ਜੰਮੂ (ਸਮਾਜ ਵੀਕਲੀ) : ਜੰਮੂ ਕਸ਼ਮੀਰ ਦੀਆਂ ਸੱਤ ਮੁੱਖ ਪਾਰਟੀਆਂ, ਜੋ ਗੁਪਕਾਰ ਗੱਠਜੋੜ ਦਾ ਹਿੱਸਾ ਹਨ, ਨੇ ਐਲਾਨ ਕੀਤਾ ਹੈ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਆਉਂਦੀਆਂ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਰਲ ਕੇ ਲੜਨਗੇ। ਪੀਪਲਜ਼ ਐਲਾਇੰਸ ਫਾਰ ਗੁਪਕਾਰ ਡੈਕਲਾਰੇਸ਼ਨ ’ਚ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਵੀ ਸ਼ਾਮਲ ਹਨ ਅਤੇ ਇਹ ਗੱਠਜੋੜ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਬਣਾਇਆ ਗਿਆ ਹੈ।
ਜੰਮੂ ਕਸ਼ਮੀਰ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਪਰਿਸ਼ਦ ਅਤੇ ਪੰਚਾਂ-ਸਰਪੰਚਾਂ ਦੇ ਖਾਲੀ ਅਹੁਦਿਆਂ ’ਤੇ ਅੱਠ ਗੇੜਾਂ ’ਚ ਪਹਿਲੀ ਤੋਂ 24 ਦਸੰਬਰ ਤੱਕ ਵੋਟਾਂ ਪੈਣਗੀਆਂ। ਗੱਠਜੋੜ ਦੇ ਤਰਜਮਾਨ ਸੱਜਾਦ ਗ਼ਨੀ ਲੋਨ ਨੇ ਕਿਹਾ ਕਿ ਚੋਣਾਂ ਦਾ ਐਲਾਨ ਭਾਵੇਂ ਅਚਾਨਕ ਕੀਤਾ ਗਿਆ ਹੈ ਪਰ ਉਹ ਰਲ ਕੇ ਲੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਗੱਠਜੋੜ ਦੇ ਚੇਅਰਪਰਸਨ ਫਾਰੂਕ ਅਬਦੁੱਲਾ ਉਮੀਦਵਾਰਾਂ ਦੇ ਨਾਮ ਜਾਰੀ ਕਰਨਗੇ।