ਗੀਤ-ਗ਼ਜ਼ਲਾਂ ਅਤੇ ਕਲਮ ਦਾ ਸਿਰਨਾਵਾਂ ‘ਬਾਲੀ ਰੇਤਗੜ੍ਹ’

(ਸਮਾਜ ਵੀਕਲੀ)

ਫੇਸਬੁੱਕ ’ਤੇ ਹਰ ਦਿਨ ਨਿੱਤ ਨਵੀਂ ਪੋਸਟ ਸਮਾਜਿਕ ਸਾਰੋਕਾਰਾਂ ਨਾਲ਼ ਸਬੰਧਤ ਜਦੋਂ ਮੈਂ ਬਾਲੀ ਦੀ ਪੜ੍ਹਦਾ ਤਾਂ ਇਸ ਸਖ਼ਸ਼ ਨਾਲ਼ ਰਾਬਤਾ ਕਾਇਮ ਕਰਨ ਦੀ ਦਿਲ ਵਿੱਚ ਤਾਂਘ ਜਿਹੀ ਉੱਠੀ। ਸਪੰਰਕ ਹੋਇਆ ਅਤੇ ਮਿਲਣ ਲਈ ਸੰਗਰੂਰ ਵਿਖੇ ਇਕ ਸਮਾਗਮ ਵਿੱਚ ਸਮਾਂ ਤਹਿ ਹੋ ਗਿਆ। ਆਪਣੀਆਂ ਦੋ ਕਾਵਿ-ਸੰਗ੍ਰਿਹ “ਦਰਦ ਵਿਛੋੜੇ ਦਾ ਹਾਲ” ਤੇ ਮਿੱਟੀ ਦੀ ਆਵਾਜ਼” ਉਸ ਨੇ ਗੁਰੂ ਫ਼ਤਹਿ ਬੁਲਾਉਂਦੇ ਹੋਏੇ ਮੋਹ ਦੀ ਨਿੱਘੀ ਮਿਲਣੀ ਨਾਲ਼ ਅਪਣੱਤ ਨਾਲ਼ ਅਦਬ ਦਾ ਨਜ਼ਰਾਨਾ ਮੇਰੇ ਸਪੁਰਦ ਕਰ ਦਿੱਤਾ।

ਚਾਹ ਦੀਆਂ ਚੁਸਕੀਆਂ ਲੈਂਦੇ ਸਾਹਤਿਕ ਗੀਤਾਂ ਦੇ ਰਚੇਤਾ ਨਾਲ਼ ਹੋਈ ਮੁਲਾਕਾਤ ਦੇ ਸੰਖੇਪ ਜਿਹਾ ਰੂਪ ਆਪ ਜੀ ਦੀ ਨਜ਼ਰ ਕਰਦਾ ਹਾਂ।

ਬਲਜਿੰਦਰ ਸਿੰਘ ਜੀ ਤੁਹਾਡੇ ਜਨਮ, ਸਥਾਨ ਬਾਰੇ ਕੁੱਝ ਜਾਨਣਾ ਚਾਹੁੰਦਾਂ ਹਾਂ:–
ਜਵਾਬ–ਵੱਡੇ ਵੀਰ ਮੇਰਾ ਜਨਮ ਸੁਨਹਿਰੀ ਰੇਤ ਦੇ ਤੱਪਦੇ ਕੱਕੇ ਰੇਤ ਦੇ ਟਿੱਬਿਆਂ ਦੇ ਪਿੰਡ “ਰੇਤਗੜ੍ਹ” ਤਹਿਸੀਲ ਭਵਾਨੀਗੜ੍ਹ ਅਤੇ ਜ਼ਿਲ੍ਹਾ ਸੰਗਰੂਰ ਦੀ ਧਰਤੀ ’ਤੇ 06 ਮਈ 1968 ‘ਚ ਮਾਤਾ ਹਰਬੰਸ ਕੌਰ ਤੇ ਪਿਤਾ ਸਰਦਾਰ ਜੰਗੀਰ ਸਿੰਘ ਦੇ ਗ੍ਰਹਿ ਵਿਖੇ ਰਾਮਗੜ੍ਹੀਆ ਪਰਿਵਾਰ ਵਿੱਚ ਹੋਇਆ। ਅਸੀ ਦੋ ਭਰਾ ਤੇ ਦੋ ਭੈਣਾਂ ਇਸ ਪਰਿਵਾਰ ਦੀ ਮੁਸਕਰਾਹਟ ਬਣੇ। ਇਹ ਪਿੰਡ ਪਟਿਆਲਾ ਰਿਆਸਤ ਦੇ ਵਜ਼ੀਰ ਸਾਹਿਬ ਦਾ ਵਸਾਇਆ ਪਿੰਡ ਹੋਣ ਕਰਕੇ ਸਰਦਾਰਾਂ ਵਾਲੀ ਰੇਤਗੜ੍ਹ ਵੀ ਪੁਰਾਣੇ ਬਜ਼ੁਰਗ਼ ਆਖ ਦਿੰਦੇ ਨੇ। ਕਿਸੇ ਸਮੇਂ ਮੇਰੇ ਪਿੰਡ ਕਚਿਹਰੀ ਲੱਗਦੀ ਸੀ। ਫੈਸਲ਼ੇ ਸੁਣਾਏ ਜਾਂਦੇ ਸਨ। ਇਸ ਪਿੰਡ ਦੇ ਲੋਕਾਂ ਨੇ ਜਗੀਰਦਾਰੀ ਪ੍ਰਬੰਧ ਦੇ ਬੜੇ ਤਾਨਾਸ਼ਾਹੀ ਜੁਲਮ ਆਪਣੇ ਪਿੰਡੇ ’ਤੇ ਹੰਡਾਏ । ਮੇਰੇ ਬਜ਼ੁਰਗ ਵੀ ਮੁਜ਼ਾਰਿਆ ਦੀ ਜਥੇਬੰਦੀ ਦੇ ਸਿਰ ਕੱਢ ਘੁਲਾਟੀਏ ਰਹੇ ਹਨ। ਕੈਦਾਂ ਕੱਟੀਆਂ ਹਨ।

ਪੜ੍ਹੋ ਇਹ ਵੀ ਖਬਰ – ਚਾਵਾਂ ਨਾਲ ਸਜਾਇਆ ਘਰ ਪੱਲਾਂ ’ਚ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ

ਆਪਣੀ ਅਕਦਾਮਿਕ ਸਿੱਖਿਆ ਬਾਰੇ ਕੁੱਝ ਦੱਸੋਂਗੇ:–
ਜੀ, ਪ੍ਰਾਇਮਰੀ ਸਰਕਾਰੀ ਪ੍ਰਇਮਰੀ ਸਕੂਲ ਰੇਤਗੜ੍ਹ ਤੋਂ ਤੇ 10ਵੀਂ ਸਰਕਾਰੀ ਹਾਈ ਸਕੂਲ ਕਪਿਆਲ ਤੋਂ ਆਰਟਸ ਵਿੱਚ ਗ੍ਰੈਜੂਏਸ਼ਨ ਗੁਰੂ ਤੇਗ਼ ਬਹਾਦਰ ਕਾਲਜ ਭਵਾਨੀਗੜ੍ਹ ਤੇ ਐੱਮ.ਏ. ਪੋਲੀਟੀਕਲ ਸਾਇੰਸ ਪੱਤਰ ਵਿਹਾਰ ਵਿਭਾਗ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਅਤੇ ਗਿਆਨੀ ਵੀ ਕੀਤੀ।

ਤੁਹਾਡੇ ਵਿਵਾਹਿਕ ਜੀਵਨ ਤੇ ਬੱਚਿਆਂ ਪ੍ਰਤੀ ਕੁੱਝ ਦੱਸੋਗੇਂ:–
ਜੀ, ਮੇਰੀ ਸ਼ਾਦੀ 28 ਫਰਵਰੀ 1993 ਨੂੰ ਹਰਪ੍ਰੀਤ ਕੌਰ ਨਾਲ਼ ਹੋਈ। ਦੋ ਬੱਚੇ ਬੇਟੀ ਮਨਦੀਪ ਕੌਰ ਜਨਮ 1993 ਤੇ ਬੇਟਾ ਹਰਿੰਦਰ ਸਿੰਘ ਜਨਮ 1996 ਨੂੰ ਹੋਇਆ। ਬੇਟੀ ਸਾਇਕੋਲੋਜੀਕਲ ਵਿੱਚ ਮਾਸਟਰ ਡਿਗਰੀ ਤੇ ਡਿਪਲੋਮਾ ਹੈ। ਬੇਟਾ ਆਰਟਸ ਵਿੱਚ ਗ੍ਰਜ਼ੈਏਸ਼ਨ ਤੇ ਪੀ.ਜੀ.ਡੀ.ਸੀ ਡਿਪਲੋਮਾ ਹੈ। ਬੇਟੀ ਦੀ ਸ਼ਾਦੀ ਹੋ ਗਈ, ਉਹ ਆਪਣੇ ਪਤੀ ਸ੍ਰ: ਜਗਦੀਸ਼ ਸਿੰਘ ਨਾਲ਼ ਨਿਊਜ਼ੀਲੈਂਡ ਵਿਖੇ ਹੈ, ਬੇਟੇ ਦੀ ਗੱਲ ਅਜੇ ਚੱਲ ਰਹੀ ਹੈ। ਜਲਦੀ ਮੂੰਹ ਮਿੱਠਾ ਕਰਵਾਵਾਂਗੇ।

ਤੁਹਾਡੇ ਜੀਵਨ ਸਾਥੀ ਦਾ ਕਲਮ ਅਤੇ ਜ਼ਿੰਦਗ਼ੀ ਵਿੱਚ ਸਹਿਯੋਗ ਬਾਰੇ ਕੁੱਝ ਚਾਨਣਾ;–
ਇਸ ਪੱਖੋ ਜ਼ਿੰਦਗ਼ੀ ਦੇ ਤੇਰ੍ਹਾਂ ਸਾਲ ਬਹੁਤ ਵਧੀਆ ਬਤੀਤ ਹੋਏ ਪਰ ਜ਼ਿੰਦਗ਼ੀ ਦੇ ਸਫ਼ਰ ‘ਚ ਮੈਨੂੰ ਬਹੁਤ ਵੱਡਾ ਝਟਕਾ ਲੱਗਿਐ। ਅਚਾਨਕ 2010 ‘ਚ ਡਬੱਈ ਤੋਂ ਵਾਪਿਸ ਪਰਤਦਿਆਂ ਉਨ੍ਹਾਂ ਮੇਰੇ ਨਾਲ ਰਿਸ਼ਤਾ ਤੋੜ ਲਿਆ ਅੰਤ 2013 ਵਿੱਚ ਕੋਰਟ ਰਾਹੀਂ ਤਲਾਕ ਹੋ ਕੇ ਸਭ ਕੁਝ ਬਿਖ਼ਰ ਗਿਆ। ਹੁਣ ਪਰਿਵਾਰ ਵਿੱਚ ਮਾਤਾ-ਪਿਤਾ ਅਤੇ ਬੇਟਾ ਹੀ ਹਾਂ।

ਤੁਸੀਂ ਵਿਦੇਸ਼ ਵੀ ਗਏ ਹੋਂ? ਕਿੰਨ੍ਹਾਂ ਸਮਾਂ ਅਤੇ ਕਿਸ ਥਾਂ? ਕੀ ਕੰਮ ਕਰਦੇ ਸੀ ਉੱਥੇ :–
ਰਮੇਸ਼ਵਰ ਸਿੰਘ ਜੀ ਮੈਂ 1993 ਤੋਂ 99 ਤੱਕ ਇਕ ਪ੍ਰਾਈਵੇਟ ਫੈਕਟਰੀ ‘ਚ ਸਟੋਰਕੀਪਰ ਤੇ ਪਰਚੇਜ਼ ਮੈਨ ਦੇ ਤੌਰ ’ਤੇ ਕੰਮ ਕੀਤਾ। ਫੈਕਟਰੀ ਬੰਦ ਹੋ ਗਈ। ਫਿਰ ਆਪਣੇ ਪਿਤਾ ਪੁਰਖ਼ੀ ਕਿੱਤਾ ਰਾਜਗਿਰੀ ਦਾ ਇਕ ਰਾਜ ਮਿਸਤਰੀ ਦੇ ਤੌਰ ’ਤੇ ਕੰਮ ਕੀਤਾ। ਸਤੰਬਰ 2005 ਵਿੱਚ ਡੁਬੱਈ ਚਲਾ ਗਿਆ, ਜਿੱਥੇ ਅੱਜਕੱਲ “ਦੀ ਬੁਰਜ਼ ਖਲੀਫ਼ਾ” ਹੈ। ਇਸੇ ਟਾਵਰ ਦਾ ਹਿੱਸਾ ਦੁਨੀਆਂ ਦੀ ਸਭ ਤੋ ਵੱਡੀ ਮਾਲ਼ ” ਦੀ ਡਬੱਈ ਮਾਲ਼” ਵਿਖੇ ਤਿੰਨ ਸਾਲ ਮੈਸਨ ਚਾਰਜਹੈਡ ਦੀ ਪੋਸਟ ਤੇ ਉਸੋਂ ਬਾਅਦ ਦੋ ਸਾਲ 2008 ਤੋਂ 2010 ਤੱਕ ਸ਼ਾਰਜ਼ਾਹ ਵਿਖੇ ਇਕ ਕੰਪਨੀ ‘ਚ ਸਿਵਲ ਫੋਰਮੈਨ ਦੀ ਜੌਬ ਟਾਵਰ ’ਤੇ ਕੀਤੀ। ਪਰਿਵਾਰ ਵਿੱਚ ਉਥਲ਼-ਪੁੱਥਲ ਹੋਈ ਤੇ ਉਸ ਤੋਂ ਬਾਅਦ ਆਪਣੇ ਸ਼ਹਿਰ ਭਵਾਨੀਗੜ੍ਹ ਵਿਖੇ ਉਸਾਰੀ ਠੇਕੇਦਾਰ ਵਜੋਂ ਵੀ ਆਪਣੀ ਛਾਪ ਛੱਡ ਰਿਹਾ ਹਾਂ।

ਕਲਮ ਦੀਆਂ ਸ਼ਰੂਆਤੀ ਪੁਲਾਂਘਾਂ ਅਤੇ ਇਸ ਦੇ ਸਫ਼ਰ ਬਾਰੇ ਜਾਣਕਾਰੀ :–
ਜੀ, ਮੈਨੂੰ ਯਾਦ ਹੈ ਇਕ ਗੀਤ ਮੈਂ 7ਵੀ-8ਵੀ ‘ਚ ਪੜ੍ਹਦਿਆਂ ਪਿਤਾ ਜੀ ਵਲੋਂ ਲੈਣ-ਦੇਣ ਵਾਲੇ ਵਹੀ ਖਾਤੇ ’ਤੇ ਲਿੱਖ ਦਿੱਤਾ ਸੀ। ਪਰ 1984 ਤੋਂ ਕਾਲਜ ਵਿੱਚ ਪੈਰ ਪਾਉਂਦਿਆਂ ਮੇਰੀ ਕਲਮ ਚਾਨਣ ਦੀ ਰਿਸ਼ਮ ਬਣਕੇ ਕਦੇ ਨਿੱਘੀ ਧੁੱਪ ਮੇਰੇ ਹਿਰਦੇ ਵਿੱਚ ਗੀਤਾਂ ਦੀਆਂ ਸੁਰਖ਼ ਕਲੀਆਂ ਮਹਿਕਾਉਂਦੀ ਰਹੀ। ਕਲਮ ਮੇਰੀ ਧੜਕਣ ਬਣੀ, ਮੇਰਾ ਪਰਛਾਂਵਾਂ ਬਣੀ ਤੇ ਹੁਣ ਮੇਰਾ ਸਿਰਨਾਵਾਂ ਬਣੀ। ਇਸ ਦੀ ਵਫ਼ਾ ਨੇ ਮੇਰੇ ਸਾਹਾਂ ਨੂੰ ਚੱਲਦੇ ਰੱਖਿਆ, ਜਦੋਂ ਮੈਂ ਹਰ ਪਾਸਿਓ ਝੱਖੜਾਂ ਨਾਲ਼ ਜੂਝਦਾ ਉੱਖੜ ਜਾਣ ਲੱਗਿਆ। ਕਲਮ ਦੀ ਦੋਸਤੀ ਤੋਂ ਉਪਰ ਸਿਰਫ਼ ਰੱਬ ਦੀ ਰਹਿਮਤ ਹੈ, ਹੋਰ ਕੋਈ ਨਹੀਂ।

ਤੁਸੀਂ ਇਨਸਾਨਾਂ ਲਈ ਆਲ਼੍ਹਣਿਆਂ ਨੂੰ ਸਿਰਜਦੇ ਹੋਂ..ਦਿਨ ਭਰ ਦੀ ਮੁਸ਼ੱਕਤ ..ਮੁੜ੍ਹਕੇ ਦੀ ਗੰਧ ਤੇ ਕਵਿਤਾਵਾਂ ‘ਚ ਜੀਵਨ ਦੇ ਯਥਾਰਥ ਦੀ ਮਹਿਕ…ਬੜਾ ਮੁਸ਼ਕਲ ਤੇ ਸਘੰਰਸ਼ੀ ਜੀਵਨ ਹੈ ਤੁਹਾਡਾ। ਇਸ ਸਮੇਂ ‘ਚ ਘਰ ਵੀ ਸੰਭਾਲ਼ਦੇ ਹੋਂ..ਖਾਣਾ ਵੀ ਆਪ ਬਣਾ ਰਹੇ ਹੋਂ..ਕੁੱਝ

ਜ਼ਿੰਦਗ਼ੀ ਦੇ ਕਸ ਨੂੰ ਰਸ ‘ਚ ਬਿਆਨ ਕਰੋਂਗੇ, ਆਪਣੇ ਪਾਠਕਾਂ ਲਈ:–
ਵੀਰ ਜੀ ,ਜ਼ਿੰਦਗ਼ੀ ਕੁਦਰਤ ਦੀ ਬਖਸ਼ਿਸ਼ ਹੈ। ਜੋ ਵੀ ਤੁਹਾਡੇ ਨਾਲ਼ ਹੋ ਰਿਹਾ ਉਸ ਦਾਤੇ ਦੀ ਰਜ਼ਾ ਹੈ। ਕੁਦਰਤ ਨੇ ਹਰ ਜੀਵ ਨੂੰ ਕਲਾ-ਹੁਨਰ ਨਾਲ਼ ਨਿਵਾਜ਼ਿਆ ਹੈ। ਜ਼ਿੰਦਗ਼ੀ ਅਨਮੋਲ ਰਤਨ ਹੈ। ਇਕ ਕਵਿਤਾ ਜਿਹੀ, ਇਕ ਨਜ਼ਮ ਜਿਹੀ, ਇਕ ਗ਼ਜ਼ਲ ਕਦੇ ਇਕ ਗੀਤ ਜਿਹੀ। ਇਸ ਨੂੰ ਗਾਉਂਦੇ ਚਲੋ..ਕਿਸੇ ਨਾ ਕਿਸੇ ਰਾਹ ’ਤੇ ਖੁਸ਼ੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਨਸ਼ਿਆਂ ਵਿੱਚ ਨਾ ਡੁੱਬੋ..ਉਸ ਮਾਲਿਕ ਦੀ ਰਜ਼ਾ ਨੂੰ ਪ੍ਰਵਾਨ ਕਰੋ ਤੇ ਸਫ਼ਰ ਜਾਰੀ ਰੱਖੋ..ਮੰਜ਼ਿਲ ਸਾਡੇ ਲਈ ਇੱਕ ਛੱਪੜ ਹੈ..ਅਸੀਂ ਛੱਪੜ ਨਹੀਂ ਬਣਨਾ..ਨਦੀ ਬਣ ਕੇ ਦਰਿਆ ਬਣਕੇ ਥਲਾਂ ‘ਚ ਹਵਾਵਾਂ ’ਚ ਰਚ-ਮਿਚ ਜਾਣੈ।

ਤੁਹਾਡੇ ਗੀਤਾਂ ਦੇ ਵਿਸ਼ਿਆਂ ਬਾਰੇ ਕੁੱਝ ਪਾਠਕਾਂ ਨਾਲ਼ ਸਾਂਝ:-
ਵੱਡੇ ਵੀਰ..ਸਾਡਾ ਸਮਾਜ..ਸਾਡਾ ਨਿੱਤ ਪ੍ਰਤੀ ਦਾ ਜੀਵਨ, ਜੀਵਨ ਜਿਊਣ ਲਈ ਸਘੰਰਸ਼, ਮੋੜ-ਮੋੜ ’ਤੇ ਘਟਨਾਵਾਂ, ਜ਼ਿੰਦਗ਼ੀ ਦੀ ਗੁਰਬਤ, ਔਰਤਾਂ ਦੀ ਦਸ਼ਾ, ਧੀਆਂ-ਭੈਣਾਂ ਪ੍ਰਤੀ ਸਾਡੇ ਸਮਾਜ ਦਾ ਦ੍ਰਿਸ਼ਟੀਕੋਣ, ਆਰਥਿਕ ਮੰਦਹਾਲ਼ੀ, ਕਿਰਤ ਦਾ ਸ਼ੋਸ਼ਣ, ਜਿਸਮਾਂ ਦਾ ਸ਼ੋਸ਼ਣ, ਗੰਦੀ ਸਿਆਸਤ ਦਾ ਲੋਕਾਂ ਪ੍ਰਤੀ ਰਵੱਈਆ, ਪ੍ਰਸ਼ਾਸਨ ਦੀ ਤਾਨਾਸ਼ਾਹੀ…ਬਹੁਤ ਅਹਿਮ ਵਿਸ਼ੇ ਨੇ….ਲਿਖੀ ਜਾਵਾਂ ਕਦੇ ਨਹੀਂ ਮੁੱਕਣੇ.
..

       ਤੁਹਾਡੀ  ਕਲਮ  ਦਾ ਪਾਠਕਾਂ ਜਾਂ ਸਰੋਤਿਆਂ ਨਾਲ਼ ਰਾਬਤਾ.. ਕੋਈ ਰਿਕਾਰਡਿੰਗ ਜਾਂ ਮੀਡੀਆ ਤੱਕ ਪਹੁੰਚ ਬਾਰੇ:–

ਜੀ, ਸਾਹਿਤ ਦਾ ਖੇਤਰ ਬਹੁਤ ਵਿਸ਼ਾਲ਼ ਹੈ। ਮੈਂ ਤਾਂ ਧੂੜ ਦਾ ਇਕ ਨਾ-ਮਾਤਰ ਕਣ ਹਾਂ ਵੀਰ। ਦੁਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਕਵੀ ਦਰਬਾਰ ਵਿੱਚ ਹਿੱਸਾ ਲੈ ਚੁੱਕਿਆ ਹਾਂ ਜੀ, ਯੂ ਕੇ ਸਿੱਖ ਚੈਨਲ ਦੀ ਪ੍ਰੋਗਰਾਮ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਵਿਸ਼ੇਸ਼ ਕਵੀ ਦਰਬਾਰ ‘ਚ ਗੀਤ ਨਾਲ਼ ਸਿੱਜਦਾ ਕਰ ਚੁੱਕਾਂ ਹਾਂ।

ਗੀਤ ਰਿਕਾਰਡਿੰਗ ਲਈ, ਜੋ ਵਪਾਰਿਕ ਭੜਕਾਊ, ਅਸ਼ਲ਼ੀਲ ਅਤੇ ਅਸੱਭਿਅਕ ਗੀਤਾਂ ਦੀ ਮੰਗ ਗਾਇਕਾਂ ਵਲੋਂ ਕੀਤੀ ਜਾਂਦੀ ਹੈ। ਉਸ ਰਸਤੇ ਮੈਂ ਜਾਣਾ ਨਹੀਂ। ਸਾਹਿਤਕ ਗੀਤਾਂ ਦੀ ਰਿਕਾਰਡਿੰਗ ਕਰਕੇ ਕੰਪਨੀਆਂ ਨੂੰ ਗਵਾਰਾ ਨਹੀਂ। ਗੀਤਕਾਰ ਤੋਂ ਹੀ ਪੈਸਿਆਂ ਦੀ ਖਰਚੇ ਦੀ ਮੰਗ ਕੀਤੀ ਜਾਂਦੀ ਹੈ। ਮੈਂ ਇਸ ਰੁਝਾਨ ਦੇ ਸਖ਼ਤ ਖਿਲਾਫ਼ ਹਾਂ। ਘਟੀਆ ਗੀਤ ਸਿਰਜਣੇ  ਜ਼ਮੀਰ ਦੇ ਵੇਚਣ ਜਿਹਾ ਹੈ, ਚਿੱਕੜ੍ਹ ਵਿੱਚ ਛਾਲ਼.ਮਾਰਨ ਜਿਹਾ ਹੈ । ਇਹ ਰੂਹ ਦੀ ਖੁਰਾਕ ਨਹੀਂ। ਮੈਗਜ਼ੀਨਾਂ ਵਿੱਚ, ਅਖ਼ਵਾਰਾਂ ਵਿੱਚ ਅਨੇਕਾਂ ਵਾਰ ਛਪਿਆ ਹਾਂ, ਛਪ ਰਿਹਾਂ ਤੇ ਪਾਠਕਾਂ ਦੇ ਫੋਨ ਮੇਰਾ ਉਤਸ਼ਾਹ ਹਨ, ਬਹੁਤ ਪਿਆਰ ਮਿਲਦੈ।

ਦੋ ਕਾਵਿ-ਸੰਗ਼੍ਰਿਹ ਲੋਕ ਅਰਪਣ ਕਰ ਚੁੱਕੇ ਹੋਂ ਅੱਗੇ ਦਾ ਸਫ਼ਰ:–
ਜੀ..ਇਸ ਦੇ ਨਾਲ਼ ਦਸ ਦੇ ਕਰੀਬ ਸਾਂਝਟ ਕਾਵਿ ਸੰਗ੍ਰਿਹਾਂ ਦਾ ਹਿੱਸਾ ਬਣ ਚੁੱਕਿਆ ਹਾਂ ਜੀ, ਖੁੱਲ੍ਹੀ ਕਵਿਤਾ, ਗ਼ਜ਼ਲਾਂ ਤੇ ਸਾਹਿਤਕ ਗੀਤਾਂ ਦੇ ਖਰੜ੍ਹੇ ਤਿਆਰ ਪਏ ਹਨ। ਵਾਰਤਿਕ ਦੀ ਇਕ ਕਿਤਾਬ ਦਾ ਖਰੜਾ ਤਿਆਰ ਹੈ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ – 9914880392

Previous articleਮੈਂ ਤਾਂ ਇੱਕ ਕਿਸਾਨ ਆਂ
Next articleਬਿਨ੍ਹਾਂ ਭਰੋਸੇ ਵਿੱਚ ਲਏ ਗੈਰ ਸੰਵਿਧਾਨਿਕ ਤੌਰ ਤੇ ਭੰਗ ਕਰਨ ਅਤੇ ਉਸ ਦੀ ਥਾਂ ਤੇ ਨਵੇਂ ਪ੍ਰਧਾਨ ਤੇ ਜਨਰਲ ਸਕੱਤਰ ਦੀ ਨਿਯੁਕਤੀ ਦਾ ਸਖਤ ਨੋਟਿਸ ਲਿਆ