ਅੱਜ ਦੇ ਦਿਨ ਸਦਾ ਲਈ ਖਾਮੋਸ਼ ਹੋ ਗਈ ਸੀ ਉਸਤਾਦ ਨਛੱਤਰ ਛੱਤੇ ਦੀ ਬੁਲੰਦ ਆਵਾਜ਼
ਦਿਲਾਂ ਨੂੰ ਟੁੰਬਣ ਵਾਲੀ ਅਮਰ ਆਵਾਜ਼ ਨੂੰ ਸਜਦਾ – ਰਾਜੂ ਹਿੰਮਤਪੁਰੀਆ
ਹੁਸ਼ਿਆਰਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ) – ਸ਼ਾਇਰ ਅਜੈਬ ਸਿੰਘ ਰਾਜੂ ਹਿੰਮਤਪੁਰੀਆ ਦੀ ਕਲਮ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿੰਡ ਆਦਮਪੁਰਾ ਜਿਲ੍ਹਾ ਬਠਿੰਡਾ ਵਿਖੇ ਮਾਤਾ ਅਮਰ ਕੌਰ ਦੀ ਕੁੱਖੋਂ ਪਿਤਾ ਸੋਦਾਗਰ ਸਿੰਘ ਦੇ ਗ੍ਰਹਿ ਵਿਖੇ 18 ਜੂਨ 1959 ਨੂੰ ਜਨਮ ਲੈਣ ਵਾਲਾ ਪੰਜਾਬੀ ਮਾਂ ਬੋਲੀ ਦਾ ਸੇਵਾਦਾਰ ਮਹਾਨ ਸਪੂਤ ਸਹਿਣਸੀਲਤਾ ਦਾ ਪੁੰਜ ਯਾਰਾਂ ਦਾ ਯਾਰ ਸਵਰਗਵਾਸੀ ਗਾਇਕ ਜਨਾਬ ਨਛੱਤਰ ਛੱਤਾ ਵਾਕਿਆ ਈ ਸੁਰਾਂ ਦਾ ਛੱਤਾ ਸੀ l ਗਰੀਬ ਪਰਿਵਾਰ ਵਿੱਚ ਜਨਮੇਂ ਛੱਤੇ ਨੂੰ ਗਾਉਣ ਦੀ ਚੇਟਕ ਪ੍ਰਮਾਤਮਾਂ ਵੱਲੋਂ ਛੋਟੇ ਹੁੰਦਿਆਂ ਹੀ ਲੱਗ ਗਈ l ਛੱਤਾ ਪੂਰਨ ਭਗਤ ਲੈਲਾ ਮਜਨੂੰ ਵਰਗੇ ਡਰਾਮਿਆਂ ਦਾ ਖਲਨਾਇਕ ਗਾਇਕ ਵੀ ਰਿਹਾ l
ਇੱਕ ਗੀਤ ਨੂੰ ਦੋ ਦੋ ਰੰਗਾਂ ਵਿੱਚ ਗਾਉਣਾ ਸਟੇਜ ਤੇ ਹੋਰ ਰੰਗ ਕੈਸਟ ਵਿੱਚ ਹੋਰ ਰੰਗ ਹੀਰ ਭੈਰਵੀ ਮਾਲਕੌਸ ਸਾਰੰਗ ਤੇ ਹੋਰ ਅਣਗਿਣਤ ਰਾਗਾਂ ਨੂੰ ਹਰਮੋਨੀਅਮ ਦੇ ਪੰਜੇ ਕਾਲੇ ਚਿੱਟਿਆਂ ਤੇ ਪੰਚਮ ਸੁਰ ਵਰਗੀਆਂ ਸੁਰਾਂ ਲਾਕੇ ਰਾਗ ਰਾਗਣੀਆਂ ਰੂਹਦਾਰੀ ਨਾਲ ਗਾਉਂਦਾ ਹੁੰਦਾ ਸੀ l ਅੱਜ ਜਦੋਂ ਕਿਤੇ ਉੱਚੇ ਤੇ ਪੱਕੇ ਰਾਗਾਂ ਵਿੱਚ ਗਾਉਣ ਦੀ ਗੱਲ ਤੁਰਦੀ ਹੈ ਤਾਂ ਉੱਚੀਆਂ ਸੁਰਾਂ ਦੇ ਬਾਦਸ਼ਾਹ ਗਾਇਕ ਨਛੱਤਰ ਛੱਤੇ ਦਾ ਜਿਕਰ ਆਪ ਮੁਹਾਰੇ ਛਿੜ ਪੈਂਦਾ ਹੈ l ਪੰਜਾਬੀ ਗਾਇਕੀ ਦੇ ਇਸ ਧਰੂੰਂ ਤਾਰੇ ਵਰਗੇ ਗਾਇਕ ਦੀ ਗਾਇਕੀ ਦੀ ਸ਼ਰੂਆਤ ਤੇ ਗਾਇਕੀ ਦੀਆਂ ਬਰੀਕੀਆਂ ਦੀ ਗੱਲ ਵੀ ਤੁਰਦੀ ਹੈ l
ਇਹਨਾਂ ਦੇ ਉਸਤਾਦ ਜਨਾਬ ਮਾਸਟਰ ਰਾਮ ਕੁਮਾਰ ਭਦੌੜ ਵਾਲੇ ਉਹਨਾਂ ਦੀ ਸੰਗੀਤ ਮੰਡਲੀ ਦੇ ਵਿੱਚ ਰਹਿਕੇ ਸਿੱਖ ਰਿਹਾ ਛੱਤਾ ਆਪਣੇ ਵੱਡੇ ਭਰਾ ਬਿੱਲੂ ਕੋਲੋਂ ਵੀ ਸਿੱਖਦਾ ਰਿਹਾ ਤੇ ਕੁੱਝ ਸਿੱਖਿਆ ਪੰਜਾਬ ਦੇ ਸਿਰਮੌਰ ਢਾਡੀ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਜੀ ਪਾਸੋਂ ਵੀ ਲਈ ਸੁਣਿਆ ਤਾਂ ਇਹ ਵੀ ਹੈ ਕਿ ਉਸਤਾਦੀ ਦੀ ਪੱਗ ਮਸ਼ਹੂਰ ਕਵਾਲ ਖੁਸ਼ੀ ਮੁਹੰਮਦ ਭੁੱਟੀਵਾਲ ਵਾਲੇ ਨੂੰ ਦਿੱਤੀ ਸੀ ਜੋ ਕਿ ਮਾਣਕ ਸਾਹਬ ਦੇ ਉਸਤਾਦ ਸਨ l ਉਹਨਾਂ ਕੋਲੋਂ ਵੀ ਕੁੱਝ ਨਾ ਕੁੱਝ ਜਰੂਰ ਸਿੱਖਿਆ ਹੋਣਾਂ ਇਸ ਦੇ ਮੁਤਾਬਕ ਤਾਂ ਮਾਣਕ ਤੇ ਛੱਤਾ ਦੋਵੇਂ ਗੁਰ ਭਾਈ ਸੀ l ਗਾਇਕੀ ਦਾ ਸਫਰ ਕਰਦੇ ਕਰਦੇ ਛੱਤੇ ਦੀਆਂ ਕੈਸਟਾਂ ਆਈਆਂ ਜਿਵੇਂ ‘ਮੰਦੜੇ ਬੋਲ ਨਾ ਬੋਲ’ , ‘ਮਤਲਬ ਦੀ ਦੁਨੀਆਂ,’ ‘ਦਾਜ ਦੀ ਲਾਹਣਤ’ ਕੈਸਟ ਦੇ ਵਿੱਚ ਦੋ ਗੀਤ ਰਿਕਾਰਡ ਹੋਏ l
ਸੰਨ 1987 ਵਿੱਚ ਪਾਇਲ ਰਿਕਾਡਿੰਗ ਕੰਪਨੀ ਬਠਿੰਡਾ ਵਲੋਂ ਗਿਆਨੀ ਗੁਰਬਖਸ਼ ਸਿੰਘ ਅਲਬੇਲਾ ਜੀ ਦੇ ਯਤਨਾਂ ਸਦਕਾ ਵੱਡੇ ਪੱਧਰ ਤੇ ‘ਰੁੱਤ ਪਿਆਰ ਦੀ’ ਕੈਸਟ ਰਲੀਜ਼ ਹੋਈ l ਨਛੱਤਰ ਛੱਤਾ ਕਿਸੇ ਜਾਣ-ਪਛਾਣ ਦਾ ਮੁਥਾਜ ਨਾ ਰਿਹਾ l ਬੱਚੇ ਬੱਚੇ ਦੀ ਜੁਬਾਨ ਦਾ ਸ਼ਿੰਗਾਰ ਤੇ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਦੁਨੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਿਆ l ਛੱਤੇ ਦੀ ਕੈਸਟ ਦੀ ਸਰੋਤੇ ਉਡੀਕ ਕਰਦੇ ਹੁੰਦੇ ਸੀ l ਇੱਕ ਦਿਹਾੜੀ ਵਿੱਚ ਦੋ ਦੋ ਤਿੰਨ ਤਿੰਨ ਅਖਾੜੇ ਲਾਉਣੇ ਛੱਤੇ ਦੀਆਂ ਕਾਫੀ ਕੈਸਟਾਂ ਆਈਆਂ l ਜਿੰਨ੍ਹਾਂ ਦੇ ਵਿੱਚ ‘ਬਾਜ ਗੁਰਾਂ ਦੀ ਨਗਰੀ ਦਾ’ ਧਾਰਮਿਕ ਕੈਸਟ ਬਹੁਤ ਹੀ ਮਕਬੂਲ ਹੋਈ l ਛੱਤੇ ਦੀ ਆਖਰੀ ਕੈਸਟ ‘ਮਹਿਰਮ ਦਿਲਾਂ ਦਾ’ ਆੲੀ ਸੀ l
ਛੱਤੇ ਦੇ ਹੱਸਦੇ ਵੱਸਦੇ ਪਰਿਵਾਰ ਨੂੰ ਗਮਾਂ ਦੇ ਸਮੁੰਦਰ ਵਿੱਚ ਰੋੜ੍ਹਨ ਵਾਲੀ ਸੰਨ 1992 ਦੇ ਵਿੱਚ 7 ਮਈ ਦੀ ਕੁਲੈਹਣੀ ਰਾਤ ਮੱਸਿਆ ਦੀ ਕਾਲੀ ਰਾਤ ਬਣਕੇ ਸਾਥੋਂ ਪੰਜਾਬੀ ਗਾਇਕੀ ਦਾ ਪੁੰਨਿਆਂ ਦੇ ਚੰਨ ਵਰਗਾ ਗਾਇਕ ਸਦਾ ਵਾਸਤੇ ਖੋਹਕੇ ਲੈ ਗਈ l ਸਰੀਰ ਕਰਕੇ ਛੱਤਾ ਭਾਵੇਂ ਸਾਥੋਂ ਦੂਰ ਚਲਾ ਗਿਆ ਪਰ ਉਸਦੀ ਦਿਲਾਂ ਨੂੰ ਟੁੰਬਣ ਵਾਲੀ ਅਮਰ ਅਵਾਜ਼ ਅੱਜ ਵੀ ਸਾਡੇ ਹਿਰਦਿਆਂ ਵਿੱਚ ਵਸੀ ਪਈ ਹੈ l ਉਸ ਮਹਾਨ ਫਨਕਾਰ ਨੂੰ ਸੱਚੇ ਦਿਲੋਂ ਸਜਦਾ ਸਲਾਮ ਹੈ ਜੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly