(ਸਮਾਜ ਵੀਕਲੀ)
ਬੱਸ ਦਾ ਮਾਲਿਕ ਸਤਨਾਮ ਸਿੰਘ ਆਪਣੇ ਦਫਤਰ ਵਿੱਚ ਕਿਸੇ ਡੂੰਘੀ ਚਿੰਤਾ ਵਿੱਚ ਡੁੱਬਿਆ ਬੈਠਾ ਸੀ। ਕਰੋਨਾ ਨਾਂ ਦੀ ਬਿਮਾਰੀ ਨੇ ਪਿਛਲੇ ਇੱਕ ਸਾਲ ਤੋਂ ਕਾਰੋਬਾਰ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਸੀ। ਡਰਾਈਵਰ ਤੇ ਬੱਸ ਕੰਡਕਟਰ ਨੂੰ ਪਹਿਲਾਂ ਤਾਂ ਗੁਜਾਰੇ ਜੋਗੇ ਪੈਸੇ ਦੇ ਦਿੱਤੇ ਪਰ ਹਾਲਾਤ ਵੱਸ ਤੋਂ ਬਾਹਰ ਹੋ ਜਾਣ ਕਾਰਣ ਉਸਨੇ ਅਸਮਰੱਥ ਹੋ ਕੇ ਉਹਨਾਂ ਨੂੰ ਵੀ ਆਖ ਦਿੱਤਾ ਕਿ ਤੁਸੀਂ ਕੋਈ ਹੋਰ ਕੰਮ ਵੇਖ ਲਓ। ਜਦੋਂ ਸਰਕਾਰ ਵੱਲੋਂ ਕੋਈ ਆਦੇਸ਼ ਜਾਰੀ ਹੋਇਆ ਤਾਂ ਮੈਂ ਤੁਹਾਨੂੰ ਸੱਦ ਲਵਾਂਗਾ।
ਪਿਛਲੇ ਪੰਜ ਮਹੀਨਿਆਂ ਤੋਂ ਲਾਕਡਾਊਨ ਖੁੱਲਣ ਕਰਕੇ ਧੀਮੀ ਚਾਲ ਨਾਲ ਬੱਸ ਦਾ ਕੰਮ ਚੱਲ ਨਿਕਲਿਆ ਸੀ। ਬੱਸ ਦੀ ਕਿਸਤ ਭਰਦੇ ਭਰਦੇ ਸਤਨਾਮ ਦੀ ਜਮਾਂ ਪੂੰਜੀ ਵੀ ਖੁਰ ਗਈ ਸੀ।ਹੁਣ ਘੱਟ ਸਵਾਰੀ ਮਿਲਣ ਕਰਕੇ ਵੀ ਉਹਦੀ ਆਈ ਚਲਾਈ ਜਿਵੇਂ ਕਿਵੇਂ ਚੱਲੀ ਜਾ ਰਹੀ ਸੀ।
ਸਤਨਾਮ ਨੇ ਮਿੰਨਤ ਤਰਲਾ ਕਰਕੇ ਕਿਸੇ ਦੂਰ ਦੇ ਰਿਸ਼ਤੇਦਾਰ ਦੀ ਸਿਫਾਰਿਸ਼ ਨਾਲ ਬੱਸ ਦਾ ਰੂਟ ਪਾਸ ਕਰਵਾਇਆ ਸੀ। ਅੱਜਕਲ੍ਹ ਪ੍ਰਾਈਵੇਟ ਬੱਸਾਂ ਦੀ ਮਾਲਕੀ ਵੀ ਵੱਡੇ ਵੱਡੇ ਧਨਾਢ ਬੰਦਿਆਂ ਦੇ ਹੱਥਾਂ ਵਿੱਚ ਆ ਗਈ ਸੀ। ਚੋਣਾਂ ਵੇਲੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਵੀ ਸੌ ਤਰ੍ਹਾ ਦੀਆਂ ਵੰਗਾਰਾਂ ਕਰਨੀਆਂ ਪੈਂਦੀਆਂ ਸਨ।
ਏਨੇ ਨੂੰ ਕੰਡਕਟਰ ਨੇ ਆ ਕੇ ਸਤਨਾਮ ਨੂੰ ਅੱਜ ਦਾ ਸਾਰਾ ਹਿਸਾਬ ਕਿਤਾਬ ਫੜਾ ਦਿੱਤਾ। ਪੂਰੀ ਦਿਹਾੜੀ ਵਿੱਚ ਅੱਜ 1550 ਰੁਪਏ ਦਾ ਡੀਜਲ ਕੋਲੋਂ ਮੱਚ ਗਿਆ ਸੀ। ਸਤਨਾਮ ਨੇ ਕੰਡਕਟਰ ਨੂੰ ਕੋੜ੍ਹ ਅੱਖ ਨਾਲ ਵੇਖਿਆ। ਡਰਾਈਵਰ ਬੋਲ ਪਿਆ। ਸਰਦਾਰ ਜੀ! ਸਰਕਾਰ ਨੇ ਔਰਤਾਂ ਦਾ ਬੱਸ ਕਿਰਾਇਆ ਮਾਫ਼ ਕਰਕੇ ਸਾਨੂੰ ਤਾਂ ਨਵਾਂ ਹੀ ਸਿਆਪਾ ਖੜ੍ਹਾ ਕਰ ਦਿੱਤਾ ਹੈ। ਸਾਰੀ ਲੇਡੀਜ਼ ਸਵਾਰੀ ਸਫ਼ਰ ਮੁਫ਼ਤ ਹੋਣ ਕਰਕੇ ਸਰਕਾਰੀ ਬੱਸ ਵਿੱਚ ਹੀ ਚੜਨ ਲੱਗ ਪਈ ਹੈ। ਹੁਣ ਤਾਂ ਸਕੂਲਾਂ ਦਾ ਡੇਲੀ ਵਾਲਾ ਲੇਡੀਜ਼ ਸਟਾਫ ਵੀ ਸਾਡੇ ਨਾਲ ਆਉਣੋਂ ਹਟ ਗਿਆ ਹੈ। ਜਨਾਨੀ ਨਾਲ ਜਿਹੜਾ ਬੰਦਾ ਹੁੰਦਾ ਉਹ ਵੀ ਸਰਕਾਰੀ ਬੱਸ ਵਿੱਚ ਚੜ ਜਾਂਦਾ।ਇਸ ਕਰਕੇ ਅੱਜ ਸਾਰਾ ਦਿਨ ਘੱਟ ਸਵਾਰੀ ਆਪਣੇ ਹੱਥ ਲੱਗੀ।
ਕੰਡਕਟਰ ਵੀ ਵਿਚਾਰਾ ਉਦਾਸ ਜਿਹਾ ਹੋ ਕੇ ਕਹਿਣ ਲੱਗਿਆ, ਸਰਦਾਰ ਜੀ! ਆਪਣੇ ਨਾਲੋਂ ਤਾਂ ਚੰਗਾ ਆਹ ਭੁਜੀਆ ਵਾਲਾ ਤਰੱਕੀ ਤੇ ਹੈ।ਓਹਨੇ ਦੂਰ ਖੜ੍ਹੇ ਭੁਜੀਆ ਵੇਚਣ ਵਾਲੇ ਵੱਲ ਇਸ਼ਾਰਾ ਕਰਕੇ ਕਿਹਾ। “ਟਿਕਟ ਨਾ ਲੱਗਣ ਕਰਕੇ ਬੁੜੀਆਂ ਉਹਨਾਂ ਪੈਸਿਆਂ ਨਾਲ ਫੇਰੀ ਵਾਲੇ ਤੋਂ ਨਿੱਕ ਸੁੱਕ ਵੱਧ ਲੈਣ ਲੱਗ ਪਈਆਂ ਨੇ।” ਇਹ ਮੁਫ਼ਤ ਵਿੱਚ ਮਿਲ ਰਹੀਆਂ ਸਹੂਲਤਾਂ ਤਾਂ ਸਾਡੀ ਨਿਉਂ ਜੜ੍ਹ ਵੱਢਣ ਲੱਗ ਪਈਆਂ ਨੇ।
ਸਤਨਾਮ ਸਿੰਘ ਨੇ ਇੱਕ ਡੂੰਘਾ ਹਉਕਾ ਭਰਿਆ ਤੇ ਕਹਿਣ ਲੱਗਿਆ ਜਦੋਂ ਮੇਰੇ ਖੇਤ ਦੀ ਮੋਟਰ ਦਾ ਬਿੱਲ ਮਾਫ਼ ਹੋਇਆ ਸੀ। ਉਸ ਵੇਲੇ ਮੈਂ ਬਹੁਤ ਖੁਸ਼ ਸੀ। ਜਦੋਂ ਸਰਕਾਰ ਨੇ ਆਟਾ ਦਾਲ ਮੁਫ਼ਤ ਦਿੱਤੀ ਤੁਸੀਂ ਲੋਕ ਵੀ ਉਸ ਵੇਲੇ ਖੁਸ਼ ਹੋਏ। ਇਹ ਸਰਕਾਰਾਂ ਦੇ ਮੁਫ਼ਤਖੋਰੀ ਦੇ ਗੱਫੇ ਇੰਝ ਇੱਕ ਦਿਨ ਸਾਡੇ ਗਲੇ ਵਿੱਚ ਹੱਡੀ ਬਣ ਜਾਣਗੇ ਕਦੇ ਸੋਚਿਆ ਵੀ ਨਹੀਂ ਸੀ।
ਦਿਨੇਸ਼ ਨੰਦੀ
9417458831