ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਮਨੁੱਖੀ ਲੋੜਾਂ ਦੀ ਪੂਰਤੀ ਲਈ ਸਾਨੂੰ ਰੋਜ਼ਾਨਾ ਖੁਰਾਕ ਦੀ ਜ਼ਰੂਰਤ ਹੈ। ਇਸ ਖੁਰਾਕ ਵਿੱਚ ਸਾਰੇ ਤਰ੍ਹਾਂ ਦੇ ਪ੍ਰੋਟੀਨ, ਮਿਨਰਲ, ਵਿਟਾਮਿਨ ਦੀ ਪੂਰਤੀ ਹੋਣਾ ਬਹੁਤ ਜ਼ਰੂਰੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਯਾਦਵਿੰਦਰ ਸਿੰਘ ਖੇਤੀਬਾੜੀ ਅਧਿਕਾਰੀ ਨੇ ਕੀਤਾ।ਫਲਾਂ ਨੂੰ ਰੋਜ਼ਾਨਾ ਖੁਰਾਕ ਵਿੱਚ ਮਹਿੰਗੇ ਸਰੋਤ ਵਜੋਂ ਜਾਣਿਆ ਜਾਂਦਾ ਹੈ, ਜਦਕਿ ਇਸਨੂੰ ਰੋਜ਼ਾਨਾ ਖੁਰਾਕ ਵਿੱਚ ਰੱਖਣ ਨਾਲ ਮੁਨੱਖ ਬੀਮਾਰੀਆਂ ਤੋਂ ਬੱਚਿਆ ਰਹਿੰਦਾ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਮੁਤਾਬਕ ਮੁਨੱਖ ਨੂੰ ਫਲਾਂ ਦੀ ਰੋਜ਼ਾਨਾ ਪੂਰਤੀ ਲਈ 120 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਖਾਣੇ ਚਾਹੀਦੇ ਹਨ। ਪਰ ਦੇਖਣ ਵਿੱਚ ਆਇਆ ਹੈ ਕਿ ਭਾਰਤ ਵਿੱਚ ਇਸ ਦੀ ਪ੍ਰਾਪਤੀ 60 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਪੈਦਾਵਾਰ ਹੋ ਰਹੀ ਹੈ। ਫਲਾਂ ਵਿੱਚ ਬਹੁਤ ਸਾਰੇ ਵਿਟਾਮਿਨ (ਏ, ਬੀ1, ਬੀ12, ਏ ਅਤੇ ਸੀ) ਐਂਟੀਆਕਸੀਡੈਂਟ, ਖਣਿਜ, ਮਿਨਰਲ ਅਤੇ ਹੋਰ ਲੋੜੀਂਦੇ ਤੱਤ ਹੁੰਦੇ ਹਨ। ਜਿਸ ਨਾਲ ਮਨੁੱਖੀ ਜੀਵਨ ਨਿਰੋਗ ਅਤੇ ਤੰਦਰੁਸਤ ਰਹਿੰਦਾ ਹੈ।
ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਘਰ ਖੁੱਲੇ ਹੁੰਦੇ ਹਨ, ਜਿਸ ਕਰਕੇ ਪਿੰਡਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਗਾ ਕੇ ਅਸੀਂ ਸਾਰਾ ਸਾਲ ਫ਼ਲ ਲੈ ਸਕਦੇ ਹਾਂ। ਅਜੋਕੇ ਸਮੇਂ ਵਿੱਚ ਵੱਧ ਰਹੀ ਫ਼ਲਾਂ ਦੀ ਖਪਤ ਅਤੇ ਇਸ ਦੀ ਗੁਣਵਣਤਾ ਬਾਰੇ ਹਰ ਕੋਈ ਜਾਣੂ ਹੋ ਚੁੱਕਾ ਹੈ। ਇਸੇ ਕਾਰਨ ਫ਼ਲਦਾਰ ਬੂਟੇ ਲਗਾਉਣ ਦਾ ਰੁਝਾਣ ਸ਼ਹਿਰਾਂ ਵਿੱਚ ਪਈਆਂ ਖਾਲੀ ਥਾਵਾਂ ’ਤੇ ਵੀ ਲਗਾਉਣ ਲੱਗ ਪਏ ਹਨ, ਤਾਂ ਜੋ ਤਾਜੇ ਫਲਾਂ ਦੀ ਖਪਤ ਕਰਕੇ ਆਪਣੇ ਸਰੀਰ ਨੂੰ ਤਰੋਤਾਜ਼ਾ ਰੱਖ ਸਕਣ ।ਫਲਦਾਰ ਬੂਟੇ ਲਗਾਉਣ ਦਾ ਸਮਾਂ ਫਰਵਰੀ ਮਾਰਚ ਅਤੇ ਅਗਸਤ ਤੋਂ ਅਕਤੂਬਰ ਅੱਧ ਹੈ।ਫ਼ਲਦਾਰ ਬੂਟੇ ਹਮੇਸ਼ਾ ਕਿਸੇ ਭਰੋਸੇ ਯੋਗ ਨਰਸਰੀ ਤੋਂ ਲੈਣੇ ਚਾਹੀਦੇ ਹਨ।
ਇਨ੍ਹਾਂ ਵਿੱਚੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਦਾਰਿਆਂ, ਪੰਜਾਬ ਸਰਕਾਰ ਦੇ ਬਾਗਬਾਨੀ ਅਦਾਰਿਆਂ ਦੀਆਂ ਨਰਸਰੀਆਂ ਜਾਂ ਫਿਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਿੱਜੀ ਨਰਸਰੀਆਂ ਤੋਂ ਲੈਣੇ ਚਾਹੀਦੇ ਹਨ। ਬੂਟਿਆਂ ਨੂੰ ਖ਼ਰੀਦਣ ਸਮੇਂ ਤਰਜੀਹ ਹਮੇਸ਼ਾਂ ਸਰਕਾਰੀ ਨਰਸਰੀ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਿਭਾਗ ਫ਼ਲ ਵਿਗਿਆਨ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਬੂਟੇ ਲਗਾਉਣੇ ਚਾਹੀਦੇ ਹਨ । ਆਮ ਤੌਰ ’ਤੇ ਪੌਸ਼ਟਿਕ ਬਗੀਚੀ ਵਿੱਚ ਨਿੰਬੂ ਜਾਤੀ ਦੇ ਫਲ, ਪਪੀਤਾ, ਅਮਰੂਦ, ਅੰਗੂਰ, ਆੜੂ, ਅਲੂਚਾ, ਲੁਕਾਠ, ਫਾਲਸਾ, ਅਨਾਰ, ਕਰੌਂਦਾ ਆਦਿ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਨਾਸ਼ਪਾਤੀ, ਬੇਰ, ਅੰਬ, ਲੀਚੀ, ਆਂਵਲਾ ਵੀ ਲਗਾ ਸਕਦੇ ਹਾਂ ਪਰ ਇਨ੍ਹਾਂ ਵਿੱਚ ਸਾਨੂੰ ਵੱਧ ਜਗ੍ਹਾ ਦੀ ਲੋੜ ਪੈਂਦੀ ਹੈ ।