(ਸਮਾਜ ਵੀਕਲੀ)
ਸੁਣ ਦੀਵੇ ਦੀਏ ਲੋਅ ਏ ਤੇਰੀ ਰੋਸ਼ਨੀ ਚ ਦਰਦ ਪਰੋਏ ਜਾਣਗੇ
ਦੁੱਖ ਆਸ਼ਕਾਂ ਦੇ ਦਿਲਾਂ ਵਾਲੇ ਆਸ਼ਕਾਂ ਦੇ ਦਿਲਾਂ ਵਾਲੇ ਰੋਏ ਜਾਣਗੇ
ਸੁਣ ਦੀਵੇ ਦੀਏ ਲੋਏ…………………………..
ਕੋਈ ਬਣ ਕੇ ਦਿਵਾਨਾ ਤੈਨੂੰ ਸੁਣਾਏਗਾ ਕਹਾਣੀ
ਸੁਣਾਉਣੀ ਤੈਨੂੰ ਹੱਡ ਬੀਤੀ ਭਰ ਅੱਖੀਆਂ ਚ ਪਾਣੀ
ਤੇਰੀ ਰੌਸ਼ਨੀ ਜਹੀ ਸੀ ਮੇਰੀ ਪਰੀਆਂ ਦੀ ਰਾਣੀ
ਮੈਂ ਵੀ ਗੱਭਰੂ ਸ਼ੌਕੀਨ ਆਈ ਉਹਤੇ ਸੀ ਜਵਾਨੀ
ਮੈਂ ਵੀ ਹੋ ਗਿਆ ਦਿਵਾਨਾ ਉਹ ਵੀ ਹੋ ਗਈ ਦੀਵਾਨੀ
ਅਸੀਂ ਰੂਹਾਂ ਨਾਲ ਵਟਾਏ ਲਏ ਛੱਲੇ ਮੁੰਦੀਆਂ ਨਿਸ਼ਾਨੀ
ਹੋਇਆ ਜੱਗ ਤੋਂ ਨਾ ਵੇਖ ਸਾਡਾ ਦੋਹਾਂ ਦਾ ਮਿਲਾਪ
ਢੁੱਕੀ ਸਿਆਲਾਂ ਬੂਹੇ ਆ ਕੇ ਜਦੋਂ ਕੈਦੋ ਦੀ ਬਰਾਤ
ਇੰਝ ਰਾਂਝਿਆਂ ਤੋਂ ਜਦੋਂ ਤੱਕ ਨੀ ਹੱਕ ਖੋਹੇ ਜਾਣਗੇ
ਸੁਣ ਦੀਵੇ ਦੀਏ ਲੋਅ ਏ………………………
ਕੋਈ ਕਹਿਕੇ ਵੇ ਵਫਾ ਦੁੱਖ ਫਰੋਲੇਗਾ ਸਾਰੇ
ਤੋੜੇ ਜਿਹਨਾਂ ਦੀ ਖਾਤਰ ਅਸੀਂ ਅੰਬਰਾਂ ਤੋਂ ਤਾਰੇ
ਮੂੰਹੋਂ ਬਣ ਮੀਆਂ ਮਿੱਠੂ ਵਾਰ ਪਿੱਠ ਉੱਤੇ ਮਾਰੇ
ਸਾਡੇ ਲੁੱਟ ਸਾਰੇ ਹਾਸੇ ਨੀ ਗਮ ਦੇ ਗਿਆ ਉਹ ਭਾਰੇ
ਆਸ ਮੁੱਕ ਚੱਲੀ ਸਾਡੀ ਜੀਏ ਕਿਸਦੇ ਸਹਾਰੇ
ਟੁੱਟੇ ਦਿਲ ਤੂੰ ਹੀ ਦੱਸ ਨੀ ਕਦੋਂ ਜੁੜਦੇ ਦੁਬਾਰੇ
ਲੱਗੇ ਮਰਜ ਅਨੋਖੇ ਮਿਲੇ ਕਿਧਰੋਂ ਨਾ ਦਾਰੂ
ਇਹਨਾਂ ਅੱਖਾਂ ਨੇ ਡਬੋਏ ਨੀ ਪੰਜ ਪੱਤਣਾ ਦੇ ਤਾਰੂ
ਆ ਕੇ ਅੱਧ ਵਿਚਕਾਰ ਜਿਹੜੇ ਨੀ ਡਬੋਏ ਜਾਣਗੇ
ਨੀ ਸੁਣ ਦੀਵੇ ਦੀਏ ਲੋਅ ਏ………………..
ਤੂੰ ਤਾਂ ਦਰਦਾਂ ਦਾ ਸਾਥੀ ਤੈਨੂੰ ਹੋਣਗੇ ਸਲਾਮ
ਤੂੰ ਹੀ ਰਾਹ ਰੌਸ਼ਨਾਇਆ ਜਦੋਂ ਪੈ ਜਾਂਦੀ ਸ਼ਾਮ
ਸਿਨੇ ਉੱਠ ਦੇ ਦਰਦ ਲੈ ਕੇ ਜਦੋਂ ਉਹਦਾ ਨਾਮ
ਕੇਰ ਅੱਥਰੂ ਅੱਖਾਂ ਵਿੱਚੋਂ ਪੀ ਕੇ ਦਰਦਾਂ ਦਾ ਜਾਮ
ਫੜ ਹੱਥਾਂ ਚ ਕਲਮ ਲਿਖੇ ਜਾਣੇ ਨੇ ਕਲਾਮ
ਭਟਕੇ ਰਾਂਹਾਂ ਤੋਂ ਭਟੋਏ ਨੀ ਤੂੰ ਦੇਣੇ ਨੇ ਪੈਗਾਮ
ਬੈਠ ਤਨਹਾਈ ਵਿੱਚ ਕੋਈ ਲਿਖਦਾ ਐ ਗੀਤ
ਜਿਉਂਦਾ ਵਸਦਾ ਰਹੇ ਤੂੰ ਵੰਡੇ ਨੂਰ ਨਵਦੀਪ
ਤੇਰੇ ਕੋਲ ਦਾਗ ਹਿਜਰਾਂ ਦੇ ਨੀ ਧੋਏ ਜਾਣਗੇ
ਨੀ ਸੁਣ ਦੀਵੇ ਦੀਏ ਲੋਅ ਏ…………
ਜਿੰਦਗੀ ਦੇ ਦਰਦ ਚੋ
ਸਰਬਜੀਤ ਸਿੰਘ ਭਟੋਏ
ਚੱਠਾ ਸੇਖਵਾਂ (ਸੰਗਰੂਰ)
9257023345