ਜੰਮੂ, (ਸਮਾਜ ਵੀਕਲੀ): ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਇੱਥੇ ਕਿਹਾ ਕਿ ਪਿਛਲੇ ਢਾਈ ਸਾਲ ’ਚ ਜੰਮੂ ਕਸ਼ਮੀਰ ’ਚ ਵਪਾਰ ਤੇ ਵਿਕਾਸ ਗਤੀਵਿਧੀਆਂ ’ਚ ਕਮੀ ਆਈ ਹੈ ਅਤੇ ਲੋਕ ਗਰੀਬੀ ਵੱਲ ਵੱਧ ਰਹੇ ਹਨ। ਭਾਜਪਾ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਸੇਧਦਿਆਂ ਆਜ਼ਾਦ ਨੇ ਕਿਹਾ ਕਿ ਮਹਾਰਾਜਿਆਂ ਦਾ ਤਾਨਾਸ਼ਾਹ ਰਾਜ ਮੌਜੂਦਾ ਸਰਕਾਰ ਮੁਕਾਬਲੇ ਕਿਤੇ ਬਿਤਹਰ ਸੀ ਜਿਸ ਨੇ ਸਾਲ ’ਚ ਦੋ ਵਾਰ ਦਰਬਾਰ ਤਬਦੀਲ ਕਰਨ ਦੀ ਰਵਾਇਤ ਬੰਦ ਕਰ ਦਿੱਤੀ। ਦਰਬਾਰ ਤਬਦੀਲ ਤਹਿਤ ਗਰਮੀ ਦੇ ਛੇ ਮਹੀਨੇ ਸਿਵਲ ਸਕੱਤਰੇਤ ਤੇ ਹੋਰ ਦਫ਼ਤਰ ਸ੍ਰੀਨਗਰ ਤਬਦੀਲ ਹੋ ਜਾਂਦੇ ਸਨ ਜਦਕਿ ਸਾਲ ਦੇ ਬਾਕੀ ਛੇ ਮਹੀਨੇ ਇਨ੍ਹਾਂ ਦਾ ਕੰਮਕਾਰ ਜੰਮੂ ਤੋਂ ਹੁੰਦਾ ਸੀ। ਇਸ ਦੀ ਸ਼ੁਰੂਆਤ ਮਹਾਰਾਜਾ ਗੁਲਾਬ ਸਿੰਘ ਨੇ 1872 ’ਚ ਕੀਤੀ ਸੀ ਤੇ ਉੱਪ ਰਾਜਪਾਲ ਮਨੋਜ ਸਿਨਹਾ ਨੇ 20 ਜੂਨ ਨੂੰ ਇਹ ਪ੍ਰਬੰਧ ਖਤਮ ਕਰਨ ਦਾ ਐਲਾਨ ਕੀਤਾ ਸੀ।
ਆਜ਼ਾਦ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਹਮੇਸ਼ਾ ਦਰਬਾਰ ਤਬਦੀਲ ਕਰਨ ਦੀ ਹਮਾਇਤਾ ਕਰਦਾ ਸੀ। ਮਹਾਰਾਜਿਆਂ ਨੇ ਸਾਨੂੰ ਤਿੰਨ ਚੀਜ਼ਾਂ ਦਿੱਤੀਆਂ ਜੋ ਕਸ਼ਮੀਰ ਤੇ ਜੰਮੂ ਦੋਵਾਂ ਇਲਾਕਿਆਂ ਦੇ ਲੋਕਾਂ ਦੇ ਹਿੱਤ ’ਚ ਸੀ ਤੇ ਉਨ੍ਹਾਂ ’ਚੋਂ ਇੱਕ ਦਰਬਾਰ ਤਬਦੀਲ ਕਰਨ ਦੀ ਰਵਾਇਤ ਸੀ।’ ਉਨ੍ਹਾਂ ਕਿਹਾ ਕਿ ਮਹਾਰਾਜਾ ਹਰੀ ਸਿੰਘ ਨੇ ਉਨ੍ਹਾਂ ਲੋਕਾਂ ਦੀ ਜ਼ਮੀਨ ਤੇ ਨੌਕਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜੋ ਇਸ ਖੇਤਰ ਤੋਂ ਨਹੀਂ ਸਨ। ਧਾਰਾ 370 ਮਨਸੂਖ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘ਅੱਜ ਇੰਨੇ ਸਾਲਾਂ ਬਾਅਦ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਜਿਨ੍ਹਾਂ ਨੂੰ ਤਾਨਾਸ਼ਾਹ ਕਿਹਾ ਜਾਂਦਾ ਸੀ, ਮੌਜੂਦਾ ਸਰਕਾਰ ਮੁਕਾਬਲੇ ਕਿਤੇ ਬਿਹਤਰ ਸਨ। ਮਹਾਰਾਜਾ ਦੇ ਕੰਮ ਲੋਕਾਂ ਦੀ ਭਲੇ ਲਈ ਸਨ ਜਦਕਿ ਮੌਜੂਦਾ ਸਰਕਾਰ ਨੇ ਸਾਡੇ ਤੋਂ ਤਿੰਨੋਂ ਚੀਜ਼ਾਂ (ਦਰਬਾਰ ਤਬਦੀਲ, ਜ਼ਮੀਨ ਤੇ ਨੌਕਰੀਆਂ ਦੀ ਸੁਰੱਖਿਆ) ਖੋਹ ਲਈ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly