ਲੰਡਨ – (ਰਾਜਵੀਰ ਸਮਰਾ) ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਚਿਗਵੈਲ ਨੂੰ ਸਿਖਿੱਆ ਮਹਿਕਮੇ ਨੇ ਪਿਛਲੇ 12 ਮਹੀਨਿਆਂ ਵਿਚ ਤੀਜੀ ਵਾਰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ | ਖ਼ਬਰਾਂ ਅਨੁਸਾਰ 2012 ਵਿਚ ਵਿੱਦਿਅਕ ਮਿਆਰਾਂ ਅਤੇ ਪ੍ਰਬੰਧਕੀ ਮਾਮਲਿਆਂ ਵਿਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੂੰ ਉੱਚ ਮਿਆਰੀ ਗਿਣਿਆ ਜਾਂਦਾ ਸੀ ਪਰ ਪਿਛਲੇ ਸਾਲ ਅਪ੍ਰੈਲ ਵਿਚ ਹੋਈ ਜਾਂਚ ਤੋਂ ਬਾਅਦ ਕਾਲਜ ਨੂੰ ਮਿਆਰਾਂ ਤੋਂ ਹੇਠਾਂ ਦੱਸ ਕੇ ਸੁਧਾਰਾਂ ਦੀ ਚਿਤਾਵਨੀ ਦਿੱਤੀ ਗਈ ਸੀ | ਜਿਸ ਤੋਂ ਬਾਅਦ ਜੂਨ 2012 ਵਿਚ ਹੋਈ ਆਫਸਟੈਡ ਦੀ ਜਾਂਚ ਦੌਰਾਨ ਮਾਮੂਲੀ ਸੁਧਾਰਾਂ ਨੂੰ ਮਨਦਿਆਂ ਹੋਰ ਸੁਧਾਈ ਕਰਨ ਲਈ ਆਦੇਸ਼ ਦਿੱਤੇ ਗਏ ਸਨ | ਬੀਤੀ ਜਨਵਰੀ ਨੂੰ ਦੁਬਾਰਾ ਜਾਂਚ ਵਿਚ ਅਫਸਟੈੱਡ ਨੇ ਕਾਲਜ ਦੇ ਮਿਆਰਾਂ ਨੂੰ ਅਧੂਰੇ ਦੱਸਿਆ ਹੈ ਜੋ ਚਿੰਤਾਜਨਕ ਹਨ | ਇੰਸਪੈਕਟਰ ਟਰੇਸੀ ਫੀਲਡ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਆਦੇਸ਼ਾਂ ਮੁਤਾਬਿਕ ਪੂਰੇ ਕੰਮ ਨੇਪਰੇ ਨਹੀਂ ਚਾੜ੍ਹੇ ਗਏ ਜੋ ਸਿਹਤ ਅਤੇ ਸੁਰੱਖਿਆ ਦੇ ਮਾਮਲੇ ਵਿਚ ਬਹੁਤ ਜ਼ਰੂਰੀ ਹਨ | ਉਸ ਨੇ ਕਿਹਾ ਕਿ ਕਾਲਜ ਦੇ ਪ੍ਰਬੰਧਕ ਜ਼ਰੂਰੀ ਤਬਦੀਲੀਆਂ ਕਰਨ ਤੋਂ ਅਸਮਰਥ ਰਹੇ ਹਨ, ਜਦਕਿ ਕਾਲਜ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਕਾਲਜ ਦੇ ਵਿੱਦਿਆ ਦਾ ਮਿਆਰ ਵਧਿਆ ਹੈ ਪਰ ਨਵੇਂ ਕਾਨੂੰਨਾਂ ਅਨੁਸਾਰ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਬਦਲਾਅ ਵਿਚ ਦੇਰੀ ਆਈ ਹੈ |
UK ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਚਿਗਵੈਲ ਦੀ ਯੋਗਤਾ ‘ਤੇ ਵਿੱਦਿਆ ਮਹਿਕਮੇ ਨੇ...