ਸਾਹਿਤਕ ,ਸੱਭਿਆਚਾਰਕ ਖੇਤਰ ਵਿੱਚ ਕਲਮ ਆਵਾਜ਼ ਅਤੇ ਅਦਾਕਾਰੀ ਦਾ ਸੁਮੇਲ ਰੋਮੀ ਘੜਾਮੇ ਵਾਲਾ ਦਾ ਜਨਮ ਪਿੰਡ ਘੜਾਮਾਂ ਕਲਾਂ, ਤਹਿ:- ਰਾਜਪੁਰਾ, ਜ਼ਿਲਾ ਪਟਿਆਲਾ ਵਿੱਚ ਪਿਤਾ ਸਵ: ਹਾਕਮ ਸਿੰਘ ਅਤੇ ਮਾਤਾ ਸ੍ਰੀਮਤੀ ਅਮਰਜੀਤ ਕੌਰ ਦੇ ਘਰ ਹੋਇਆ। ਉਨ੍ਹਾਂ ਦੀ ਹਮਸਫ਼ਰ ਹਰਪਿੰਦਰ ਕੌਰ ਡਿੰਪਲ ਦੋ ਧੀਆਂ ਗੁਰਪ੍ਰਤੀਕ ਕੌਰ ਅਤੇ ਪ੍ਰਭਨੂਰ ਕੌਰ ਹਨ ਜੋ ਅੱਜਕਲ੍ਹ ਰੋਪੜ ਵਿਖੇ ਰਹਿ ਰਹੇ ਹਨ।
ਸਾਹਿਤਕਾਰ ਵਜੋਂ ਪਹਿਲਾਂ ਜ਼ਿਆਦਾ ਧਿਆਨ ਗੀਤਕਾਰੀ ਵੱਲ ਸੀ ਪਰ ਸੁਰਜੀਤ ਗੱਗ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕਵਿਤਾ ‘ਕੈਸੇ ਮੁਲਕ ‘ਚ ਰਹਿਣਾ ਪੈ ਰਿਹਾ’ ਤੋਂ ਪ੍ਰਭਾਵਿਤ ਹੋ ਕੇ ਲਗਭਗ ਹਰ ਰੋਜ਼ ਨਵੀਂ ਕਵਿਤਾ ਸੋਸ਼ਲ ਮੀਡੀਆ ਤੇ ਸਾਂਝੀ ਕਰਨ ਲੱਗ ਪਿਆ। ਫਿਰ ਜਦ ਉਸ ਦੀ ਪਹਿਲੀ ਕਿਤਾਬ ‘ਬੇਬਾਕੀਆਂ ਪਬਲਿਸ਼ ਹੋਈ ਇਸ ਕਿਤਾਬ ਦੀ ਖ਼ਾਸ ਗੱਲ ਇਹ ਸੀ ਕਿ ਕਿਸੇ ਨੂੰ ਵੀ ਕਿਤਾਬ ਮੁਫ਼ਤ ਜਾਂ ਸਤਿਕਾਰ ਸਹਿਤ ਭੇਂਟ ਵਜੋਂ ਨਹੀਂ ਦਿੱਤੀ ਤੇ ਲਗਭਗ 1150 ਕਾਪੀਆਂ ਇੱਕ ਸਾਲ ਦੇ ਅਰਸੇ ਦੌਰਾਨ ਵਿਕੀਆਂ।
ਬੇਬਾਕੀਆਂ ਵਿਚਲੀਆਂ ਕਵਿਤਾਵਾਂ ਦੀਆਂ ਵੰਨਗੀਆਂ ਦਾ ਅੰਦਾਜ਼ਾ ਇਹਦੇ ਟਾਈਟਲ ਅਤੇ ਮਿਆਰ ਵਿਕਰੀ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਤਰਕਸ਼ੀਲਤਾ ਨਾਲ਼ ਲਬਰੇਜ਼ ਬੇਬਾਕੀਆਂ ਵਿੱਚ ਇਤਿਹਾਸ, ਦਰਸ਼ਨ ਤੇ ਭੂਗੋਲ ਦੇ ਸੱਭੇ ਰੰਗਾ ਤੋਂ ਇਲਾਵਾ ਸਾਹਿਤ ਦੇ ਸਾਰੇ ਖਾਸ ਕਰਕੇ ਕਾਵਿ ਦੇ ਰਸ ਡੁੱਲ ਡੁੱਲ ਪੈਂਦੇ ਹਨ। ਇੱਕ ਕਵਿਤਾ ‘ਪੁਲਿਸ ਮੁਲਾਜ਼ਮ’ ਦੀ ਛੰਦਬੰਦੀ ਦਾ ਜ਼ਿਕਰ ਕਰਨਾ ਕੁਥਾਂਈਂ ਨਹੀਂ ਹੋਵੇਗਾ:-
‘ਮੁੰਡਾ ਗੱਭਰੂ ਹੋ ਗਿਆ ਜੀ……
ਪੁਲਿਸ ਵਿੱਚ ਭਰਤੀ, ਕਮਾਲ ਹੀ ਕਰਤੀ।
ਪੜ੍ਹਾਈਆਂ ਪੜ੍ਹੀਆਂ, ਮਿਹਨਤਾਂ ਕਰੀਆਂ।
ਲਗਾ ਕੇ ਦਿਲ ਨੂੰ।
ਚਰਚਾ ਜਿਹੀ ਛਿੜ ਪਈ ਏ…..
ਮੋਟੀ ਤਨਖ਼ਾਹ, ਕੋਈ ਨਾ ਪਰਵਾਹ।
ਰਿਸ਼ਵਤਾਂ ਵੱਡੀਆਂ, ਵੱਢੂਗਾ ਵੱਢੀਆਂ।
ਲਾਹੂਗਾ ਛਿੱਲ ਨੂੰ।
ਪਰ ਲੋਕ ਅਸਲ ਵਿੱਚ ਨੇ……
ਜਮਾਂ ਅਣਜਾਣੇ, ਕੀ ਬਣਨੇ ਭਾਣੇ।
ਡਿਊਟੀਆਂ ਲੰਮੀਆਂ, ਰਹਿਣੀਆਂ ਜੰਮੀਆਂ।
ਥਾਣੇ ਜਾਂ ਨਾਕੇ।
ਨਾ ਤਿੱਥ ਤਿਉਹਾਰ ਕੋਈ….
ਦੀਵਾਲੀ ਲੋਹੜੀ, ਜਦੋਂ ਵੀ ਬਹੁੜੀ।
ਦੁਸ਼ਹਿਰੇ ਆਉਣੇ, ਨਾ ਕਦੇ ਮਨਾਉਣੇ।
ਘਰਾਂ ਵਿੱਚ ਜਾ ਕੇ।’
ਗੀਤਕਾਰ ਵਜੋਂ ਸਭ ਤੋਂ ਪਹਿਲੀ ਵਾਰ ਕਮੇਡੀਅਨ ਗੁਰਚੇਤ ਚਿੱਤਰਕਾਰ ਦੀ ਐਲਬਮ ‘ਨਜ਼ਾਰੇ ਨੰਬਰ ਵਨ’ ਵਿੱਚ ਦੋ ਗੀਤ ‘ਬਾਬੇ ਐਸ਼ ਉਡਾਉਂਦੇ ਨੇ’ ਅਤੇ ‘ਹੁਣ ਚੰਨਾ ਕੁੰਡੀ ਮੈਂ ਜ਼ਰੂਰ ਲਾਊਂਗੀ’, ਨਾਲ਼ ਹੀ ‘ਫੈਮਿਲੀ 423’ ਵਿੱਚ ਇੱਕ ਅਤੇ ‘ਗੁਰਚੇਤ ਅਮਰੀਕਾ ਚੱਲਿਆ’ ਦਾ ਟਾਈਟਲ ਗੀਤ ਰਿਕਾਰਡ ਹੋਏ। ਜਿਨ੍ਹਾਂ ਵਿੱਚੋਂ ਇੱਕ ਦੀ ਵੰਨਗੀ ਵੇਖੋ:-
‘ਨਾਮਦਾਨ ਦੀ ਦਾਤ ਬਖਸ਼ ਕੇ ਲੈ ਜੂੰ ਸੁਰਗਾਂ ਨੂੰ।
ਵੀਹ ਸਾਲਾਂ ਦੇ ਬਾਬੇ ਕਰਦੇ ਬਚਨ ਬਜ਼ੁਰਗਾਂ ਨੂੰ।
ਇੱਕ ਨੰਬਰ ਦੇ ਵਿਹਲੜ ਕਰਨੀ ਕਿਰਤ ਸਿਖਾਉਂਦੇ ਨੇ…।
ਲੁੱਟ ਕੇ ਕੁੱਲ ਜ਼ਮਾਨਾ ਬਾਬੇ ਐਸ਼ ਉਡਾਉਂਦੇ ਨੇ।
ਫਿਰ ਹਰਬੰਸ ਰੈਲੋਂ ਤੇ ਸਰਬਜੀਤ ਮੱਟੂ ਦੀ ਆਵਾਜ਼ ‘ਚ ‘ਹਰਿਆਣਵੀ ਛੋਰੀ ਬਨਾਮ ਪੰਜਾਬੀ ਗੱਭਰੂ’ ਅਤੇ ਰਵਿੰਦਰ ਬਿੱਲਾ ਦੀ ਆਵਾਜ਼ ‘ਚ ‘ਭੌਂਦੂ ਪੱਲੇ ਪੈ ਗਿਆ’ ਮਾਰਕੀਟ ਵਿੱਚ ਆਏ। ਇਹਨਾਂ ਵਿੱਚੋਂ ਵੀ ਰੋਮੀ ਦੀ ਹਰਿਆਣਵੀ ਬੋਲੀ ਤੇ ਪਕੜ ਵੇਖਣੀ ਹੀ ਬਣਦੀ ਹੈ। ਨਮੂਨਾ ਵੇਖੋ:-
‘ਖਾਣਦਾਣ ਕੀ ਛ੍ਹੋਰੀ ਮੈਂ ਸੁਣ ਬਾਤ ਤੰਨੈ ਸਮਝਾਊਂ।
ਪਾਂਚ ਭਾਈਆਂ ਕੀ ਭੈਣ ਮੈਂ ‘ਕੇਲੀ ਛੈ ਚਾਚੇ ਛੈ ਤਾਊ।
ਓ੍ਹਗੀ ਖ਼ਬਰ ਜੇ ਉਨ੍ਹੈ ਦੇਂਗੇ ਲੱਠ ਬਰਸਾ..।
ਤੰਨੈ ਕਹਿ ਦੀਆ..
ਰੈ ਤੰਨੈ ਕਹਿ ਦੀਆ ਜ਼ੁਬਾਨ ਨੈ ਲਗਾਮ ਦੇਅ੍ਹ ਜ਼ਰਾ…।’
ਉਪਰੋਕਤ ਅਰਸੇ ਦੌਰਾਨ ਸੀਨੀਅਰ ਗੀਤਕਾਰਾਂ ਦੇ ਮੂੰਹੋਂ ਗਾਇਕਾਂ ਵੱਲੋਂ ਹੁੰਦੀ ਬੇਕਦਰੀ ਤੇ ਸ਼ੋਸ਼ਣ ਦੇ ਕਿੱਸੇ ਸੁਣ ਸੁਣ ਰੋਮੀ ਗੀਤਕਾਰੀ ਵੱਲੋਂ ਜਿਵੇਂ ਪਾਸਾ ਜਿਹਾ ਹੀ ਵੱਟ ਗਿਆ ‘ਦੜ੍ਹ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ’ ਦੀ ਤਰਜ਼ ਤੇ ਨਾਮੀ ਅਖ਼ਬਾਰਾਂ ਵਿੱਚ ਆਪਣੀਆਂ ਰਚਨਾਵਾਂ ਛਪਵਾਉਣ ਤੱਕ ਸੀਮਤ ਜਿਹਾ ਹੋ ਗਿਆ ਪਰ ਸੋਸ਼ਲ ਮੀਡੀਆ ਤੇ ਕਵੀ ਵਜੋਂ ਚਰਚਾ ਖੱਟਣ ਤੇ ਆਪਣੇ ਜਵਾਹਰ ਨਵੋਦਿਆ ਵਿਦਿਆਲਿਆ ਪਟਿਆਲਾ ਵਿਖੇ ਜਮਾਤੀ ਰਹੇ ਮਿੱਤਰ ਅਮਨ ਸ਼ਾਇਰ (ਮੰਡੀ ਗੋਬਿੰਦਗੜ੍ਹ) ਅਤੇ ਸਾਹਿਤਕਾਰਾ ਮੀਨੂੰ ਸੁਖਮਨ ਦੀਆਂ ਨੇਕ ਸਲਾਹਾਂ ਸਦਕਾ ਰੋਪੜ, ਕੁਰਾਲੀ ਅਤੇ ਮੋਰਿੰਡਾ ਦੀਆਂ ਸਾਹਿਤ ਸਭਾਵਾਂ ਵਿੱਚ ਨਿਰੰਤਰ ਵਿਚਰਨ ਲੱਗਾ।
ਇਹਨਾਂ ਸਾਹਿਤਕ ਸੱਥਾਂ ਵਿੱਚ ਪੇਸ਼ਕਾਰੀਆਂ ਦੌਰਾਨ ਹੀ ਪਿੜ ਬੱਝ ਗਿਆ ਗਾਇਕੀ ਦੇ ਮੈਦਾਨ ਵਿੱਚ ਨਿਤਰਨ ਦਾ। ਰੋਮੀ ਦੱਸਦਾ ਹੈ ਕਿ ਬੇਸ਼ੱਕ ਉਹ ਆਪਣੇ ਛੋਟੇ ਭਰਾ ਬਿਅੰਤ ਨਾਲ਼ ਅੱਠ ਨੌਂ ਸਾਲ ਦੀ ਉਮਰ ਵਿੱਚ ਹੀ ਸਟੇਜਾਂ ਤੇ ਕਵੀਸ਼ਰੀ ਕਰਨ ਲੱਗ ਪਿਆ ਸੀ ਪਰ ਪ੍ਰੋਫੈਸ਼ਨਲ ਗਾਇਕੀ ਵਿੱਚ ਆਉਣ ਬਾਰੇ ਉਹਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਯਾਰਾਂ ਬੇਲੀਆਂ ਅਤੇ ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਬੋਲੀਆਂ ਪਾਉਣ ਦੇ ਸ਼ੋਕੀਨ ਰਹੇ ਰੋਮੀ ਨੇ ਜਦੋਂ ਆਪਣੀਆਂ ਆਪਣੇ ਇਲਾਕੇ ਦੇ ਪਿੰਡਾਂ ਬਾਰੇ ਰਚੀਆਂ ਬੋਲੀਆਂ ਸਾਹਿਤ ਸਭਾਵਾਂ ਵਿੱਚ ਪਾਉਣੀਆਂ ਤਾਂ ਸਰੋਤੇ ਅਸ਼ ਅਸ਼ ਕਰ ਉਠਦੇ।
ਬੱਸ ਇੱਥੋਂ ਹੀ ਮਨ ਬਣ ਗਿਆ ਕਿ ਇਹਨਾਂ ਬੋਲੀਆਂ ਨੂੰ ਦੋਗਾਣੇ ਦੇ ਰੂਪ ਵਿੱਚ ਰਿਕਾਰਡ ਕਰਵਾਇਆ ਜਾਵੇ। ਫਿਰ ਸਭ ਤੋਂ ਵੱਡੀ ਸੱਮਸਿਆ ਆਰਥਿਕ ਖਰਚੇ ਦੀ ਮੂੰਹ ਬੋਲੇ ਵੱਡੇ ਵੀਰ ਰਵਿੰਦਰ ਸਿੰਘ ਕਾਕਾ (ਪਿੰਡ – ਮੁਣਸ਼ੀਵਾਲ਼ਾ, ਸੰਗਰੂਰ) ਨੇ ਓਟ ਲਈ ਤੇ 6 ਜਨਵਰੀ 2019 ਨੂੰ ਰਿਲੀਜ਼ ਕਰ ਦਿੱਤਾ ਆਪਣੀ ਅਤੇ ਸਹਿ ਗਾਇਕਾ ਸੁਖ ਜਸਵਾਲ ਦੀ ਆਵਾਜ਼ ਵਿੱਚ ਪਹਿਲਾ ਬੋਲੀਆਂਨੁਮਾ ਦੋਗਾਣਾ ‘ਜਾਗ ਪੰਜਾਬ ਸਿਆਂ’। ਜਿਸ ਵਿੱਚ ਇਲਾਕੇ ਦੇ 32 ਪਿੰਡਾਂ ਅਤੇ 5 ਸ਼ਹਿਰਾਂ ਦੇ ਨਾਮ ਦਰਜ਼ ਕਰ ਸੁਣਨ ਵਾਲ਼ਿਆਂ ਖਾਸ ਕਰ ਇਲਾਕਾ ਨਿਵਾਸੀਆਂ ਦੇ ਦਿਲ ਜਿੱਤ ਲਏ। ਇਸ ਵਿਚਲੀਆਂ ਪਹਿਲੀ ਤੇ ਆਖਰੀ ਬੋਲੀਆਂ ਦੀ ਰਵਾਨਗੀ ਵੇਖੋ:-
‘ਖਹਿੜ ਤੋਂ ‘ਗਾਂਹ ਨੂੰ ਭਾਗੋਮਾਜਰਾ,
ਪਹਿਲਾਂ ਲਾਂਡਰਾਂ ਆਵੇ।
ਨੀ ਟੱਪ ਸਨੇਟਾ, ਦੈੜੀ, ਤੰਗੋਰੀ,
ਬੱਸ ਬਨੂੰੜ ਪੁਚਾਵੇ।
ਖਲੋਰ ਟੱਪ ਕੇ ਖੇੜੀ ਅੱਡਾ,
ਆਟੋ ਹੀ ਸਿਰੇ ਲਾਵੇ।
ਫਿਰ ਛਿਪਦੇ ਪਾਸੇ ਦੋ ਕੁ ਮੀਲ ਤੇ,
ਨਜ਼ਰ ਘੜਾਮਾਂ ਆਵੇ।
ਤੁਰ ਪਈਂ ਪੈਦਲ ਨੀ,
ਸਾਧਨ ਨਾ ਕੋਈ ਜਾਵੇ।
……..
ਕੋਲ਼ ਘੜਾਮੇਂ ਨੰਦਗੜ੍ਹ ਪੈਂਦਾ,
ਲੂੰਹਡ, ਬਾਸਮਾ ਅੱਗੇ।
ਨੀ ਵਿੱਚ ਦੀ ਰੋਡ ਤੇਪਲਾ, ਰਾਜਗੜ੍ਹ,
ਚੋਵੀ ਘੰਟੇ ਵੱਗੇ।
ਸ਼ੇਰ ਸ਼ਾਹ ਸੂਰੀ ਮਾਰਗ ਤੇ ਫਿਰ,
ਹੱਦ ਹਰਿਆਣਾ ਲੱਗੇ।
ਨੀ ਦਾਰੂ ਤੇ ਪੈਟਰੋਲ ਹੈ ਸਸਤਾ,
ਨਾਲ਼ੇ ਤੋਲੀਏ, ਝੱਗੇ।
ਜਾਗ ਪੰਜਾਬ ਸਿਆਂ,
ਕਾਹਤੋਂ ਗੋਰਮਿੰਟ ਠੱਗੇ।’
ਇਸ ਦੋਗਾਣੇ ਦੀਆਂ ਦਿਨਾਂ ਵਿੱਚ ਹੀ ਇਲਾਕੇ ਵਿੱਚ ਧੁੰਮਾਂ ਪੈਣ ਤੋਂ ਬਾਅਦ ਆਪਣੀ ਕਰਮ-ਭੂਮੀ ਰੋਪੜ ਦੇ ਯਾਰਾਂ ਦੀ ਖ਼ਾਸ ਫਰਮਾਇਸ਼ ਤੇ ਤਿਆਰ ਕੀਤਾ ਦੋਗਾਣਾ ‘ਰੋਪੜ ਦੀ ਗੇੜੀ’ ਸਹਿ ਗਾਇਕਾ ਜ਼ੈਨਬ ਨਾਲ਼ ਮਹੀਨੇ ਬਾਅਦ ਹੀ ਰਿਲੀਜ਼ ਕਰ ਦਿੱਤਾ। ਇਸ ਵਿੱਚ ਤਾਂ ਰੋਪੜ ਦੇ ਆਲੇ-ਦੁਆਲੇ ਵਾਲੇ 40 ਪਿੰਡਾਂ ਤੋਂ ਇਲਾਵਾ ਨੇੜਲੀਆਂ ਫੈਕਟਰੀਆਂ ਤੇ ਸ਼ਹਿਰ ਦੀਆਂ ਮੁੱਖ ਥਾਵਾਂ ਅਤੇ ਮਸ਼ਹੂਰ ਦੁਕਾਨਾਂ ਵੀ ਪਰੋ ਦਿੱਤੀਆਂ। ਨਤੀਜੇ ਵਜੋਂ ‘ਰੋਪੜ ਦੀ ਗੇੜੀ’ ਦਾ ਤਾਂ ਆਡੀਉ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਇਹਨਾਂ ਹੀ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਪਹਿਲਾਂ ਤੋਂ ਹੀ ਮਿੱਤਰ ਚਲਦੇ ਆ ਰਹੇ ਗੀਤਕਾਰ ਤੇਜੀ ਸੰਜੂਮਾਂ ਨਾਲ਼ ਸਾਂਝ ਹੋਰ ਗੂੜ੍ਹੀ ਹੋ ਗਈ ਤੇ ਉਦੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਸਿਖਰਾਂ ਤੇ ਪਹੁੰਚਿਆਂ ਹੋਇਆ ਸੀ।
ਭਖਵਈਆਂ ਚੋਣ ਚਰਚਾਵਾਂ ਵਿੱਚ ਰੋਮੀ ਨੇ ਦੋਗਾਣਾ ਲਿਖਿਆ ‘ਮੁੰਡਾ ਚੌਂਕੀਦਾਰ ਲੱਗਿਆ’ ਤੇ ਫਿਰ ਤੇਜ਼ੀ ਸੰਜੂਮਾ ਦੀ ਪੇਸ਼ਕਸ਼ ਵਿੱਚ ਸਹਿ ਗਾਇਕਾ ਦਿਲਪ੍ਰੀਤ ਅਟਵਾਲ ਨਾਲ਼ ਰੀਲੀਜ਼ ਕਰਵਾ ਦਿੱਤਾ। ‘ਮੁੰਡਾ ਚੌਂਕੀਦਾਰ ਲੱਗਿਆ’ ਅਜਿਹਾ ਵਾਇਰਲ ਹੋਇਆ ਕਿ ਰੋਮੀ ਰਾਤੋ ਰਾਤ ਜਿਵੇਂ ਸਿਤਾਰਾ ਬਣ ਕੇ ਉਭਰ ਗਿਆ। ਇਸ ਗੀਤ ਦੀ ਚਰਚਾ ਅਖ਼ਬਾਰਾਂ ਦੇ ਮੁੱਖ ਪੰਨਿਆਂ ਤੇ ਟੀ ਵੀ ਚੈਨਲਾਂ ਤੇ ਹੁੰਦੀਆਂ ਖ਼ਾਸ ਬਹਿਸਾਂ ਵਿੱਚ ਉਚੇਚੇ ਤੌਰ ਤੇ ਹੋਈ, ਕਾਰਟੂਨ ਫ਼ਿਲਮਾਂ ਬਣੀਆਂ, ਸਿਆਸਤਦਾਨਾਂ, ਬੁੱਧੀਜੀਵੀਆਂ ਅਤੇ ਚਿੰਤਕ ਪ੍ਰਵਿਰਤੀ ਦੇ ਲੋਕਾਂ ਦੱਬ ਕੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ।
ਗੰਧਲੀ ਸਿਆਸਤ ਤੇ ਵਿਅੰਗ ਕਸਦੇ ਇਸ ਗੀਤ ਨੂੰ ਮਣਾਂ ਮੂੰਹੀਂ ਮਿਲਦੇ ਪਿਆਰ ਤੋਂ ਪ੍ਰਭਾਵਿਤ ਹੋ ਕੇ ਫਿਰ ਤੇਜੀ ਸੰਜੂਮਾਂ ਦੀ ਪੇਸ਼ਕਸ਼ ਵਿੱਚ ਹੀ ਇਸੇ ਤਰਜ਼ ਦੇ ‘ਵੋਟਾਂ ਵਾਲ਼ੇ ਆਏ ਨੇ’ ਅਤੇ ‘ਜੁਮਲੇ ਲੈ ਲੳੁ ਜੁਮਲੇ’ ਕੱਢ ਮਾਰੇ। ਫਿਰ ਚੱਲ ਸੋ ਚੱਲ ਵਿੱਚ ਜਾਪਾਨ ਰਹਿੰਦੇ ਰੁਪਿੰਦਰ ਜੋਧਾਂ ਵਾਲ਼ਾ ਦੀ ਪੇਸ਼ਕਸ਼ ਵਿੱਚ ਦੋਗਾਣਾ ‘ਮਾਹੀਆ ਵੇ ਅੱਡ ਹੁੰਨੀ ਆਂ’ ਸਹਿ ਗਾਇਕਾ ਪ੍ਰੀਤੀ ਗੁਰਪ੍ਰੀਤ ਅਤੇ ਗੀਤਕਾਰ ਜਸਵੀਰ ਘੋੜੇਨਾਬ ਦੀ ਪੇਸ਼ਕਸ਼ ਵਿੱਚ ‘ਲੋਕ ਸਭਾ ਸੰਗਰੂਰ’, ਮ੍ਹਾਰੇ ਥ੍ਹਾਰੇ (ਪੰਜਾਬੀ+ਹਰਿਆਣਵੀ ਦੋਗਾਣਾ), ਗੋਦੀ ਮੀਡੀਆ, ਹਾਏ ਯੇ ਗੋਦੀ ਮੀਡੀਆ (ਹਿੰਦੀ ਦੋਗਾਣਾ ਇਨਕਲਾਬੀ ਗਾਇਕਾ ਗਗਨ ਲੋਂਗੋਵਾਲ ਨਾਲ਼), ਕੱਬਡੀ ਵਾਲ਼ਾ ਕੱਪ, ਟੋਪੀ ਵਾਲ਼ੇ ਕਿੱਲ, ਪੁਆਧੀਆਂ ਕੇ ਕਿਆ ਕੈਹਣੈ(ਆਪਣੇ ਭਤੀਜੇ ਅਰਨਮ ਨਾਲ਼), ਲਾਲ ਕਿਲੇ ਦੀ ਮੋਰੀ, ਇਨਕਲਾਬ ਜ਼ਿੰਦਾਬਾਦ ਅਤੇ ਵੀਹ ਲੱਖ ਕਰੋੜ (ਗੁਰਚੇਤ ਚਿੱਤਰਕਾਰ ਪ੍ਰੋਡਕਸ਼ਨਸ ਵਿੱਚ) ਸਰੋਤਿਆਂ ਦੇ ਸਨਮੁੱਖ ਕੀਤੇ।
ਗੁਰਚੇਤ ਚਿੱਤਰਕਾਰ ਦਾ ਜਿਕਰ ਆਉਣ ‘ਤੇ ਰੋਮੀ ਦੀ ਅਦਾਕਾਰੀ ਬਾਰੇ ਵੀ ਉਚੇਚੇ ਤੌਰ ਤੇ ਗੱਲ ਕਰਨੀ ਬਣਦੀ ਹੈ। ਬੇਸ਼ੱਕ ਉਹ ਹੁਣ ਤੱਕ ਆਪਣੇ ਦਰਜਨਾਂ ਗੀਤਾਂ ਵਿੱਚ ਅਦਾਕਾਰੀ ਦੇ ਜੌਹਰ ਵਿਖਾ ਚੁੱਕਿਆ ਹੈ ਪਰ ਸੰਵਾਦਾਂ ਨਾਲ਼ ਖੇਡਣਾ ਵੀ ਉਸਨੂੰ ਬਾਖੂਬੀ ਆਉਂਦਾ ਹੈ। ਜਿਸਨੂੰ ਉਸਨੇ ਗੁਰਚੇਤ ਦੀਆਂ ਕਈ ਲਘੂ ਫ਼ਿਲਮਾਂ ਖਾਸ ਕਰਕੇ ਦੁਰਗੀ ਅਤੇ ਕਰੋਨਾ, ਕਰੋਨਾ ਵੀਰ ਜੀ ਅਤੇ ਸ਼ੇਰ ਸਿੰਘ ਜਵੰਧਾ ਆਦਿ ਵਿੱਚ ਸਾਬਿਤ ਕਰ ਚੁੱਕਿਆ ਹੈ। ਉਸਦੀ ਆਪਣੀ ਹੀ ਇੱਕ ਕਵਿਤਾ ਦੇ ਬੰਦ ਕਿ:-
‘ਹੱਡੀ ਨੂੰ ਟਿਕਾਅ’ ਨਾ ਰੋਮੀ ਦੀ,
ਕੁੱਝ ਕਹਿਣਗੇ ਘੜਾਮੇਂ ‘ਚ ਜ਼ਰੂਰ।
‘ਖੜ੍ਹਾ ਪਾਣੀ ਛੱਡੇ ਮੁਸ਼ਕਾਂ’,
ਪਰ ਗੱਲ ਬੜੀ ਮਾਇਨੇ ਭਰਭੂਰ।’
ਰੋਮੀ ਆਪਣੇ ਆਪਣੀ ਭਵਿੱਖੀ ਯੋਜਨਾਬੰਦੀ ਬਾਰੇ ਦੱਸਦਾ ਹੈ ਕਿ ਉਸਦੇ ਤਿੰਨ ਸੋਲੋ ਗੀਤ ਰੋਪੜ ਸ਼ਹਿਰ ਦੀ ਪੁਕਾਰ, ਜੈ ਜੈਕਾਰ ਹੈ ਬਾਬਿਆਂ ਦੀ ਅਤੇ ਪੁਆਧੀ ਰੂਟ ਰਿਕਾਰਡ ਹੋਏ ਤਿਆਰ ਪੲੇ ਹਨ। ਜੋ ਖਾਲਸਾ ਫੋਟੋਗ੍ਰਾਫੀ, ਤਾਜ ਵੀਡੀਓ ਸ਼ੂਟਿੰਗ ਅਗਲੇ ਖਾਲਸਾ ਟੀ ਵੀ ਚੈਨਲ ਦੁਆਰਾ ਜਲਦ ਹੀ ਫਿਲਮਾ ਕੇ ਇੱਕ ਇੱਕ ਕਰ ਰੀਲੀਜ਼ ਕਰ ਦਿੱਤੇ ਜਾਣਗੇ।
ਸਾਹਿਤਕਾਰੀ, ਗਾਇਕੀ ਅਤੇ ਅਦਾਕਾਰੀ ਦੇ ਨਾਲ਼ ਨਾਲ਼ ਰੋਮੀ ਦੇ ਸਮਾਜ ਸੇਵਾ ਹਿੱਤ ਕੀਤੇ ਜਾਂਦੇ ਕੰਮਾਂ ਨੂੰ ਅੱਖੋਂ ਪਰੋਖੇ ਕਰਨਾ ਨਾ-ਇਨਸਾਫੀ ਹੋਵੇਗੀ। ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੀ ਇਕਾਈ ਰੋਪੜ ਦੇ ਮੀਡੀਆ ਵਿਭਾਗ ਮੁਖੀ, ਰੋਪੜ ਦੀਆਂ ਚਿੰਤਕ ਸ਼ਖ਼ਸੀਅਤਾਂ ਦੁਆਰਾ ਬਣਾਏ ਲੋਕ ਜਗਾਓ ਮੰਚ ਪੰਜਾਬ ਦੇ ਜਨਰਲ ਸਕੱਤਰ ਅਤੇ ਅੰਤਰ-ਰਾਸ਼ਟਰੀ ਸੰਸਥਾ ਐੱਨ ਆਰ ਆਈ ਇਨਕਲਾਬੀ ਮੰਚ ਦੇ ਕੌਮਾਂਤਰੀ ਕੋਆਰਡੀਨੇਟਰ ਵਜੋਂ ਮੂਹਰੀਲਾਂ ਸਫ਼ਾਵਾਂ ਵਿੱਚ ਵਿਚਰਨ ਵਾਲ਼ਾ ਰੋਮੀ ਸਿੱਖਿਆ ਕੇਂਦਰਾਂ ਵਿੱਚ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਤਾਂ ਨਿੱਜੀ ਤੌਰ ਤੇ ਇੱਕਲਾ ਹੀ ਹਿੱਕ ਡਾਹ ਕੇ ਖੜ੍ਹ ਜਾਂਦਾ ਹੈ।
ਫਿਰ ਚਾਹੇ ਉਹ ਪੱਲਿਉਂ ਸਕੂਲ ਦਾ ਗੇਟ ਜਾਂ ਡੈਸਕ ਬਣਵਾਉਣੇਂ ਹੋਣ, ਭਰਤ ਪਵਾਉਣਾ ਹੋਵੇ, ਪਾਣੀ ਦੀ ਟੈਂਕੀ ਰਖਵਾਉਣੀ ਹੋਵੇ, ਸਟੇਸ਼ਨਰੀ ਦੇਣੀ ਹੋਵੇ ਅਤੇ ਚਾਹੇ ਸਕੂਲ ਵਿੱਚ ਮਾਸਟਰ ਦੀ ਅਸਾਮੀ ਦੀ ਪੂਰਤੀ ਲਈ ਵਿਭਾਗੀ ਦਫ਼ਤਰਾਂ ਵਿੱਚ ਮਹੀਨਿਆਂ ਬੱਧੀ ਚੱਕਰ ਕੱਟਣੇ ਹੋਣ। ਆਪਣੀਆਂ ਧੀਆਂ ਦੇ ਜਨਮਦਿਨਾਂ ਮੌਕੇ ਤਰਕਸ਼ੀਲ ਮੇਲੇ, ਜਾਦੂ ਸ਼ੋਅ ਅਤੇ ਤਰਕ ਵਾਰਤਾਵਾਂ ਕਰਵਾਉਣ ਲਈ ਬਜਿੱਦ ਉਹ ਦੱਸਦਾ ਹੈ ਕਿ ਇਹ ਸਭ ਕਰਨ ਦੇ ਕਾਬਲ ਬਣਾਉਣ ਅਤੇ ਸ਼ਖ਼ਸੀਅਤ ਵਜੋਂ ਇਸ ਮੁਕਾਮ ਤੱਕ ਪਹੁੰਚਣ ਪਿੱਛੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੀਰ ਰਵਿੰਦਰ ਸਿੰਘ ਕਾਕਾ ਮੁਣਸ਼ੀਵਾਲਾ, ਰੁਪਿੰਦਰ ਜੋਧਾਂ ਜਾਪਾਨ, ਬੀਬੀ ਰਣਬੀਰ ਕੌਰ ਬੱਲ ਯੂ.ਐੱਸ.ਏ, ਡਾ:- ਧਰਮ ਸਿੰਘ ਹਰਪਾਲ ਕਮਲ ਨਰਸਿੰਗ ਹੋਮ ਅਤੇ ਡਾ:- ਅਨਿਲ ਦੀਵਾਨ (ਬੱਚਿਆਂ ਦੇ ਮਾਹਿਰ) ਰੋਪੜ ਦਾ ਅਹਿਮ ਯੋਗਦਾਨ ਹੈ।
ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਸੇਵਾ ਕਰਦੀ ਇਸ ਕਲਮ ਦੀਆਂ ਸਾਹਿਤਕ ਸੇਵਾਵਾਂ ਤੇ ਜਿੰਨਾ ਮਾਣ ਕੀਤਾ ਜਾਵੇ ਉਹ ਘੱਟ ਹੈ । ਮੈਂ ਆਸ ਕਰਦਾ ਹਾਂ ਕਿ ਲੋਕਾਂ ਨੂੰ ਆਪਣੀ ਕਲਮ, ਆਪਣੀ ਗਾਇਕੀ ਅਤੇ ਅਦਾਕਾਰੀ ਰਾਹੀਂ ਜਾਗਰੂਕ ਕਰਦਾ ਤੇ ਸੁੱਤੀਆਂ ਜ਼ਮੀਰਾਂ ਨੂੰ ਹਲੂਣਦਾ ਬਹੁ ਕਲਾਵਾਂ ਦਾ ਮਾਲਕ ਰੋਮੀ ਘੜਾਮੇ ਵਾਲਾ ਤਰੱਕੀਆਂ ਦੇ ਸਿਖਰਾਂ ਨੂੰ ਛੋਹੇ ਅਤੇ ਸਾਰੇ ਮਾਣ ਸਨਮਾਨ ਉਸ ਦੇ ਕਦਮਾਂ ਵਿੱਚ ਹੋਣ ।
ਰਮੇਸ਼ਵਰ ਸਿੰਘ ਪਟਿਆਲਾ
9914880392