇ ’ਤੇ ਤਾਇਨਾਤ ਭਾਰਤ ਅਤੇ ਚੀਨ ਦੀਆਂ ਮੋਹਰੀ ਟੁਕੜੀਆਂ ਦੇ ਫ਼ੌਜੀਆਂ ਨੇ ਅੱਜ ਇਕੱਠਿਆਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਭਾਰਤ ਵਾਲੇ ਪਾਸਿਉਂ ਇਸ ਮਾਮਲੇ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ। ਚੀਨੀ ਰੱਖਿਆ ਮੰਤਰਾਲੇ ਦੇ ਤਰਜਮਾਨ ਕਰਨਲ ਵੂ ਕਿਆਨ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ ਪੈਂਗੌਂਗ ਝੀਲ ਦੇ ਉਤਰ ਅਤੇ ਦੱਖਣ ਕੰਢਿਆਂ ’ਤੇ ਤਾਇਨਾਤ ਫੌਜ ਦੀਆਂ ਮੋਹਰੀ ਟੁਕੜੀਆਂ ਨੇ ਬੁੱਧਵਾਰ ਨੂੰ ਇੱਕੋ ਸਮੇਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ।

ਵੂ ਦੇ ਇਸ ਬਿਆਨ ਸਬੰਧੀ ਖ਼ਬਰ ਚੀਨ ਦੇ ਸਰਕਾਰੀ ਮੀਡੀਆ ਨੇ ਵੀ ਨਸ਼ਰ ਕੀਤੀ ਹੈ।  ਕਿਆਨ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਨੌਵੇਂ ਗੇੜ ਦੀ ਗੱਲਬਾਤ ਦੌਰਾਨ ਬਣੀ ਸਹਿਮਤੀ ਮੁਤਾਬਕ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਬਲਾਂ ਦੀਆਂ ਮੋਹਰੀ ਟੁਕੜੀਆਂ ਦੇ ਯੂਨਿਟਾਂ ਨੇ ਅੱਜ ਦਸ ਫਰਵਰੀ ਤੋਂ ਪੈਂਗੌਂਗ ਝੀਲ ਦੇ ਉਤਰੀ ਅਤੇ ਦੱਖਣੀ ਕੰਢਿਆਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਪੂਰਬੀ ਲੱਦਾਖ ਵਿੱਚ ਬੀਤੇ ਸਾਲ ਮਈ ਤੋਂ ਤਣਾਅ ਦੀ ਸਥਿਤੀ ਬਣੀ ਹੋਈ ਹੈ। ਦੋਵੇਂ ਦੇਸ਼ ਮੁੱਦੇ ਦੇ ਹੱਲ ਲਈ ਕਈ ਗੇੜ ਦੀ ਕੂਟਨੀਤਕ ਅਤੇ ਫ਼ੌਜੀ ਪੱਧਰ ਦੀ ਗੱਲਬਾਤ ਕਰ ਚੁੱਕੇ ਹਨ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਬੀਤੀ 24 ਜਨਵਰੀ ਨੂੰ ਕੋਰ ਕਮਾਂਡਰ ਪੱਧਰ ਦੀ ਨੌਵੇਂ ਗੇੜ ਦੀ ਗੱਲਬਾਤ ਹੋਈ ਸੀ।

Previous articleਅਸੀਂ ਸਾਰੇ ਕਿਸਾਨਾਂ ਦਾ ਸਨਮਾਨ ਕਰਦੇ ਹਾਂ: ਮੋਦੀ ਨੇ ਲੋਕ ਸਭਾ ਵਿੱਚ ਕਿਹਾ, ਕਾਂਗਰਸ ਦਾ ਸਦਨ ਵਿਚੋਂ ਵਾਕਆਊਟ
Next articleਕਿਸਾਨਾਂ ਵੱਲੋਂ ‘ਰੇਲ ਰੋਕੋ’ ਅੰਦੋਲਨ 18 ਨੂੰ, ਰਾਜਸਥਾਨ ਦੇ ਟੌਲ ਪਲਾਜ਼ੇ 12 ਤੋਂ ਫ਼ੀਸ ਮੁਕਤ ਕਰਨ ਦਾ ਐਲਾਨ