(ਸਮਾਜ ਵੀਕਲੀ)
ਮੈਂ ਸਮੇਂ ਦਾ ਹਾਣੀ ਮੇਰੇ ਦੋਸਤੋ ।
ਮੇਰੀ ਅਜਬ ਕਹਾਣੀ ਮੇਰੇ ਦੋਸਤੋ।
ਮੈਂ ਹੀ ਜਿੱਤਾਂਗਾ ਕਿ ਮੇਰੇ ਨਾਲ਼ ਹੈ,
ਸਿਰਲੱਥਾਂ ਦੀ ਢਾਣੀ ਮੇਰੇ ਦੋਸਤੋ ।
ਕੇਹਾ ਭੈੜਾ ਮੌਸਮ ਆਇਆ ਦੇਖ ਲਓ,
‘ਵਾ ਵੀ ਆਦਮ ਖਾਣੀ ਮੇਰੇ ਦੋਸਤੋ ।
ਹੱਕ ਲੈਣ ਦੀ ਜਾਚ ਅਸਾਂ ਨੂੰ ਆਈ ਹੁਣ,
ਵੰਡ ਰਹੂ ਨਾ ਕਾਣੀ ਮੇਰੇ ਦੋਸਤੋ ।
ਕੰਬ ਗਿਆ ਹੱਥ ਉਸ ਤੋਂ ਗੋਲ਼ੀ ਚੱਲੀ ਨਾ,
ਜਦ ਮੈਂ ਛਾਤੀ ਤਾਣੀ ਮੇਰੇ ਦੋਸਤੋ ।
ਜਮਦੀਆਂ ਸੂਲ਼ਾਂ ਵਾਂਗ ਅਸਾਡੇ ਮੂੰਹ ਤਿੱਖੇ,
ਭਾਵੇਂ ਉਮਰ ਨਿਆਣੀ ਮੇਰੇ ਦੋਸਤੋ ।
ਗਾਓ ਨਗਮੇਂ ਹੁਣ ਤਾਂ ਸੁੱਚੀਆਂ ਕਿਰਤਾਂ ਦੇ,
ਹੋ ਗਈ ਹੀਰ ਪੁਰਾਣੀ ਮੇਰੇ ਦੋਸਤੋ ।
ਮੂਲ ਚੰਦ ਸ਼ਰਮਾ ਪ੍ਰਧਾਨ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 9478408898