(ਸਮਾਜ ਵੀਕਲੀ)
ਗੁਰੂ ਨਾਨਕ ਜੀ,ਤੂੰ ਕੌਡੇ ਰਾਖਸ਼ ਨੂੰ ਸੱਚ ਦਾ ਮਾਰਗ ਦਰਸਾਇਆ ਸੀ।
ਸੱਜਣ ਠੱਗ ਨੂੰ ਵੀ ਕਿਰਤ ਕਰਨਾ ਤੇ ਵੰਡ ਛਕਣਾ ਸਿਖਾਇਆ ਸੀ।
ਪਰ ਤੇਰੇ ਜਾਣ ਪਿੱਛੋਂ ਗੁਰੁ ਜੀ, ਬੜਾ ਕੁਝ ਬਦਲ ਗਿਆ ਹੈ ਇੱਥੇ।
ਹੱਕ ਦੀ ਖਾਣ ਵਾਲਿਆਂ ਨੂੰ ਮਾਲਕ ਭਾਗੋ ਝੁਕਾ ਰਿਹਾ ਆਪਣੇ ਅੱਗੇ।
ਮੁੜ ਫਿਰ ਰਾਜਿਆਂ ਦੀਆਂ ਜਨਮ ਦਾਤੀਆਂ ਦਾ ਅਪਮਾਨ ਹੋ ਰਿਹਾ।
ਉਨ੍ਹਾਂ ਦਾ ਅਪਮਾਨ ਰੋਕਣ ਲਈ ਇੱਥੇ ਕੋਈ ਨਹੀਂ ਦਿਸ ਰਿਹਾ।
ਇਕ ਦੂਜੇ ਨੂੰ ਦੱਸਣ ਲਈ ਨਾਮ ਤਾਂ ਬਥੇਰਾ ਜਪਿਆ ਜਾ ਰਿਹਾ।
ਪਰ ਨਿਮਰਤਾ,ਚੰਗਿਆਈ ਤੇ ਸਦਾਚਾਰ ਨੂੰ ਭੁਲਾਇਆ ਜਾ ਰਿਹਾ।
ਵੱਖ ਵੱਖ ਧਰਮਾਂ ਵਾਲੇ ਇਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ਨੇ।
ਉਹ ਇਕ ਦੂਜੇ ਦੇ ਧਰਮ ਗ੍ਰੰਥਾਂ ਨੂੰ ਟਿੱਚ ਸਮਝਣ ਲੱਗ ਪਏ ਨੇ।
ਜ਼ਾਲਮਾਂ,ਪਾਪੀਆਂ ਤੇ ਝੂਠਿਆਂ ਨੂੰ ਸਿਰ ਤੇ ਚੁੱਕਿਆ ਜਾ ਰਿਹਾ।
ਰਹਿਮ-ਦਿਲਾਂ,ਈਮਾਨਦਾਰਾਂ ਤੇ ਸੱਚਿਆਂ ਨੂੰ ਖੂੰਜੇ ਲਾਇਆ ਜਾ ਰਿਹਾ।
ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਹੋ ਗਏ ਬਹੁਤ ਪੁਰਾਣੇ।
ਗਰੀਬਾਂ ਨੂੰ ਲੁੱਟ ਕੇ ਧਨ, ਦੌਲਤ ਕੱਠੀ ਕਰਨੀ ਜ਼ੋਰਾਵਰ ਜਾਣੇ।
ਤੇਰੇ ਦਰਸਾਏ ਰਸਤੇ ਤੇ ਜੇ ਕਰ ਚੱਲਿਆ ਨਾ ਹੁਣ ਵੀ ਮਨੁੱਖ,
ਬਣੇਗੀ ਨਰਕ ਜ਼ਿੰਦਗੀ, ਨਾ ਕੋਈ ਉਸ ਨੂੰ ਮਿਲਣਾ ਸੁੱਖ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}