ਸਿਹਤ ਵਿਭਾਗ ਵੱਲੋਂ ਐਕਟਿਵ ਕੇਸ ਫਾਈਡਿੰਗ ਮੁਹਿੰਮ ਸ਼ੂਰੂ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) :”ਨੈਸ਼ਨਲ ਟੀ.ਬੀ.ਐਲੀਮੀਨੇਸ਼ਨ ” ਪ੍ਰੋਗਰਾਮ ਦੇ ਸਿਹਤ ਵਿਭਾਗ ਕਪੂਰਥਲਾ ਵੱਲੋਂ ਟੀ.ਬੀ. ਦੇ ਐਕਟਿਵ ਕੇਸ ਫਾਈਡਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 15 ਦਸੰਬਰ ਤੋਂ 14 ਜਨਵਰੀ ਤੱਕ ਚਲਾਈ ਗਈ ਇਸ ਮੁਹਿੰਮ ਦਾ ਉਦੇਸ਼ ਘਰ ਘਰ ਜਾ ਕੇ ਟੀ.ਬੀ. ਦੀ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤੇ ਟੀ.ਬੀ. ਦੇ ਸ਼ੱਕੀ ਮਰੀਜਾਂ ਦੀ ਭਾਲ ਕਰ ਕੇ ਉਨ੍ਹਾਂ ਦੀ ਸਮੇਂ ਸਿਰ ਜਾਂਚ ਤੇ ਇਲਾਜ ਕਰਨਾ ਹੈ ਤਾਂ ਕਿ 2025 ਤੱਕ ਟੀ.ਬੀ. ਖਾਤਮੇ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਲਗਮ ਦੀ ਜਾਂਚ ਅਤੇ ਛਾਤੀ ਦਾ ਐਕਸਰੇ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿਚ ਸੀ.ਬੀ.ਨੈਟ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ।
ਸਿਵਲ ਸਰਜਨ ਵੱਲੋਂ ਅੱਜ ਜਿਲੇ ਵਿਚ ਐਕਟਿਵ ਕੇਸ ਫਾਈਡਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤੇ ਟੀਮਾਂ ਨੂੰ ਰਵਾਨਾ ਕੀਤਾ ਗਿਆ।ਡਾ. ਕਿੰਦਰਪਾਲ ਬੰਗੜ ਕੰਨਸਲਟੈਂਟ ਟੀ.ਬੀ. ਸਿਵਲ ਹਸਪਤਾਲ ਕਪੂਰਥਲਾ ਨੇ ਦੱਸਿਆ ਕਿ ਦੋ ਹਫਤੇ ਤੋਂ ਜਿਆਦਾ ਖਾਂਸੀ, ਹਲਕਾ ਹਲਕਾ ਬੁਖਾਰ ਆਉਣਾ, ਰਾਤ ਨੂੰ ਤਰੇਲੀਆਂ ਆਉਣਾ, ਭੁੱਖ ਨਾ ਲੱਗਣਾ,ਵਜਨ ਘੱਟ ਹੋ ਜਾਣਾ ਟੀ.ਬੀ. ਦੇ ਲੱਛਣ ਹਨ। ਉਨ੍ਹਾਂ ਜੋਰ ਦਿੱਤਾ ਕਿ ਅਜਿਹੇ ਲੱਛਣ ਨਜਰ ਆਉਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਦੇ ਟੀ.ਬੀ. ਕਲੀਨਿਕ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।ਨਾਲ ਹੀ ਉਨ੍ਹਾਂ ਟੀ.ਬੀ. ਦੀ ਰੈਗੂਲਰ ਦਵਾਈ ਲੈਣ ਤੇ ਡਾਕਟਰੀ ਸਲਾਹ ਨਾਲ ਹੀ ਦਵਾਈ ਦਾ ਕੋਰਸ ਬੰਦ ਕਰਨ ਦੀ ਸਲਾਹ ਦਿੱਤੀ। ਡੀ.ਟੀ.ਓ. ਡਾ. ਮੀਨਾਕਸ਼ੀ ਨੇ ਦੱਸਿਆ ਕਿ ਪੂਰੇ ਜਿਲੇ ਵਿਚ ਇਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ਲਈ 20 ਟੀਮਾਂ ਬਣਾਈਆਂ ਗਈਆਂ ਹਨ ਜੋਕਿ ਘਰ ਘਰ ਜਾ ਕੇ ਟੀ.ਬੀ. ਦੇ ਸ਼ੱਕੀ ਮਰੀਜਾਂ ਦੀ ਭਾਲ ਕਰਣਗੇ।
ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਪੰਕਜ ਮੜੀਆ,ਗੁਰਪਿੰਦਰ ਜੌਲੀ, ਰਾਮ ਸਿੰਘ,ਜੋਤੀ ਆਨੰਦ, ਰਵਿੰਦਰ ਜੱਸਲ, ਅਵਤਾਰ ਸਿੰਘ ਤੇ ਹੋਰ ਹਾਜਰ ਸਨ।