(ਸਮਾਜ ਵੀਕਲੀ)
ਬਦਲੀ ਫਿਜ਼ਾ ਕੀ ਸ਼ਹਿਰ ਦੀ ਅਪਣਾ ਬੇਗਾਨਾ ਹੋ ਗਿਆ।
ਪਾਣੀ ਤੇ ਲੀਕਾਂ ਵਾਂਗ ਹੀ ਅਜਕਲ ਯਰਾਨਾ ਹੋ ਗਿਆ।
ਤੇਰੇ ਬਿਨਾ ਜੋ ਗੀਤ ਸੀ ਇਕ ਮਰਸੀਏ ਦੇ ਵਾਂਗਰਾਂ,
ਉਹ ਨਾਲ ਤੇਰੇ ਮਾਖਿਓਂ ਮਿੱਠਾ ਤਰਾਨਾ ਹੋ ਗਿਆ।
ਆਉਣੀ ਹੈ ਥੋਨੂੰ ਯਾਦ ਕਿਉਂ ਭੁੱਲੇ ਪਲਾਂ ਦੀ ਫੇਰ ਤੋਂ,
ਥੋਡੇ ਲਈ ਇਹ ਬੀਤਿਆ ਕੋਈ ਜ਼ਮਾਨਾ ਹੋ ਗਿਆ।
ਵਿਸ਼ਵਾਸ ਨਾਂ ਦੀ ਚੀਜ਼ ਹੀ ਨਾ ਰਹਿ ਗਈ ਹੁਣ ਏਸ ਵਿਚ,
ਹੁਣ ਦੁਸ਼ਮਣੀ ਦੇ ਵਾਂਗਰਾਂ ਹੀ ਦੋਸਤਾਨਾ ਹੋ ਗਿਆ।
ਜਿਸ ਦੇ ਵੀ ਮੂੰਹੋਂ ਸੁਣ ਲਵੋ ਇੱਕ ਨਾਂ ਤੇਰਾ ਹੀ ਸੁਣ ਰਿਹੈ,
ਹਰ ਸ਼ਖਸ ਤੇਰੇ ਸ਼ਹਿਰ ਦਾ ਲਗਦੈ ਦੀਵਾਨਾਂ ਹੋ ਗਿਆ ।
ਮਹਿਫ਼ਲ ‘ਚ ਸੋਹਣੇ ਯਾਰ ਨੇ ਜਦ ਲਿਟ ਸਵਾਰੀ ਆਪਣੀਂ,
ਅੰਦਾਜ਼ ਮਹਿਫ਼ਲ ਦਾ ਉਸੇ ਪਲ ਸ਼ਾਇਰਾਨਾ ਹੋ ਗਿਆ।
ਚੋਂਦੀ ਰਹੀ ਕੁੱਲੀ ਜਦੋਂ ਦਿਨ ਰਾਤ ਇਕ ਮਜਦੂਰ ਦੀ,
ਉਸਦਾ ਵਸੇਬਾ ਰੁੜ੍ਹ ਗਿਆ ਤੇ ਕਾਨਾ ਕਾਨਾ ਹੋ ਗਿਆ।
ਅੱਖਾਂ ਤੇ ਪੱਟੀ ਬੰਨ੍ਹ ਵੀ ਲਾਊ ਠਿਕਾਣੇ ਤੀਰ ਉਹ,
ਪਹਿਲੀ ਨਜ਼ਰ ਅਰਜਣ ਜਿਹਾ ਜਿਸ ਦਾ ਨਿਸ਼ਾਨਾ ਹੋ ਗਿਆ।
ਉਸਦੀ ਗ਼ਜ਼ਲ ਵਿਚ ਦਰਦ ਹੈ ਇਕ ਹੂਕ ਹੈ ਆਵਾਮ ਦੀ,
ਕਿੱਦਾਂ ਕਿਹਾ ਤੂੰ ‘ਮੱਖਣਾਂ’ ਇਹ ਸ਼ਾਇਰਾਨਾ ਹੋ ਗਿਆ।
ਮੱਖਣ ਸੇਖੂਵਾਸ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly