ਨਵੀਂ ਦਿੱਲੀ, (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚੇ ਨੇ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਉਨ੍ਹਾਂ ਦੇ ‘ਪੰਜਾਬ ਮਿਸ਼ਨ’ ਵਾਲੇ ਬਿਆਨ ਦੇ ਆਧਾਰ ’ਤੇ ਮੋਰਚੇ ਵਿੱਚੋਂ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਹੈ। ਸ੍ਰੀ ਚੜੂਨੀ ਨੇ ‘ਪੰਜਾਬ ਮਿਸ਼ਨ’ ਤਹਿਤ ਸੁਝਾਅ ਦਿੱਤਾ ਸੀ ਕਿ ‘ਸਿਸਟਮ ਵਿੱਚ ਬਦਲਾਅ’ ਲਈ ਕਿਸਾਨ ਯੂਨੀਅਨਾਂ ਨੂੰ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਮੋਰਚੇ ਨੇ ਹਾਲਾਂਕਿ ਚੜੂਨੀ ਦੇ ਇਸ ਬਿਆਨ ਤੋਂ ਖੁ਼ਦ ਨੂੰ ਵੱਖ ਕਰਦਿਆਂ ਇਸ ਨੂੰ ਕਿਸਾਨ ਆਗੂ ਦੀ ਨਿੱਜੀ ਰਾਇ ਦੱਸਿਆ ਸੀ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਇੱਥੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਘੋਲ ਨੂੰ ਜਿੱਤਣ ਲਈ ਆਏ ਹਨ ਨਾ ਕਿ ਚੋਣਾਂ ਲੜਨ। ਉਨ੍ਹਾਂ ਕਿਹਾ ਕਿ ਚੜੂਨੀ ਪੰਜਾਬ ਦੇ ਕਿਸਾਨਾਂ ਨੂੰ ਚੋਣ ਮੈਦਾਨ ਵਿੱਚ ਨਿੱਤਰਨ ਲਈ ਉਕਸਾ ਰਹੇ ਸਨ ਤੇ ਬੀਤੇ ਦਿਨ ਕਿਸਾਨਾਂ ਦੀ ਬੈਠਕ ’ਚ ਉਕਤ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਰਚੇ ਨੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਚੜੂਨੀ ਸਿਆਸੀ ਬਿਆਨ ਦੇ ਰਹੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly