ਗੋਆ: ਕਾਂਗਰਸ ਦੇ 8 ਵਿਧਾਇਕ ਭਾਜਪਾ ’ਚ ਸ਼ਾਮਲ

 

  • ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ’ਚ ਭਾਜਪਾ ਨਾਲ ਰਲੇਵੇਂ ਦਾ ਮਤਾ ਪਾਸ ਹੋਇਆ
  • ਕਾਂਗਰਸ ਦੇ ਹੁਣ ਤਿੰਨ ਵਿਧਾਇਕ ਬਚੇ

ਪਣਜੀ (ਸਮਾਜ ਵੀਕਲੀ):  ਗੋਆ ’ਚ ਸਾਬਕਾ ਮੁੱਖ ਮੰਤਰੀ ਸਮੇਤ ਕਾਂਗਰਸ ਦੇ ਅੱਠ ਵਿਧਾਇਕ ਅੱਜ ਹਾਕਮ ਧਿਰ ਭਾਜਪਾ ’ਚ ਸ਼ਾਮਲ ਹੋ ਗਏ। ਚਾਲੀ ਮੈਂਬਰੀ ਵਿਧਾਨ ਸਭਾ ’ਚ ਹੁਣ ਕਾਂਗਰਸ ਦੇ ਸਿਰਫ਼ ਤਿੰਨ ਵਿਧਾਇਕ ਰਹਿ ਗਏ ਹਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਕਾਂਗਰਸ ਛੋੜੋ ਯਾਤਰਾ ਗੋਆ ਤੋਂ ਸ਼ੁਰੂ ਹੋ ਗਈ ਹੈ। ਸਾਵੰਤ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਦਾਨੰਦ ਸ਼ੇਤ ਤਨਾਵੜੇ ਦੀ ਹਾਜ਼ਰੀ ’ਚ ਵਿਧਾਇਕਾਂ ਨੇ ਭਾਜਪਾ ਦਾ ਪੱਲਾ ਫੜਿਆ। ਜੁਲਾਈ 2019 ’ਚ ਵੀ ਕਾਂਗਰਸ ਦੇ 10 ਵਿਧਾਇਕਾਂ ਨੇ ਪਾਰਟੀ ਨੂੰ ਝਟਕਾ ਦਿੱਤਾ ਸੀ ਅਤੇ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ। ਭਾਜਪਾ ਦੇ ਹੁਣ ਗੋਆ ’ਚ 28 ਵਿਧਾਇਕ ਹੋ ਗਏ ਅਤੇ ਉਸ ਨੂੰ ਪੰਜ ਹੋਰ ਵਿਧਾਇਕਾਂ ਦੀ ਹਮਾਇਤ ਹਾਸਲ ਹੈ। ਕਾਂਗਰਸ ਨੂੰ ਠਿੱਬੀ ਲਾਉਣ ਵਾਲੇ ਵਿਧਾਇਕਾਂ ’ਚ ਕਾਮਤ, ਮਾਈਕਲ ਲੋਬੋ, ਡੀ ਲੋਬੋ, ਰਾਜੇਸ਼ ਫਲਦੇਸਾਈ, ਕੇਦਾਰ ਨਾਇਕ, ਸੰਕਲਪ ਅਮੋਨਕਰ, ਅਲੈਕਸੋ ਸਿਕੁਇਰਾ ਅਤੇ ਰੁਡੋਲਫ ਫਰਨਾਂਡੇਜ਼ ਸ਼ਾਮਲ ਹਨ।

ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਵਿਧਾਇਕ ਮੁੱਖ ਮੰਤਰੀ ਸਾਵੰਤ ਨਾਲ ਗੱਲਬਾਤ ਕਰਦੇ ਨਜ਼ਰ ਆਏ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਲੋਬੋ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਕਰਕੇ ਭਾਜਪਾ ’ਚ ਰਲੇਵੇਂ ਦਾ ਮਤਾ ਪਾਸ ਕੀਤਾ ਗਿਆ। ਜਦੋਂ ਮਤਾ ਪਾਸ ਹੋਇਆ ਤਾਂ ਕਾਂਗਰਸ ਦੇ ਤਿੰਨ ਵਿਧਾਇਕ ਯੂਰੀ ਅਲੇਮਾਓ, ਅਲਟੋਨ ਡੀਕੋਸਟਾ ਅਤੇ ਕਾਰਲੋਸ ਅਲਵਾਰੇਸ ਫਰੇਰਾ ਹਾਜ਼ਰ ਨਹੀਂ ਸਨ। ਕਾਮਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਜਨਵਰੀ ’ਚ ਮੰਦਿਰ ਦਾ ਦੌਰਾ ਕਰਕੇ ਪਾਰਟੀ ਅਤੇ ਲੋਕਾਂ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਉਹ ਮੁੜ ਮੰਦਿਰ ਗਏ ਅਤੇ ਰੱਬ ਤੋਂ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ। ‘ਰੱਬ ਨੇ ਮੈਨੂੰ ਕਿਹਾ ਕਿ ਜੋ ਕੁਝ ਵੀ ਤੁਹਾਡੇ ਲਈ ਵਧੀਆ ਹੈ, ਉਹੋ ਕੁਝ ਕੀਤਾ ਜਾਵੇ।’ ਇਸ ਮਗਰੋਂ ਉਨ੍ਹਾਂ ਭਾਜਪਾ ਨਾਲ ਰਲਣ ਦਾ ਫ਼ੈਸਲਾ ਲਿਆ। ਕਾਂਗਰਸ ਨੇ ਕਿਹਾ ਕਿ ਵਿਧਾਇਕਾਂ ਨੇ ਪਾਰਟੀ ਅਤੇ ਲੋਕਾਂ ਨੂੰ ਧੋਖਾ ਦਿੰਦਿਆਂ ਸ਼ਰਮਨਾਕ ਕਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੋਆ ’ਚ ਚੋਣਾਂ ਤੋਂ ਪਹਿਲਾਂ ਅਤੇ ਬਾਅਦ ’ਚ ਮੰਦਰ, ਚਰਚ ਅਤੇ ਦਰਗਾਹ ’ਚ ਵਿਧਾਇਕਾਂ ਨੇ ਸਹੁੰ ਚੁੱਕੀ ਸੀ।

ਮਾਈਕਲ ਲੋਬੋ ਨੇ ਕਿਹਾ ਕਿ ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਵੰਤ ਦੇ ਹੱਥ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਹੈ। ਕਾਂਗਰਸ ’ਚ ਅਜੇ ਵੀ ਡਟੇ ਹੋਏ ਯੂਰੀ ਅਲੇਮਾਓ ਨੇ ਕਿਹਾ ਕਿ ਪਾਰਟੀ, ਵਿਧਾਇਕਾਂ ’ਤੇ ਨਿਰਭਰ ਨਹੀਂ ਹੈ ਅਤੇ ਸਾਰੇ ਵਿਧਾਇਕਾਂ ਦੇ ਛੱਡ ਜਾਣ ਮਗਰੋਂ ਵੀ ਕਾਂਗਰਸ ਗੋਆ ’ਚ ਰਹੇਗੀ। ‘ਅਸੀਂ ਕੋਈ ਵਸਤੂ ਨਹੀਂ ਹਾਂ ਜਿਨ੍ਹਾਂ ਨੂੰ ਖ਼ਰੀਦਿਆ ਜਾ ਸਕਦਾ ਹੈ।’

Previous articleਝੋਨੇ ਦੇ ਨਾੜ ਨੂੰ ਬਿਨ੍ਹਾ ਅੱਗ ਲਾਏ ਸਹੀ ਪ੍ਰਬੰਧਨ ਕਰਨ ਲਈ ਕਿਸਾਨ ਵੀਰਾਂ ਨੂੰ ਕੀਤਾ ਜਾਗਰੂਕ:
Next articleਸੁਪਰੀਮ ਕੋਰਟ ਦੇ ਦੋ ਜੱਜਾਂ ਵੱਲੋੋਂ ਨਵੇਂ ਲਿਸਟਿੰਗ ਪ੍ਰਬੰਧ ’ਤੇ ਇਤਰਾਜ਼