ਗ਼ਜ਼ਲ / ਮਲਕੀਤ ਮੀਤ

ਮਲਕੀਤ ਮੀਤ

(ਸਮਾਜ ਵੀਕਲੀ)

 

ਮੈਂ ਹਾਂ ਮਾਲੀ ਬਾਗ਼ ਤੇਰੇ ਦਾ ਬਾਗ਼ ਸਜਾਉਂਦਾ ਰਹਿੰਦਾ ਹਾਂ !
ਫੁੱਲਾਂ ਤੇ ਕੰਡਿਆਂ ਸੰਗ ਨਿਸ-ਦਿਨ ਲਾਡ ਲਡਾਉਂਦਾ ਰਹਿੰਦਾ ਹਾਂ !

ਜਦ ਜ਼ਿੰਦਗੀ ਦੀ ਪੱਤਝੜ ਰੁੱਤੇ ਘੋਰ ਉਦਾਸੀ ਛਾ ਜਾਵੇ,
ਅੈਸੀ ਰੁੱਤੇ ਵੀ ਸ਼ਗਨਾਂ ਦੇ ਗੀਤ ਹੀ ਗਾਉਂਦਾ ਰਹਿੰਦਾ ਹਾਂ !

ਸੂਲਾਂ-ਫੁੱਲ ‘ਤੇ ਖ਼ਿਜ਼ਾਂ-ਬਹਾਰਾਂ ਇਹ ਤਾਂ ਸੱਚ ਹੈ ਜੀਵਨ ਦਾ,
ਬੇ-ਮੌਸਮੀ ਰੁੱਤ ਵਿੱਚ ਵੀ ਮੈਂ ਹੱਸਦਾ ਗਾਉਂਦਾ ਰਹਿੰਦਾ ਹਾਂ !

ਦਿਨ ਦੇ ਤਾਂ ਮਹਿਮਾਨ ਬੜੇ ਨੇ ਰਾਤ ਨੂੰ ਅੱਖਰ ਸਾਥੀ ਨੇ,
ਅੱਖਰਾਂ ਦੀ ਬੁੱਕਲ਼ ਵਿੱਚ ਬਹਿ ਕੇ ਕਲਮ ਚਲਾਉਂਦਾ ਰਹਿੰਦਾ ਹਾਂ !

ਮਾਫ਼ੀਨਾਮਾ ਲਿਖ ਕੇ ਹਰ-ਪਲ ਖੀਸੇ ਦੇ ਵਿੱਚ ਰੱਖਦਾ ਹਾਂ,
ਸਮਝੋਤੇ ਦੀ ਛਾਵੇਂ ਬਹਿ ਕੇ ਜਿਸਮ ਮਘਾਉਂਦਾ ਰਹਿੰਦਾ ਹਾਂ !

ਖ਼ੌਰੇ ਜੀਵਨ ਦੇ ਇਸ ਦਿਨ ਦੀ ਸ਼ਾਮ ਕਦੋਂ ਢਲ ਜਾਂਣੀ ਐ,
ਸਿਖ਼ਰ ਦੁਪਹਿਰੇ ਤ੍ਰਿਕਾਲਾਂ ਦਾ ਜਸ਼ਨ ਮਨਾਉਂਦਾ ਰਹਿੰਦਾ ਹਾਂ !

ਮੈਂ “ਮਲਕੀਤ” ਨੂੰ ਰੱਬ ਜਾਣੇ ਤੈਂ ਮੀਤ ਬਣਾਇਆ ਕਿਸ ਵੇਲੇ,
ਸ਼ਬਦਾਂ ਵਾਲੇ ਨਾਗ-ਵਲੇਵੇਂ ਕੱਢਦਾ ਪਾਉਂਦਾਂ ਰਹਿੰਦਾ ਹਾਂ !

…………….✍️

Previous articleਕਰੋਨਾ-2, ਸਰਦੀ ਅਤੇ ਸਮਾਜ
Next articleElephant Atta launches the first chapatti flour high in Vitamin D