ਜੀਅ ਰਹੇ ਨੇ ਸਹਿਮ ਵਿਚ ਲੋਕੀ,ਅੰਧੇਰੇ ਦੀ ਤਰ੍ਹਾਂ ।
ਦੀਪ ਕੋਈ,ਕੋਈ ਜਗਦਾ ਹੈ,ਸਵੇਰੇ ਦੀ ਤਰ੍ਹਾਂ।
ਉਹ ਬੜਾ ਚਾਤੁਰ ਮਦਾਰੀ,ਜੋ ਵਜਾਉਂਦਾ ਵੰਝਲੀ,
ਕੀਲ ਕੇ ਪਾਉਂਦਾ ਪਟਾਰੀ ਵਿਚ,ਸਪੇਰੇ ਦੀ ਤਰ੍ਹਾਂ।
ਦਾਤਰੀ ਪਾਉਂਦਾ ਜੜ੍ਹਾਂ ਵਿਚ ਛਾਂ ਦਿੰਦੇ ਨੇ ਰੁੱਖ ਜੋ,
ਫੁੱਲ ਕਾਗਜ਼ ਦੇ ਸਜਾਉਂਦਾ ਹੈ,ਬਨੇਰੇ ਦੀ ਤਰ੍ਹਾਂ।
ਪਰਦਿਆਂ ਵਿਚ ਹੈ ਛੁਪਾਉਂਦਾ ਭੇਤ ਅਪਣੇ ਸ਼ਖਸ ਉਹ,
ਫ਼ਖ਼ਰ ਅਪਣੇ ਆਪ ਤੇ ਕਰਦਾ,ਚੰਗੇਰੇ ਦੀ ਤਰ੍ਹਾਂ।
ਖੋਰਦਾ ਕੰਢੇ ਸਮੁੰਦਰ ਉਠ ਰਹੇ ਨੇ ਜ਼ਲਜ਼ਲੇ ,
ਜਾਲ ਲਾਉਂਦਾ,ਮਛਲੀਆਂ ਨੂੰ,ਉਹ ਮਛੇਰੇ ਦੀ ਤਰ੍ਹਾਂ।
ਵੰਡਣੀ ਆਪਾਂ ਮੁਹੱਬਤ,ਮਹਿਕ ਝਲਕੇ,ਪਿਆਰ ਦੀ,
ਰਾਤ ਰਾਣੀ ਮਹਿਕਦੀ ਜੀਕਣ,ਚੁਫੇਰੇ ਦੀ ਤਰ੍ਹਾਂ ।
ਫੁੱਲ ਟੁੱਟੇ ਨਾ ਕੋਈ ਵੀ,ਬਾਗ਼ ਵਿੱਚੋਂ ਮਹਿਕਦਾ,
ਰੱਖਣਾ ਪਹਿਰਾ,ਹਨੇਰੇ ਵਿਚ,ਸਵੇਰੇ ਦੀ ਤਰ੍ਹਾਂ ।
ਮੇਜਰ ਸਿੰਘ ਰਾਜਗੜ੍ਹ