(ਸਮਾਜ ਵੀਕਲੀ)
ਮੂੰਹ ਤੋਂ ਪੁੱਛਦਾਂ ਫਿਰੇਂ ਫ਼ਰਮਾਇਸ਼ਾਂ,
ਗੱਲਾਂ ਦਿਲ ਦੀਆਂ ਬੁੱਝੇ ਤਾਂ ਜਾਣਾ।
ਐਵੇਂ ਆਖ ਨਾਂ ਕਿ ਜਾਣਦਾ ਏ ਮੈਨੂੰ,
ਭੇਤ ਜਾਣੇ ਜੇ ਗੁੱਝੇ ਤਾਂ ਜਾਣਾ।
ਮੂੰਹ ਤੋਂ ਪੁੱਛਦਾਂ…..
ਮੈਂ ਤੇਰਾ ਤੂੰ ਮੇਰੀ ਹੋ ਜਾ,
ਗੱਲਾਂ ਬਹੁਤ ਪੁਰਾਣੀਆਂ ਨੇ।
ਸਦਾ ਨਿੱਭਣ ਲਈ ਸੱਜਣਾਂ,
ਪੈਂਦੀਆਂ ਪੀੜਾਂ ਹੰਢਾਉਣੀਆਂ ਨੇ।
ਕਹਿਨਾਂ ਪੰਜ ਪੱਤਣਾਂ ਦਾ ਤਾਰੂ ਆਂ,
ਸਮੁੰਦਰ ਬੰਦ ਕਰੇ ਵਿੱਚ ਕੁੱਜੇ ਤਾਂ ਜਾਣਾ।
ਮੂੰਹ ਤੋਂ ਪੁੱਛਦਾਂ……
ਦਿਲ ਨੂੰ ਦਿਲ ਦੀ ਰਾਹ ਹੁੰਦੀ ਏ,
ਹੁਣ ਇਹ ਝੂਠ ਜਿਹਾ ਲੱਗੇ।
ਪਿਆਰ ਤੇਰਾ ਵੀ ਮੈਨੂੰ ਸੱਜਣਾਂ,
ਕਿਸੇ ਦੀ ਜੂਠ ਜਿਹਾ ਲੱਗੇ।
ਦੋ-ਚਾਰ ਦਿਨ ਹੁੰਦੇ ਆਸ਼ਕੀ ਦੇ,
ਜ਼ਿੰਦਗੀ ਭਰ ਪਿਆਰ ‘ਚ ਰੁੱਝੇ ਤਾਂ ਜਾਣਾ।
ਮੂੰਹ ਤੋਂ ਪੁੱਛਦਾਂ…….
ਮੈਂ ਤੇਰੇ ਤੋਂ ਵਾਰਿਆਂ ਜਾਨ ਕਰਾਂ,
ਤੇ ਤੂੰ ਮੇਰੇ ਨਾਲ਼ ਲੜਦਾ ਰਹੇ।
ਮੈਂ ਮੰਨਾਂ ਤੇਰੀਆਂ ਸੱਭੇ ਸਦਾ,
ਤੇ ਤੂੰ ਮਨਆਈਆਂ ਕਰਦਾ ਰਹੇ।
ਮੈਂ ਤਾਂ ਕੱਲਿਆ ਨਹੀਂ ਰੜਣਾ,
‘ਮਨਜੀਤ’ਬਰਾਬਰ ਭੁੱਜੇ ਤਾਂ ਜਾਣਾ।
ਮੂੰਹ ਤੋਂ ਪੁੱਛਦਾਂ ਫਿਰੇਂ ਫ਼ਰਮਾਇਸ਼ਾਂ,
ਗੱਲਾਂ ਦਿਲ ਦੀਆਂ ਬੁੱਝੇ ਤਾਂ ਜਾਣਾ।
ਐਵੇਂ ਆਖ ਨਾਂ ਕਿ ਜਾਣਦਾ ਏ ਮੈਨੂੰ,
ਭੇਤ ਜਾਣੇ ਜੇ ਗੁੱਝੇ ਤਾਂ ਜਾਣਾ।
ਮਨਜੀਤ ਕੌਰ,
ਸ਼ੇਰਪੁਰ,ਲੁਧਿਆਣਾ।
ਸੰ:9464633059.