ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ

ਅੱਜ ਸਵੇਰੇ ਕਾਰ ’ਤੇ ਸਵਾਰ ਹੋ ਕੇ ਆਏ ਛੇ ਨੌਜਵਾਨਾਂ ਨੇ ਸੈਕਟਰ-49 ਸਥਿਤ ਇਕ ਫਲੈਟ ਵਿਚ ਵੜ ਕੇ ਗੋਲੀਆਂ ਚਲਾਈਆਂ, ਜਿਸ ਕਾਰਨ 24 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਨੌਜਵਾਨ ਜ਼ਖਮੀ ਹੋ ਗਏ।
ਪੁਲੀਸ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਹਰਿਆਣਾ ਨਾਲ ਸਬੰਧਤ ਵਿਸ਼ਾਲ ਚਿਲਰ ਵਜੋਂ ਹੋਈ ਹੈ। ਉਹ ਸੈਕਟਰ-49 ਦੇ ਫਲੈਟ ਦੀ ਪਹਿਲੀ ਮੰਜ਼ਿਲ ਉੱਤੇ ਕਿਰਾਏ ’ਤੇ ਰਹਿੰਦਾ ਸੀ। ਉਹ ਰਿਵਾੜੀ ਨਾਲ ਸਬੰਧਤ ਸੀ। ਉਸ ਨਾਲ ਤਿੰਨ ਹੋਰ ਲੜਕੇ ਵੀ ਸਨ। ਪੁਲੀਸ ਅਨੁਸਾਰ ਦੋਵਾਂ ਧਿਰਾਂ ਦੇ ਨੌਜਵਾਨਾਂ ਵਿਚਕਾਰ ਪੁਰਾਣੀ ਰੰਜਿਸ਼ ਸੀ। ਪੁਲੀਸ ਅਨੁਸਾਰ ਮੁੰਡਿਆਂ ਨੇ ਲੰਘੀ ਰਾਤ ਪਾਰਟੀ ਕੀਤੀ ਸੀ ਜਿਸ ਦੌਰਾਨ ਕਈ ਲੜਕੇ ਰਾਤ ਤਕ ਇਥੇ ਹੜਦੁੰਗ ਮਚਾਉਂਦੇ ਰਹੇ। ਪੁਲੀਸ ਅਨੁਸਾਰ ਵਿਸ਼ਾਲ ਹਰਿਆਣਾ ਪੁਲੀਸ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਇਸ ਖੁਸ਼ੀ ਵਿਚ ਉਸ ਨੇ ਪਾਰਟੀ ਦਿੱਤੀ ਸੀ। ਲੰਘੀ ਰਾਤ ਜਦੋਂ ਪਾਰਟੀ ਵਿਚ ਲੜਕੇ ਹੜਦੁੰਗ ਮਚਾ ਰਹੇ ਸਨ ਤਾਂ ਗੁਆਂਢੀ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਸੀ। ਪੁਲੀਸ ਨੇ ਮੋਕੇ ’ਤੇ ਆ ਕੇ ਮੁੰਡਿਆਂ ਨੂੰ ਸ਼ੋਰ ਨਾ ਕਰਨ ਦੀ ਤਾੜਣਾ ਕੀਤੀ ਸੀ। ਸੀਸੀਟੀਵੀ ਕੈਮਰਿਆਂ ਦੀ ਮਿਲੀ ਰਿਕਾਰਡਿੰਗ ਅਨੁਸਾਰ ਅੱਜ ਸਵੇਰੇ 6.50 ਵਜੇ ਆਈ-20 ਕਾਰ ਉਸ ਫਲੈਟ ਦੇ ਬਾਹਰ ਰੁਕੀ ਜਿਥੇ ਰਾਤ ਵੇਲੇ ਪਾਰਟੀ ਚੱਲ ਰਹੀ ਸੀ। ਇਸ ਕਾਰ ਵਿਚ ਛੇ ਲੜਕੇ ਸਨ। ਪੁਲੀਸ ਅਨੁਸਾਰ ਇਹ ਲੜਕੇ ਵਿਸ਼ਾਲ ਦੇ ਫਲੈਟ ਅੰਦਰ ਦਾਖਲ ਹੋਏ ਅਤੇ ਉਸ ਦੀ ਛਾਤੀ ’ਤੇ ਗੋਲੀ ਮਾਰ ਦਿੱਤੀ। ਇਸ ਮੌਕੇ ਦੋ ਹਮਲਾਵਰਾਂ ਕੋਲ ਪਿਸਤੌਲਾਂ ਸਨ। ਉਥੇ ਮੌਜੂਦ ਵਿਸ਼ਾਲ ਦੇ ਤਿੰਨ ਦੋਸਤ ਉਸ ਦੇ ਬਚਾਅ ਲਈ ਅੱਗੇ ਆਏ ਅਤੇ ਹਮਲਾਵਰਾਂ ਨੇ ਉਨ੍ਹਾਂ ਉਪਰ ਡੰਡਿਆਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਤਿੰਨੇ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੂੰ ਇਸ ਘਟਨਾ ਦੀ ਸਵੇਰੇ 7 ਵਜੇ ਜਾਣਕਾਰੀ ਮਿਲੀ ਅਤੇ ਚਾਰੇ ਜ਼ਖਮੀਆਂ ਨੂੰ ਸੈਕਟਰ-32 ਦੇ ਹਸਪਤਾਲ ਵਿਚ ਦਾਖਲ ਕਰਵਾਇਆ। ਬਾਅਦ ਵਿਚ ਵਿਸ਼ਾਲ ਨੂੰ ਪੀਜੀਆਈ ਭੇਜਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਫਲੈਟ ਦੀ ਵਿਗਿਆਨਕ ਢੰਗ ਨਾਲ ਵੀ ਜਾਂਚ ਕਰਵਾਈ ਹੈ। ਜ਼ਖ਼ਮੀ ਲੜਕੇ ਪੰਕਜ, ਅਸ਼ੀਸ਼ ਤੇ ਮੇਘਲ ਨੇ ਪੁਲੀਸ ਨੂੰ ਦੱਸਿਆ ਕਿ ਹਮਲਾਵਰ ਅੱਜ ਸਵੇਰੇ ਵਿਸ਼ਾਲ ਦੇ ਫਲੈਟ ਵਿਚ ਦਾਖਲ ਹੋਏ ਅਤੇ ਆਉਂਦਿਆਂ ਹੀ ਉਸ ਦੀ ਛਾਤੀ ਵਿਚ ਗੋਲੀ ਦਾਗ ਦਿੱਤੀ। ਜਦੋਂ ਉਹ ਵਿਸ਼ਾਲ ਨੂੰ ਛੁਡਾਉਣ ਲਈ ਅੱਗੇ ਆਏ ਤਾਂ ਉਨ੍ਹਾਂ ਉਪਰ ਵੀ ਹਮਲਾ ਕੀਤਾ ਗਿਆ। ਹਮਲਾਵਰ ਬਾਅਦ ਵਿਚ ਫਰਾਰ ਹੋ ਗਏ। ਪੁਲੀਸ ਅਨੁਸਾਰ ਵਿਸ਼ਾਲ ਚੰਡੀਗੜ੍ਹ ਦਾ ਪੁਰਾਣਾ ਵਿਦਿਆਰਥੀ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਸ਼ਨਾਖਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Previous articleਆਸਟਰੇਲੀਆ ਵਿਚ ਭਾਰਤੀ ਮੂਲ ਦੀ ਡੈਂਟਿਸਟ ਦਾ ਕਤਲ
Next articleਪੀਆਰਟੀਸੀ ਦੀ ਚਲਦੀ ਬੱਸ ਨੂੰ ਅੱਗ ਲੱਗੀ; ਜਾਨੀ ਨੁਕਸਾਨ ਤੋਂ ਬਚਾਅ