ਗਰੀਬ ਦੀ ਗਾਥਾ

ਸੁਖਦੇਵ ਸਿੰਘ

(ਸਮਾਜ ਵੀਕਲੀ)

ਜਦੋਂ ਮੈਂ ਜਨਮਿਆਂ
ਨੰਗਾ ਪੁੱਤ ਦਾਈਆਂ ‘ਚ ਖੇਲੇ
ਵਾਲ਼ੀ ਗੱਲ ਸੀ
ਰੁਮਕਦੀ ਪੌਣ ਜਿਓਂ
ਕਿਸੇ ਕਵੀ ਦੇ ਰੱਖੇ
“ਅਜ਼ਾਦ” ਤਖ਼ੱਲਸ
ਤੋਂ ਵੀ ਵੱਧ ਅਜ਼ਾਦ
ਸ਼ਾਹਾਂ ਦਾ ਸ਼ਾਹ
ਕਾਰੂ ਬਾਦਸ਼ਾਹ ਸੀ ਮੈਂ
ਜ਼ਰਾ ਕੁ ਵੱਡਾ ਹੋਇਆ
ਤਾਂ ਤੰਗੀਆਂ ਤੁਰਸ਼ੀਆਂ
ਦਾ ਅਹਿਸਾਸ ਹੋਣ ਲੱਗਾ
ਕਦੇ ਬਸਤੇ ਦਾ ਵਾਸਤਾ
ਕਦੇ ਫ਼ੀਸ ਦੀ ਚੀਸ
ਪਾਟਿਆ ਪਜਾਮਾਂ
ਜੁੱਤੀ ਨਾਂ ਪੂਰੀ
ਸਾਫ਼ ਨਜ਼ਰ ਆਉਂਦੀ ਸੀ
ਬਾਪੂ ਦੀ ਮਜਬੂਰੀ
ਜਦੋਂ ਮੈਂ ਜਵਾਨ ਹੋਇਆ
ਤਾਂ ਬਾਪ ਚੱਲਦਾ ਹੋਇਆ
ਫਿਰ ਪਤਾ ਲੱਗਾ
ਲੂਣ ਤੇਲ ਲੱਕੜੀਆਂ
ਕਿਸ ਭਾਅ ਕੱਕੜੀਆਂ
ਰੂਹ ਬੜਾ ਰੋਈ
ਪਰ ਗਰੀਬ ਹਾਲੇ ਵੀ
ਨਾਂ ਹੋਈ
ਗਰੀਬ ਤਾਂ ਉਦੋਂ ਹੋਈ
ਜਦ ਮਸਾਂ ਮਰਕੇ ਲਈ ਡਿਗਰੀ
ਸਿਰ ਚੜ੍ਹਕੇ ਰੋਈ
ਗਰੀਬ ਤਾਂ ਉਦੋਂ ਹੋਈ
ਜਦ- ਧੂਤਿਆਂ ਦੀ ਧਾੜ
ਝੰਡੀ ਵਾਲ਼ੀ ਕਾਰ ਤੇ ਸਵਾਰ
ਧੂੜ ਉਡਾਉਂਦੀ
ਲੰਘ ਗਈ ਪਾਰ
ਜਸ਼ਨ ਮਨਾਏ ਗਏ
ਰਿਬਨ ਕੱਟੀ ਗਈ
ਸ਼ਰਮ ਹਿਯਾ ਮੂਲੋਂ
ਚੱਟੀ ਗਈ –
ਮੇਰੀ ਹਰ ਗੱਲ
ਵਿਚਾਲ਼ੇ ਕੱਟੀ ਗਈ
ਰੂਹ ਅਸਲ ਗਰੀਬ ਤਾਂ
ਉਦੋਂ ਹੋਈ- ਜਦ
ਗਰੀਬੂ ਦੀ ਘਰਵਾਲ਼ੀ
ਉਧਾਰ ਲੈਂਣ
ਹੱਟੀ ਗਈ -ਤੇ
ਘਰ ਪਰਤਿਆਂ ਸਾਰ
ਦੋਹੱਥੜ ਮਾਰ ਕੇ ਰੋਈ
ਹਾਏ ਮੈਂ ਪੱਟੀ ਗਈ
ਬੱਸ-ਇਹੋ ਹੈ
ਤੜਾਗੀ ਤੋਂ ਤਰੱਦਦ
ਤੱਕ ਦੀ ਗਾਥਾ
ਗਰੀਬ ਦੀ ਗਾਥਾ। 

– ਸੁਖਦੇਵ ਸਿੰਘ  0091 6283011456

Previous articleਵੈਕਸੀਨ ਜਾਨਾਂ ਬਚਾਉਣ ਅਤੇ ਕੋਵਿਡ ਨੂੰ ਹਰਾਉਣ ਲਈ ਅਹਿਮ: ਮੋਦੀ
Next articleਗੀਤਕਾਰ ਅਤੇ ਲੇਖਕ ਸਤਿਕਾਰਯੋਗ ਸ਼ੀ੍ ਗੁਰਚਰਨ ਸਿੰਘ ਬੋਪਾਰਾਏ ਹੁਣ ਇਸ ਦੂਨੀਆਂ ਵਿਚ ਨਹੀਂ ਰਹੇ