(ਸਮਾਜ ਵੀਕਲੀ)
ਅੱਜ ਜ਼ਿਹਨ ਵਿੱਚ ਆਈ ਇਸ ਸ਼ਖਸੀਅਤ ਬਾਰੇ ਲਿਖਣ ਦੀ ਆਰੰਭਤਾ ਬਿਨਾਂ ਕੁੱਝ ਖ਼ਾਸ ਸੋਚੇ ਕੀਤੀ ਤਾਂ ਹੀ ਪੰਜ ਖਾਸੀਅਤਾਂ ਕਰਕੇ ਪੰਜੀਰੀ ਲਿਖ ਕੇ ਸਾਰ ਲਿਆ। ਜੇ ਕਿਤੇ ਪੰਜ ਕੁ ਮਿੰਟ ਸੋਚ ਕੇ ਲਿਖਦਾ ਤਾਂ ਸੱਤਾਂ ਦਾ ਸਤਨਾਜਾ ਲਿਖਣਾ ਪੈਂਦਾ। ਜੇ ਪੰਦਰਾਂ ਵੀਹ ਮਿੰਟ ਲਾ ਦਿੰਦਾ ਤਾਂ ਸੋਲ਼ਾਂ ਗੁਣ ਹੀ ਉਭਰ ਆਉਣੇ ਸਨ ਤੇ ਸਿਰਲੇਖ ਹੀ ਸੋਲ਼ਾਂ ਕਲਾ ਸੰਪੂਰਨ ਸ਼ਖਸੀਅਤ ਲਿਖਣਾ ਪੈਂਦਾ।
ਜੀ ਹਾਂ.. ਮੈਂ ਗੱਲ ਕਰਨ ਜਾ ਰਿਹਾਂ ਬੇਬਾਕ ਫ਼ਨਕਾਰ ਰੋਮੀ ਘੜਾਮੇਂ ਵਾਲ਼ੇ ਦੀ। ਬੇਸ਼ੱਕ ਮੈਂ ਰੋਮੀ ਨੂੰ ਪਿਛਲੇ ਢਾਈ ਤਿੰਨ ਸਾਲਾਂ ਤੋਂ ਪੜ੍ਹ ਸੁਣ ਰਿਹਾਂ ਹਾਂ ਪਰ ਇਹਦੇ ਬਾਰੇ ਲਿਖਣ ਦੀ ਉਤਸੁਕਤਾ ਮੈਨੂੰ ਉਹਦੇ ਗੁਰਚੇਤ ਚਿੱਤਰਕਾਰ ਨਾਲ਼ ਆਏ ਗੀਤ ‘ਵੀਹ ਲੱਖ ਕਰੋੜ’ ਨੂੰ ਸੁਣ ਕੇ ਹੋਈ।
ਜਦੋਂ ਇਸ ਬਾਰੇ ਮੈਂ ਬਾਈ ਗੁਰਚੇਤ ਨਾਲ਼ ਗੱਲ ਕੀਤੀ ਤਾਂ ਦਸ ਕੁ ਮਿੰਟ ਦੀ ਗੱਲਬਾਤ ਵਿੱਚ ਗੁਰਚੇਤ ਨੇ ਪੰਦਰਾਂ ਕੁ ਵਾਰ ਤਾਂ ਇਹੀ ਕਿਹਾ “ਯਾਰ ਸਕਿੰਟ ਲਾਉਂਦਾ ਉਹ ਤਾਂ ਗੀਤ ਜਾਂ ਕਵਿਤਾ ਲਿਖਣ ਨੂੰ।” ਫਿਰ ਜਦੋਂ ਰੋਮੀ ਨਾਲ਼ ਪਹਿਲੀ ਵਾਰ ਸਿੱਧੀ ਫੋਨ ਕਾਲ ਹੋਈ ਤਾਂ ਮੈਨੂੰ ਇੱਕ ਪਲ ਲਈ ਵੀ ਨਹੀਂ ਲੱਗਿਆ ਕਿ ਸਾਡੀ ਇਹ ਪਹਿਲੀ ਵਾਰਤਾਲਾਪ ਹੈ। “ਯਾਰ ਇਹ ਘੜਾਮਾਂ ਕਿੱਥੇ ਕੁ ਹੋਇਆ ਭਲਾਂ ?” ਮੇਰਾ ਇਹ ਸਵਾਲ ਜਿਹਾ ਅਜੇ ਪੂਰਾ ਵੀ ਨਹੀਂ ਸੀ ਹੋਇਆ ਕਿ ਉਹ ਤਾਂ ਆ ਗਿਆ ਆਪਣੇ ਰੰਗ ਵਿੱਚ। ਕਹਿੰਦਾ:-
“ਰਾਜਪੁਰੇ ਦੇ ਬਾਬਾ ਮੋੜ ਤੋਂ ਅਗਲਾ ਪਿੰਡ ਜਨਸੂਆ।
ਮੁੜ ਕੇ ਮੋੜ ਆਲਮਪੁਰ ਵਾਲ਼ਾ ਫੇਰ ਆ ਜਵੇ ਥੂਹਾ।
ਗਾਰਦੀਨਗਰ ਤੋਂ ‘ਗਾਹਾਂ ਸੂਰਜਗੜ੍ਹ ਵਿੱਚ ਦੀ ਵਗਦਾ ਸੂਆ।
ਭੁੱਖ ਪਿਆਸ ਨਾਲ਼ ਗੁੱਸੇ ਦੇ ਵਿੱਚ ਰੰਗ ਹੋਵੇ ਜੇ ਸੂਹਾ।
ਘੜਾਮੇਂ ਲੰਗਰਾਂ ਨੂੰ ਸਦਾ ਖੁੱਲ੍ਹਾ ਏ ਬੂਹਾ।”
ਸੁਣ ਕੇ ਮੈਂ ਆਨੰਦ ਲੈ ਲੈ ਹੱਸੀ ਗਿਆ ਤੇ ਉਹਨੇ ਗੱਲਾਂ ਗੱਲਾਂ ਵਿੱਚ ਆਪਣੇ ਪਿੰਡ ਨੂੰ ਸਾਰੇ ਪਾਸਿਉਂ ਆਉਂਦੇ ਜਾਂਦੇ ਰਾਹ ਬੋਲੀਆਂ ਵਿੱਚ ਪਰੋ ਕੇ ਸੁਣਾ ਧਰੇ। ਜਿਨ੍ਹਾਂ ਨੂੰ ਇਕੱਠਿਆ ਕਰ ਰਿਲੀਜ਼ ਕੀਤੇ ਗੀਤ ਦਾ ਜਿ਼ਕਰ ਲੇਖ ਵਿੱਚ ਅੱਗੇ ਜਾ ਕੇ ਕਰਾਂਗੇ।
ਆਪਣੀ ਰਚੀ ਉਪਰੋਕਤ ਬੋਲੀ ਵਿੱਚ ਦਰਸਾਏ ਪਤੇ ਵਾਲੇ਼ ਪਿੰਡ ਘੜਾਮਾਂ ਵਿਖੇ ਪਿਤਾ ਹਾਕਮ ਸਿੰਘ ਦੇ ਘਰ ਮਾਤਾ ਅਮਰਜੀਤ ਕੌਰ ਦੀ ਕੁੱਖੋਂ 21 ਮਈ 1983 ਨੂੰ ਪੈਦਾ ਹੋਇਆ ਸੀ ਇਹ ਹਰਫਨਮੌਲਾ ਫ਼ਨਕਾਰ।
ਉਹਦੇ ਦੱਸਣ ਅਨੁਸਾਰ ਬਹੁਤਿਆਂ ਕਲਾਕਾਰਾਂ ਵਾਂਗ ਰੋਮੀ ਨੇ ਵੀ ਗਾਇਕੀ ਦੀ ਸ਼ੁਰੂਆਤ ਸ਼ੌਕ ਵਜੋਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਹੀ ਕੀਤੀ ਪਰ ਚੌਥੀ ਜਮਾਤ ਵਿੱਚ ਪਹੁੰਚਦਿਆਂ ਹੀ ਉਹਦੇ ਦਾਦਾ ਸ. ਇੰਦਰ ਸਿੰਘ ਨੇ ਉਸਦੇ ਛੋਟੇ ਭਰਾ ਬੇਅੰਤ ਸਿੰਘ ਨਾਲ਼ ਕਵੀਸ਼ਰ ਜੋੜੀ ਬਣਾ ਦਿੱਤੀ। ਦਿਨਾਂ ਵਿੱਚ ਹੀ ਦੋਵੇਂ ਬਾਲ ਕਲਾਕਾਰ ਆਪਣੇ ਪਿੰਡ ਅਤੇ ਇਲਾਕੇ ਵਿੱਚ ਹੁੰਦੇ ਧਾਰਮਿਕ ਇਕੱਠਾਂ ‘ਤੇ ਹਾਜ਼ਰੀਆਂ ਭਰਨ ਲੱਗੇ ਪਰ ਪੰਜਵੀਂ ਪਾਸ ਕਰਦਿਆਂ ਹੀ ਰੋਮੀ ਦੀ ਚੋਣ ਜਵਾਹਰ ਨਵੋਦਿਆ ਵਿਦਿਆਲਾ ਪਟਿਆਲਾ ਲਈ ਹੋ ਗਈ। ਜਿਸ ਕਾਰਨ ਉਹਨੂੰ ਪਿੰਡ ਛੱਡ ਹੋਸਟਲ ਜਾਣਾ ਪੈ ਗਿਆ ਤੇ ਨਾ ਚਾਹੁੰਦਿਆਂ ਵੀ ਜੋੜੀ ਟੁੱਟ ਗਈ।
ਇਸੇ ਦਰਮਿਆਨ ਪਿਤਾ ਹਾਕਮ ਸਿੰਘ ਅਕਾਲ ਚਲਾਣਾ ਕਰ ਗਏ ਅਤੇ ਦਾਦਾ ਇੰਦਰ ਸਿੰਘ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਕੇ ਚੰਗੀ ਤਰ੍ਹਾਂ ਤੁਰਨ ਫਿਰਨ ਤੋਂ ਵੀ ਆਹਰੀ ਹੋ ਗਏ। ਇੰਝ ਦੋਵੇਂ ਭਰਾ ਮੁੜ ਤੋਂ ਸੀਮਤ ਜਿਹੇ ਹੋ ਕੇ ਰਹਿ ਗਏ ਆਪੋ-ਆਪਣੇ ਸਕੂਲਾਂ ਦੀਆਂ ਬਾਲ ਸਭਾਵਾਂ ਤੱਕ ਤੇ ਪੁਆਧੀ ਪਿੰਡ ਘੜਾਮੇਂ ਦੀਆਂ ਸੱਥਾਂ ਵਿੱਚ ਆਮ ਹੀ ਹੁੰਦੀਆਂ ਗੱਲਾਂ “ਲੈਬੀ ਨ੍ਹੇ ਛੋਕਰੇ ਪੱਕਾ ਨੌਂ ਚਮਕਾਮੇਗੇ ਮ੍ਹਾਰੇ ਗੌਂ ਕਾ ਬੜੇ ਹੋ ਕਾ”, “ਬਾਈ ਇੰਦਰ ਸੈਂਅ ਕੇ ਪੋਤਿਆਂ ਨੇ ਬੜੀ ਧੰਨ ਧੰਨ ਕਰਾਈ ਦਸਮੀ ਪਰ” ਜਾਂ “ਮੰਨੂ ਲਗਾ ਨੇ ਜਲਦੀਓ ਜਲੰਧਰ ਆਲ਼ੇ ਝਿਲਮਿਲ ਤਾਰੇ ਪ੍ਰੋਗਰਾਮ ਮਾ ਆਣ ਲਗਜੇਂਗੇ” ਜਿਵੇਂ ਬੱਸ ਗੱਲਾਂ ਹੀ ਬਣ ਕੇ ਰਹਿ ਗਈਆਂ।
ਕਲਾਕਾਰ ਵਜੋਂ ਇਸੇ ਕੱਛੂਕੁੰਮੇ ਵਾਲ਼ੀ ਚਾਲ ਨਾਲ਼ ਹੀ ਰੋਮੀ ਨੇ ਦਸਵੀਂ, ਬਾਹਰਵੀਂ, ਜਰਨਲ ਨਰਸਿੰਗ ਤੇ ਲੈਬਾਰਟਰੀ ਟੈਕਨੀਸ਼ੀਅਨ ਦਾ ਡਿਪਲੋਮਾ ਕਰ ਆਪਣੀ ਲੈਬਾਰਟਰੀ ਵੀ ਖੋਲ੍ਹ ਲਈ ਪਰ ‘ਦਿਲ ਤਾਂ ਦਿੱਲੀ ਦੇ ਵਿੱਚ ਧੜਕੇ ਮੈਂ ਫਿਰਦੀ ਲਾਹੌਰ ਕੁੜੀਉ’ ਦੀ ਤਰਜ਼ ‘ਤੇ ਉਹ ਅਖਬਾਰਾਂ, ਰਸਾਲਿਆਂ ਨੂੰ ਆਪਣੀਆਂ ਰਚਨਾਵਾਂ ਭੇਜ ਤੇ ਇਲਾਕੇ ਦੇ ਗਾਇਕਾਂ ਨਾਲ਼ ਸਟੇਜ ਸੈਕਟਰੀ ਅਤੇ ਕੋਰਸ ਬੋਆਏ ਵਜੋਂ ਆਪਣਾ ਝੱਸ ਪੂਰਾ ਕਰ ਲੈਂਦਾ। ਫਿਰ 2006 ਵਿੱਚ ਸਬੱਬੀਂ ਮੇਲ ਹੋ ਗਿਆ ਪ੍ਰਸਿੱਧ ਕਮੇਡੀਅਨ ਗੁਰਚੇਤ ਚਿੱਤਰਕਾਰ ਨਾਲ਼ ਤੇ ਗੁਰਚੇਤ ਨੇ ਆਪਣੀ ਐਲਬਮ ਨਜ਼ਾਰੇ ਨੰਬਰ ਵੰਨ ਵਿੱਚ ‘ਬਾਬੇ ਐਸ਼ ਉਡਾਉਂਦੇ ਨੇ’ ਤੇ ‘ਹੁਣ ਚੰਨਾ ਕੁੰਡੀ ਮੈਂ ਜਰੂਰ ਲਾਊਂਗੀ’ ਤੇ ਫੈਮਿਲੀ 423, ਗੁਰਚੇਤ ਅਮਰੀਕਾ ਚੱਲਿਆ ਆਦਿ ਵਿੱਚ ਗੀਤ ਰਿਕਾਰਡ ਕਰਵਾਏ।
ਗਾਇਕ ਜੋੜੀ ਹਰਬੰਸ ਰੈਲੋਂ ਤੇ ਸਰਬਜੀਤ ਮੱਟੂ ਦੀ ਆਵਾਜ਼ ਵਿੱਚ ‘ਹਰਿਆਣਵੀ ਛ੍ਹੋਰੀ’ ਅਤੇ ਰਵਿੰਦਰ ਬਿੱਲਾ ਦੀ ਆਵਾਜ਼ ਵਿੱਚ ‘ਭੌਂਦੂ ਪੱਲੇ ਪੈ ਗਿਆ’ ਰਿਕਾਰਡ ਹੋਏ। ਇੱਥੇ ਕੁ ਆ ਕੇ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ਼’ ਦੇ ਧਾਰਨੀ ਰੋਮੀ ਨੇ ਬਹੁਤਾਤ ਗਾਇਕਾਂ ਵੱਲੋਂ ਗੀਤਕਾਰਾਂ ਦੀ ਅਣਦੇਖੀ ਵੇਖ/ਸੁਣ ਗੀਤਕਾਰੀ (ਗਾਇਕਾਂ ਲਈ) ਨੂੰ ਵੀ ਸ਼ੱਬਾ ਖੈਰ ਆਖ ਦਿੱਤਾ ਤੇ ਫਿਰ ਤੋਂ ਬੈਕ ਗੇਅਰ ਲੱਗ ਗਿਆ ਸਿਰਫ਼ ਅਖਬਾਰਾਂ, ਰਸਾਲਿਆਂ ਵਿੱਚ ਛਪਣ ਵੱਲ ਪਰ ਨਿਰੰਤਰ ਤੁਰਨ ਵਾਲ਼ੇ ਰਾਹੀ ਮੰਜਿਲ ਨਹੀ ਸਗੋਂ ਮੰਜਿਲ ਉਹਨੂੰ ਊਡੀਕ ਰਹੀ ਹੁੰਦੀ ਹੈ। ਸੋ ਕੁਝ ਕੁ ਮਹੀਨੇ ਸ਼ੋਸ਼ਲ ਮੀਡੀਆ ‘ਤੇ ਲਗਾਤਾਰ ਰਚਨਾਵਾਂ ਸਾਂਝੀਆਂ ਕਰ 19 ਅਗਸਤ 2018 ਨੂੰ ਆਪਣਾ ਕਾਵਿ-ਸੰਗ੍ਰਹਿ ਬੇਬਾਕੀਆਂ ਲੈ ਹਾਜ਼ਰ ਹੋਇਆ।
ਜਿਸਦਾ ਮਹਿਜ਼ ਦੋ ਕੁ ਮਹੀਨੇ ਬਾਅਦ ਹੀ ਦੂਜਾ ਆਡੀਸ਼ਨ 14 ਅਕਤੂਬਰ 2018 ਨੂੰ ਲੋਕ ਅਰਪਣ ਕਰਨਾ ਪਿਆ ਜਦਕਿ ਕਿਤਾਬ ਕਿਸੇ ਨੂੰ ਵੀ ਮੁਫ਼ਤ ਨਹੀਂ ਇੱਥੋਂ ਤੱਕ ਕਿ ਪਰਚਾ ਪੜ੍ਹਨ ਜਾਂ ਚਰਚਾ ਕਰਨ ਵਾਲ਼ੇ ਸਾਥੀ ਸਾਹਿਤਕਾਰਾਂ ਨੂੰ ਵੀ ਨਹੀਂ। ਸਾਹਿਤਕਾਰੀ ਦੇ ਸਫ਼ਰ ਬਾਰੇ ਪੁੱਛਣ ‘ਤੇ ਰੋਮੀ ਮਜ਼ਾਕ ਵਿੱਚ ਕਹਿਣ ਲੱਗਾ ਕਿ “ਬਾਕੀ ਸਭ ਤਾਂ ਠੀਕ ਹੈ ਪਰ ਮੈਂ ਪੂਰੀ ਜਿੰਦਗੀ ਵਿੱਚ ਬਹੁਤੀਆਂ ਦਰਾਣੀਆਂ-ਜਠਾਣੀਆਂ ਤੇ ਸਾਂਢੂਆਂ ਤੋਂ ਵੱਧ ਜੇ ਕੋਈ ਵਿਅਕਤੀ ਸਾੜੇ ਦਾ ਸ਼ਿਕਾਰ ਵੇਖਿਆ ਹੈ ਤਾਂ ਉਹ ਹੈ ਸਾਹਿਤਕਾਰ (ਬਹੁਤ ਹੀ ਘੱਟ ਨੂੰ ਛੱਡ ਕੇ)।”
ਇਸਤੋਂ ਬਾਅਦ ਉਹਦੀ ਗਾਇਕੀ ਖੇਤਰ ਚਾਣਚੱਕ ਹੀ ਹੋ ਗਈ। ਹੋਇਆ ਕੀ ਕਿ ਉਹਨੇ ਉਪਰ ਸ਼ੁਰੂਆਤ ਵਿੱਚ ਲਿਖੀ ਬੋਲੀ ਵਰਗੀਆਂ ਛੇ ਬੋਲੀਆਂ ਤਿਆਰ ਕਰ ਲਈਆਂ। ਜਿਹਨਾਂ ਵਿੱਚ ਇਲਾਕੇ ਦੇ 33 ਪਿੰਡਾਂ ਅਤੇ ਪੰਜ ਕੁ ਸ਼ਹਿਰਾਂ ਦੇ ਨਾਮ ਲੜੀਬੱਧ ਖੂਬਸੂਰਤੀ ਨਾਲ਼ ਪਰੋਏ। ਹੁਣ ਇਹ ਬੋਲੀਆਂ ਉਹ ਜਦੋਂ ਵੀ ਕਿਤੇ ਵਿਆਹਾਂ-ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਸਮਾਗਮਾਂ ਵਿੱਚ ਪਾਉਂਦਾ ਤਾਂ ਸਰੋਤੇ ਅਸ਼ ਅਸ਼ ਕਰ ਉਠਦੇ। ਪ੍ਰਭਾਵਿਤ ਹੋ ਕੇ ਵੱਡੇ ਵੀਰ ਰਵਿੰਦਰ ਸਿੰਘ ਕਾਕਾ (ਅਰਨਮ ਆਇਲ ਕੈਰੀਅਰ) ਨੇ ਰੋਮੀ ਨੂੰ ਆਪ ਗਾਉਣ ਲਈ ਉਤਸ਼ਾਹਿਤ ਕਰ ਸਾਰਾ ਖਰਚਾ ਕਰਨ ਜੁੰਮੇਵਾਰੀ ਲੈ ਲਈ ਤੇ 6 ਜਨਵਰੀ 2019 ਨੂੰ ਬੋਲੀਆਂ ਨੂੰ ਦੋਗਾਣੇ ਵਿੱਚ ਢਾਲ਼ ਸਹਿ ਗਾਇਕਾ ਸੁਖ ਜੈਸਵਾਲ ਨਾਲ਼ ਰੀਲੀਜ਼ ਕਰ ਦਿੱਤਾ ਗਾਇਕ ਵਜੋਂ ਪਹਿਲਾ ਗੀਤ ‘ਜਾਗ ਪੰਜਾਬ ਸਿਆਂ’।
ਇਸ ਗੀਤ ਨੂੰ ਸਰੋਤਿਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਉਹਨੇ ਗਾਇਕੀ ਦੀ ਗੱਡੀ ਦੇ ਐਕਸੀਲੇਟਰ ‘ਤੇ ਅਜਿਹਾ ਪੈਰ ਰੱਖਿਆ ਕਿ ਧੂੜਾਂ ਹੀ ਪੱਟ ਦਿੱਤੀਆ। ਰਹਿੰਦੀ ਖੂੰਹਦੀ ਕਸਰ ਜਾਪਾਨ ਰਹਿੰਦੇ ਮਸ਼ਹੂਰ ਪੇਸ਼ਕਾਰ ਰੁਪਿੰਦਰ ਜੋਧਾਂ ਦੇ ਮੇਲ ਨੇ ਕੱਢ ਦਿੱਤੀ। ਦੋਵਾਂ ਦੀ ਜੋੜੀ ਅਜਿਹੀ ਫਿੱਟ ਬੈਠੀ ਕਿ ਕੋਈ ਵੀ ਮਹੀਨਾ ਖਾਲੀ ਨਹੀਂ ਜਾਂਦਾ ਜਿਸ ਵਿੱਚ ਇਹ ਗੀਤ ਰੀਲੀਜ਼ ਨਾ ਕਰਨ ਤੇ ਇਸੇ ਦਰਮਿਆਨ ਗੁਰਚੇਤ ਚਿੱਤਰਕਾਰ ਨਾਲ਼ ਉਸਨੇ ਸਹਿ ਅਦਾਕਾਰ ਵਜੋਂ ਕਰੋਨਾ ਭਾਅ ਜੀ, ਸ਼ੇਰ ਸਿੰਘ ਜਵੰਧਾ, ਦੁਰਗੀ ਅਤੇ ਕਰੋਨਾ, ਸਾਧ ਬੂਬਨੇ ਆਦਿ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੋਹਰ ਵੀ ਵਿਖਾਏ।
‘ਜਾਗ ਪੰਜਾਬ ਸਿਆਂ’ ਤੋਂ ਰੋਮੀ ਦੇ ਹੁਣ ਤੱਕ ਗਾਇਕ ਵਜੋਂ ਆਏ ਗੀਤਾਂ ‘ਤੇ ਜੇ ਨਜ਼ਰ ਮਾਰੀਏ ਤਾਂ ਰੋਪੜ ਦੀ ਗੇੜੀ, ਮੁੰਡਾ ਚੌਂਕੀਦਾਰ ਲੱਗਿਆ, ਜੁਮਲੇ ਲੈ ਲਓ ਜੁਮਲੇ, ਵੋਟਾਂ ਵਾਲ਼ੇ ਆਏ ਨੇ, ਮਾਹੀਆ ਵੇ ਅੱਡ ਹੁੰਨੀ ਆਂ, ਗੋਦੀ ਮੀਡੀਆ, ਪੁਆਧੀਆਂ ਕੇ ਕਿਆ ਕੈਹਣੈ, ਜੈ ਜੈਕਾਰ ਹੈ ਬਾਬਿਆਂ ਦੀ, ਪਿੰਡਾਂ ਦੀ ਗੇੜੀ ਪ੍ਰਮੁੱਖ ਹਨ। ਅੱਜਕੱਲ੍ਹ ਉਹਦਾ ਨਵਾਂ ਗੀਤ ਮੈਂ ‘ਇੱਕ ਸ਼ਹਿਰ ਅਭਾਗਾ ਬੋਲਦਾ’ ਚੰਗੀ ਚਰਚਾ ਖੱਟ ਰਿਹਾ ਹੈ। ਜ਼ਿਆਦਾਤਰ ਸਿਰਲੇਖਾਂ ਤੋਂ ਤੁਸੀ ਅੰਦਾਜ਼ਾ ਵੀ ਲਾ ਸਕਦੇ ਹੋ ਕਿ ਇਸ ਕਲਮ ਦਾ ਮੁੱਖ ਹਥਿਆਰ ਹੈ ਵਿਅੰਗ, ਵਿਅੰਗ ਤੇ ਸਿਰਫ਼ ਵਿਅੰਗ। ਵਿਅੰਗ ਵੀ ਅਜਿਹੇ ਕਿ ਸਿੱਠਣੀਆਂ ਵਾਂਗ ਵਿਰੋਧੀ ਵੀ ਮੁਸਕਰਾਉਣ ਲਈ ਮਜਬੂਰ ਹੋ ਜਾਣ।
ਮੋਜੂਦਾ ਸਮੇਂ ਆਪਣੀ ਸ਼ਰੀਕ-ਏ-ਹਯਾਤ ਡਿੰਪਲ ਤੇ ਧੀਆਂ ਗੁਰਪ੍ਰਤੀਕ ਅਤੇ ਪ੍ਰਭਨੂਰ ਨਾਲ਼ ਮਿੱਠੇ ਮਿੱਠੇ ਅਹਿਸਾਸਾਂ ਸੰਗ ਅੱਜਕੱਲ੍ਹ ਰੋਪੜ ਸ਼ਹਿਰ ਵਿਖੇ ਰਹਿ ਰਿਹਾ ਰੋਮੀ ਉੱਥੇ ਹੀ ਇੱਕ ਨਾਮੀ ਅਖ਼ਬਾਰ ਦਾ ਪੱਤਰਕਾਰ ਹੈ। ਸ਼ਾਲਾ! ਸਾਡਾ ਇਹ ਫ਼ਨਕਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
ਰਮੇਸ਼ਵਰ ਸਿੰਘ
+919914880392