(ਸਮਾਜ ਵੀਕਲੀ)
ਸਾਹਿਬ ਕਾਂਸ਼ੀ ਰਾਮ ਨੇ ਸਿਰਫ਼ ਇੱਕ ਹੀ ਕਿਤਾਬ, “ਚਮਚਾ ਯੁੱਗ” ਲਿਖੀ ਸੀ। ਪਰ ਉਨ੍ਹਾਂ ਦੀ ਇਸ ਇੱਕ ਹੀ ਕਿਤਾਬ ਨੇ ਛਪਦੀਆਂ ਸਾਰ ਹੀ ਸਨਸਨੀ ਫੈਲਾ ਦਿੱਤੀ।
ਹੇਠਾਂ “ਚਮਚਾ ਯੁੱਗ” ਕਿਤਾਬ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਦਿੱਤਾ ਗਿਆ ਹੈ, ਜਿਸ ਵਿੱਚ ਪਹਲੀ ਵਾਰ ਕਿਸੇ ਨੇ ਸਿਆਸਤ ‘ਚ “ਚਮਚਾ ਹੁੰਦਾ ਕੀ ਹੈ ?” – ਦਾ ਐਨਾਂ ਡੂੰਘਾ ਵਿਸ਼ੇਲਸ਼ਨ ਕੀਤਾ ਸੀ।
ਵੀਰ ਕਰਤਾਰ ਸਿੰਘ ਜੀ ਦਾ ਪੰਜਾਬੀ ‘ਚ ਅਨੁਵਾਦ ਕਰਨ ਲਈ ਬਹੁਤ-ਬਹੁਤ ਧਨਵਾਦ।
ਸਤਵਿੰਦਰ ਮਨਖ
ਚਮਚਾ ਕੀ ਹੁੰਦਾ ਹੈ ?
ਆਮ ਆਦਮੀ ਦੀ ਆਪਣੀ ਇੱਕ ਬੋਲਚਾਲ ਦੀ ਬੋਲੀ ਹੁੰਦੀ ਹੈ।
ਬੋਲਚਾਲ ਦੀ ਇਸ ਆਮ ਬੋਲੀ ਵਿੱਚ ਸੰਦ, ਦਲਾਲ ਜਾਂ ਪਿੱਠੂ ਨੂੰ ‘ਚਮਚਾ’ ਕਹਿੰਦੇ ਹਨ।
ਇਸ ਪੁਸਤਕ ਵਿੱਚ ਮੈਂ ਆਮ ਆਦਮੀ ਦੀ ਬੋਲੀ ਨੂੰ ਵਰਤਣ ਦਾ ਮਨ ਬਣਾਇਆ ਹੈ। ਮੇਰਾ ਇਹ ਖ਼ਿਆਲ ਹੈ ਕਿ ਜਦੋਂ ਅਸੀਂ ਆਮ ਆਦਮੀ ਲਈ ਸੰਘਰਸ਼ ਕਰ ਰਹੇ ਹਾਂ, ਤਾਂ ਆਮ ਆਦਮੀ ਦੀ ਭਾਸ਼ਾ ਨੂੰ ਵਰਤਣਾ ਸਾਡੇ ਲਈ ਜ਼ਿਆਦਾ ਲਾਭਦਾਇਕ ਹੋ ਸਕਦਾ ਹੈ।
‘ਚਮਚਾ’ ਇੱਕ ਦੇਸੀ ਸ਼ਬਦ ਹੈ, ਜਿਹੜਾ ਕਿ ਉਸ ਆਦਮੀ ਲਈ ਵਰਤਿਆ ਜਾਂਦਾ ਹੈ, ਜੋ ਖ਼ੁਦ ਆਪਣੇ-ਆਪ ਕੰੰਮ ਨਹੀਂ ਕਰਦਾ ਪਰ ‘ਉਸਨੂੰ’ ਵਰਤ ਕੇ, ‘ਕੋਈ ਹੋਰ’ ਕੰਮ ਕਰਦਾ ਹੈ ਅਤੇ ਇਹ ‘ਕੋਈ ਹੋਰ’, ਇਸ ਚਮਚੇ ਨੂੂੰ ਆਪਣੇ ਵਿਅਕਤੀਗਤ ਮਤਲਬ, ਫ਼ਾਇਦੇ ਅਤੇ ਭਲਾਈ ਲਈ ਜਾਂ ਆਪਣੇ ਕੁਨਬੇ ਦੀ ਭਲਾਈ ਲਈ ਇਸਤੇਮਾਲ ਕਰਦਾ ਹੈ, ਪਰ ਚਮਚੇ ਤੋਂ ਉਸਦੇ ਆਪਣੇ ਭਾਈਚਾਰੇ ਜਾਂ ਕੁਨਬੇ ਦਾ ਹਮੇਸ਼ਾਂ ਨੁਕਸਾਨ ਕਰਵਾਇਆ ਜਾਂਦਾ ਹੈ।
ਇਸ ਕਿਤਾਬ ਵਿੱਚ ਸੰਦ, ਦਲਾਲ ਜਾਂ ਪਿੱਠੂ ਸ਼ਬਦ ਵਰਤਣ ਦੀ ਬਜਾਏ, ਅਸੀਂ “ਚਮਚਾ” ਸ਼ਬਦ ਦੀ ਹੀ ਜ਼ਿਆਦਾ ਵਰਤੋਂ ਕਰਾਂਗੇ।
ਭਾਰਤੀ ਪ੍ਰਸੰਗ ਵਿੱਚ ਅਤੇ ਆਮ ਆਦਮੀ ਲਈ, ਇਹ ਸ਼ਬਦ ਜ਼ਿਆਦਾ ਕਾਰਗ਼ਰ ਹੋਵੇਗਾ, ਕਿਉਂਕਿ ਅਰਥ ਦੇ ਨਾਲ਼-ਨਾਲ਼ ਇਹ ਭਾਵ-ਅਰਥ ਨੂੰ ਵੀ ਪ੍ਰਭਾਵਸ਼ਾਲੀ ਰੂਪ ਵਿੱਚ ਪੇਸ਼ ਕਰਦਾ ਹੈ। ਇਨ੍ਹਾਂ ਚਾਰਾਂ ਸ਼ਬਦਾਂ – ਚਮਚਾ, ਪਿੱਠੂ, ਦਲਾਲ ਜਾਂ ਸੰਦ ਦਾ ਅਰਥ ਇੱਕੋ ਹੀ ਹੈ, ਪਰ ਭਾਵ-ਅਰਥ ਪੱਖੋਂ ਥੋੜ੍ਹਾ-ਥੋੜ੍ਹਾ ਫ਼ਰਕ ਹੈ। ਇਸੇ ਕਰਕੇ ਇਨ੍ਹਾਂ ਦੀ ਵਰਤੋਂ, ਇਨ੍ਹਾਂ ਦੇ ਅਰਥਾਂ ਅਤੇ ਭਾਵ-ਅਰਥਾਂ ਦੀ ਪ੍ਰਭਾਵਸ਼ੀਲਤਾ ਉੱਤੇ ਨਿਰਭਰ ਕਰਦੀ ਹੈ।
ਸਾਹਿਬ ਕਾਂਸ਼ੀ ਰਾਮ
‘ਚਮਚਾ ਯੁੱਗ’
24 ਸਿਤੰਬਰ 1982
ਅਨੁਵਾਦ: ਕਰਤਾਰ ਸਿੰਘ