(ਸਮਾਜ ਵੀਕਲੀ)
ਮੇਰੇ ਦੇਸ਼ ਦੇ ਆਜ਼ਾਦ ਵੀਰ, ਭੈਣੋ ਅਤੇ ਬੱਚਿਉ ! ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ।
ਮੈਂ ਪੂਰੀ ਅਪਣੱਤ ਅਤੇ ਸੁਹਿਰਦ ਸੋਚ ਨਾਲ ਆਪ ਜੀ ਨੂੰ ਮੁਖਾਤਿਬ ਹੋਕੇ ਕੁੱਝ ਵਿਚਾਰ ਸਾਂਝੇ ਕਰ ਰਿਹਾ ਹਾਂ। ਦਲਿਤ ਸ਼ਬਦ ਸੰਵਿਧਾਨਿਕ ਸ਼ਬਦ ਨਹੀਂ ਹੈ। ਉੱਥੇ ਸ਼ਬਦ ਅਨੁਸੂਚਿਤ ਜਾਤੀ ਹੈ। ਦਲਿਤ ਸ਼ਬਦ ਮਾਣ ਕਰਨ ਯੋਗ ਵੀ ਨਹੀਂ ਹੈ। ਦਲਿਤ ਮਤਲਬ ਦਲਿ੍ਹਆ ਹੋਇਆ ,ਦਮਿਤ, ਦਬਾਇਆ ਵਰਗ,ਪਛੜਿਆ ਜਾਂ ਮੁੱਖ ਧਾਰਾ ਤੋਂ ਵਿਰਵਾ ਕੀਤਾ ਹੋਇਆ ਜਾਂ ਰਹਿ ਗਿਆ। ਵਰਗੀਕਰਣ ਵਿੱਚ ਸਭ ਤੋਂ ਹੇਠਾਂ ਅਨਪੜ੍ਹ ਅਤੇ ਅਤੀ ਗਰੀਬ ਦਲਿਤ, ਫਿਰ ਆਰਥਿਕ ਪੱਖੋਂ ਕੁੱਝ ਬੇਹਤਰ ਪਰ ਸਰਕਾਰੀ ਸਕੂਲਾਂ ਵਿੱਚ ਪੜਾਉਣ ਵਾਲੇ ਪਰ ਕਾਰੋਬਾਰ ਕਰਦੇ ਐਸ ਸੀ ਅਤੇ ਸਭ ਤੋਂ ਉੱਪਰ ਪੜ੍ਹੇ ਲਿਖੇ ਅਮੀਰ,ਆਮਦਨ ਕਰ ਦੇਣ ਵਾਲੇ,ਸਰਕਾਰੀ ਨੌਕਰੀ ਪੇਸ਼ਾ ਜਾਂ ਸਹਿਰੀ ਐਸ ਸੀ ਲੋਕ ਜਿਹਨਾਂ ਨੇ ਵਧੀਆ ਜੀਵਨ ਪੱਧਰ ਬਣਾ ਲਿਆ ਹੈ। ਉਪਰਲੇ ਵਰਗ ਦੇ ਬੱਚੇ ਮਹਿੰਗੇ ਪਬਲਿਕ ਸਕੂਲਾਂ ਵਿੱਚ ਪੜ੍ਹਕੇ ਭਾਰਤ ਜਾਂ ਵਿਦੇਸ਼ਾਂ ਵਿੱਚ ਵਧੀਆ ਜੀਵਨ ਜੀ ਰਹੇ ਹਨ।ਗਰੀਬ ਲੋਕ ਤਾਂ ਦੂਜੇ ਤਬਕਿਆਂ ਵਿੱਚ ਵੀ ਕਰੋੜਾਂ ਹਨ ਪਰ ਦਲਿਤ ਲੋਕ ਸਮਾਜਿਕ ਵਿਤਕਰੇ ਦੇ ਵੀ ਵੱਧ ਸ਼ਿਕਾਰ ਹਨ।ਮੈਂ ਸਾਫ਼ ਕਰ ਦਿਆਂ ਕਿ ਪੈਦਾ ਹੋਣ ਵੇਲੇ ਹਰ ਬੱਚੇ ਦੀ ਸਿਰਫ ਇੱਕ ਮਾਂ ਅਤੇ ਬਾਪ ਤੱਕ ਹੀ ਪਹਿਚਾਣ ਹੁੰਦੀ ਹੈ।ਇੱਕ ਘਰ ਵਿੱਚ ਰਹਿਣ ਕਰਕੇ ਉਸਨੂੰ ਇੱਕ ਗਲੀ ਮੁਹੱਲਾ ਆਪਣੇ ਆਪ ਮਿਲ ਜਾਂਦਾ ਹੈ। ਬਾਕੀ ਉਪਨਾਮ ਜਿਵੇਂ ਧਰਮ,ਜ਼ਾਤ,ਉਪ ਜਾਤ ਵੀ ਬਿਨਾ ਪੁੱਛੇ ਜੋੜ ਲਏ ਜਾਂਦੇ ਹਨ।ਪਰ ਅਜ਼ਾਦ ਦੇਸ਼ ਵਿੱਚ ਸਭ ਨੂੰ ਹੱਕ ਹੈ ਆਪਣਾਂ ਨਾਮ,ਧਰਮ ਜਾਂ ਉਪਨਾਮ ਰੱਖਣ ਦਾ। ਇੱਥੋਂ ਤੱਕ ਕਿ ਜੇਕਰ ਕੋਈ ਵਿਅਕਤੀ ਚਾਹੇ ਤਾਂ ਜਾਤੀ ਰਹਿਤ ਹੋ ਸਕਦਾ ਹੈ। ਸਿੱਖ ਧਰਮ ਵਿੱਚ ਵਿਧੀਵੱਧ ਤਰੀਕੇ ਨਾਲ ਜਦ ਵੀ ਅੰਮ੍ਰਿਤਪਾਨ ਕਰਨ ਵੇਲੇ ਰਹਿਤ ਮਰਿਆਦਾ ਵਿੱਚ ਸਿੰਘਾਂ ਨੂੰ ਮਾਨਸਿਕ ਗੁਲਾਮੀ ਲਾਹ ਸੁੱਟਣ ਵਜੋਂ ਹਦਾਇਤ ਹੁੰਦੀ ਹੈ ਕਿ ਅੱਜ ਤੋਂ ਬਾਅਦ “ਤੁਹਾਡਾ ਕਰਮ ਨਾਸ,ਧਰਮ ਨਾਸ,ਕੁਲ੍ਹ ਨਾਸ,ਜਾਤੀ ਨਾਸ,ਪਿੱਛਲੇ ਸਭ ਭਰਮ ਨਾਸ,ਪੂਜਾ ਇੱਕ ਅਕਾਲ ਪੁਰਖ ਦੀ, ਟੇਕ ਇੱਕ ਗੁਰੂ ਤੇ ਆਦਿ”।ਇਹਨਾਂ ਹੀ ਵਿਲੱਖਣ,ਅਣਖੀ ਅਤੇ ਜੁਝਾਰੂ ਸਿਧਾਂਤਾਂ ਕਾਰਨ ਹੀ ਬਾਬਾ ਸਾਹਿਬ ਡਾ ਅੰਬੇਦਕਰ ਜੀ ਨੇ ਸਿੱਖ ਧਰਮ ਅਪਣਾਉਣ ਦੀ ਇੱਛਾ ਨੂੰ ਪਹਿਲ ਦਿੱਤੀ ਸੀ ਜੋ ਉਸ ਵੇਲੇ ਦੀ ਜਾਤੀਵਾਦੀ ਸਿੱਖ ਲੀਡਰਸ਼ਿਪ ਨੇ ਸੌੜੀ ਸੋਚ ਕਰਕੇ ਨਹੀਂ ਮੰਨੀ ਅਤੇ ਵੱਡੀ ਇਤਿਹਾਸਿਕ ਭੁੱਲ ਕਰਕੇ ਅੱਜ ਤੱਕ ਹੱਥ ਨੂੰ ਛੱਡਕੇ ਤਲ੍ਹੀਆਂ ਚੱਟ ਰਹੇ ਹਨ। ਇਸ ਸਭ ਦੇ ਬਾਵਜੂਦ ਸਾਰੇ ਭਾਰਤ ਨਾਲ਼ੋਂ ਐਸ ਸੀ ਵਰਗ ਨੇ ਪੰਜਾਬ ਵਿੱਚ ਤੇਜ਼ੀ ਨਾਲ ਸਮੁੱਚੇ ਹਾਲਾਤ ਬੇਹਤਰ ਕੀਤੇ ਹਨ। ਪਰ ਗਰੀਬ ਦਲਿਤਾਂ ਨੂੰ ਦੋਹਰੀ ਮਾਰ ਕਰਕੇ ਇਹਨਾਂ ਲਈ ਗ਼ੈਰਤ, ਵਿਰੋਧ ਕਰਨ ਦੀ ਤਾਕਤ ਅਤੇ ਬਰਾਬਰੀ ਦਿਖਾਉਣ ਲਈ ਜੁਰਅਤ ਵਰਗੇ ਗੁਣ ਪੈਦਾ ਕਰਨੇ,ਸਿਰਫ ਪੜਾਈਕਾਰਨ ਹੀ ਸੰਭਵ ਹੋ ਸਕਦੇ ਹਨ। ਸਿਆਸਤ ਵਿੱਚ ਸਿਰਫ ਵੋਟ ਦੇ ਹੱਕ ਵਿੱਚ ਹੀ ਇਹਨਾਂ ਦੀ ਮੰਗ ਹੈ ਅਤੇ ਕਦਰ ਸਿਰਫ ਵੋਟਾਂ ਵਾਲੇ ਦਿਨਾਂ ਵਿੱਚ ਹੀ ਪੈਂਦੀ ਹੈ। ਇਸ ਵਰਗ ਲਈ ਇਹਨਾਂ ਦੀ ਪਛੜੇਪਨ(ਗਰੀਬੀ) ਦੀ ਵਜਾ ਕਰਕੇ ਖਾਸ ਰਿਆਇਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਰ ਸੰਵਿਧਾਨ ਦੇ ਨਿਰਮਾਤਾਵਾਂ ਖਾਸ ਕਰਕੇ ਭਾਰਤ ਰਤਨ ਡਾ ਭੀਮ ਰਾਉ ਅੰਬੇਦਕਰ ਜੀ ਦੀ ਦੂਰ ਅੰਦੇਸ਼ੀ ਅਤੇ ਗਰੀਬਾਂ ਨੂੰ ਵੀ ਇਸ ਜਲਾਲਤ ਵਿੱਚੋਂ ਕੱਢਣ ਲਈ ਉੁਹਨਾਂ ਦੇ ਦਰਦ ਦੇ ਸਦਕਾ ਰਾਖਵੇੰਕਰਨ ਦੀ ਜਰੂਰਤ ਮਹਿਸੂਸ ਕਰਨਾ ਸੀ। ਆਜਾਦੀ ਦੇ40ਕੁ ਸਾਲ ਬਾਅਦ ਤੋਂ ਹੀ ਰਾਖਵੇਂਕਰਨ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਜਾਣ ਲੱਗ ਪਿਆ ਹੈ।ਜਿਸ ਕਰਕੇ ਸਮਾਜੀ ਤੌ੍ਰ ਤੇ ਅਖੌਤੀ ਉਚੀਆਂ ਜਾਤਾਂ ਵਾਲਿਆਂ ਨੂੰ ਦਲਿਤ ਲੋਕਾਂ ਦੀ ਤਰੱਕੀ ਹਜ਼ਮ ਨਹੀ ਹੋ ਰਹੀ।
ਇਹ ਲੇਖ ਕਿਉਂ ——
ਇਹ ਲੇਖ ਵੀ ਤੁਹਾਡੀ ਤਰੱਕੀ ਵਾਸਤੇ ਹੀ ਹੈ। ਤੁਸੀਂ ਕਹੋਗੇ, ਤੁਸੀਂ ਤਾਂ ਖੁੱਦ ਹੀ ਸਭ ਆਪਣੀ ਤਰੱਕੀ ਬਾਰੇ ਬਾਖੂਬੀ ਜਾਣਦੇ ਹੋ। ਫਿਰ ਮੈਨੂੰ ਕੀ ਫ਼ਾਇਦਾ ਹੋਊ ਤੁਹਾਡੀ ਤਰੱਕੀ ਵਿੱਚ? ਜਾਂ ਬਿਨਾ ਵਜ੍ਹਾ ਮੈਂ ਕਿਉਂ ਫਿਕਰ ਕਰਦਾ ਹਾਂ। ਜ਼ਰੂਰ ਮੇਰਾ ਕੋਈ ਲੁੱਕਵਾਂ ਏਜੰਡਾ ਹੋਊਗਾ? ਮੇਰਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਹੋਊ ਤਾਂਕਿ ਮੈਂ ਚਿਕਨੀਆਂ ਚੋਪੜੀਆਂ ਗੱਲਾਂ ਦਾ ਜਾਲ ਬੁਣਕੇ , ਤੁਹਾਨੂੰ ਭਰਮਾ ਕੇ , ਤੁਹਾਡੀਆਂ ਵੋਟਾਂ ਦਾ ਵਪਾਰ ਕਰਕੇ ਪੰਜ ਸਾਲ ਲਈ ਮਾਲ ਕੱਠ੍ਹਾ ਕਰਕੇ ਰੂਪੋਸ਼ ਹੋ ਜਾਊਂਗਾ,ਜਾਂ ਫਿਰ ਮੈਂ ਖੁੱਦ ਦੀ ਨਵੀਂ ਪਾਰਟੀ ਖੜੀ ਕਰਨ ਦੀ ਸਕੀਮ ਘੜਕੇ ਤੁਹਾਨੂੰ ਨਵਾਂ ਛੁਨਛਨਾ ਦੇ ਰਿਹਾਂ। ਖ਼ੈਰ ਮੈਂ ਆਪਣੇ ਗੁਰੂ ਦੀ ਸਹੁੰ ਖਾ ਕੇ ਕਹਿ ਰਿਹਾਂ ਕਿ ਮੇਰਾ ਕੋਈ ਨਿੱਜੀ ਮੁਫ਼ਾਦ ਨਹੀਂ ਹੈ ਕਿਉਂਕਿ ਵਾਹਿਗੁਰੂ ਨੇ ਮੈਨੂੰ ਹਰ ਦੁਨਿਆਵੀ ਵਸਤੂ, ਨਾਲ ਮਾਲਾਮਾਲ ਕੀਤਾ ਹੈ ਜੋ ਮੈਂ ਸੁਪਨੇ ਵਿੱਚ ਵੀ ਸੋਚੀ ਸੀ। ਹਾਂ ਪਰ ਇਹ ਸਭ ਕੁੱਝ ਵਿੱਚ ਮੇਰੀ ਲਗਨ, ਮਿਹਨਤ, ਮਾਪਿਆਂ ਦਾ ਸਹਿਯੋਗ ਅਤੇ ਵੱਡੇ ਸੁਪਨੇ ਸਿਰਜਣ ਦਾ ਹੌਂਸਲਾ ਸੀ। ਹੁਣ 60 ਸਾਲ ਦੀ ਵਰੇਸ ਵਿੱਚ ਜਦੋਂ ਔਲਾਦ ਵੀ ਸੈੱਟ ਹੋ ਗਈ ਹੈ। ਮੇਰੇ ਬੱਚਿਆਂ ਨੇ ਖੁੱਦ ਕਿਹਾ ਹੈ ਕਿ ਮੈਂ ਆਪਣੀਆਂ ਰਹਿੰਦੀਆਂ ਰੀਝਾਂ ਮਰਨ ਤੋਂ ਪਹਿਲਾਂ ਪੂਰੀਆਂ ਕਰਾਂ ਤਾਂ ਮਨ ਨੂੰ ਬੜੀ ਤਸੱਲੀ ਹੈਅਤੇ ਮਾਣ (ਹੰਕਾਰ ਨਹੀਂ) ਮਹਿਸੂਸ ਕਰਦਾ ਹਾਂ ਕਿ ਮੈਂ ਸਫਲ ਬੰਦਾ ਹੋ ਨਿੱਬੜਿਆ ਹਾਂ। ਨਹੀਂ ਤਾਂ ਬਹੁਗਿਣਤੀ ਤਾਂ ਕਬਰਾਂ ਤੱਕ ਜਾਂਦੇ ਵੀ ਫਿਕਰਾਂ ਤੋਂ ਨਿਜ਼ਾਤ ਨਹੀਂ ਪਾਉਂਦੇ ਅਤੇ ਵਸੀਅਤਾਂ ਬਗੈਰ ਮਰ ਜਾਂਦੇ ਹਨ ਪਿੱਛੇ ਝੱਗੜਿਆਂ ਦਾ ਸਿਆਪਾ ਛੱਡਕੇ। ਇਸੇ ਕਰਕੇ ਸ਼ਾਇਦ ਹਲਫ਼ੀਆ ਬਿਆਨ ਵੀ ਲਿੱਖਣਾ ਜ਼ਰੂਰੀ ਸੀ।
ਕੁੱਝ ਮਾਨਤਾਵਾਂ
138 ਕਰੋੜ ਦੀ ਅਬਾਦੀ ਵਾਲੇ ਭਾਰਤ ਅਤੇ 3.07 ਕਰੋੜ ਦੀ ਪੰਜਾਬ ਦੀ ਅਬਾਦੀ ਵਾਲੇ ਸੂਬੇ ਵਿੱਚ ਬੇਰੁਜਗਾਰੀ ਚਰਮਸੀਮਾ ਤੇ ਹੈ। ਕਰੋਨਾ ਨੇ ਹੋਰ ਗੰਭੀਰ ਹਾਲਤ ਕੀਤੀ ਹੈ। ਸਭ ਤੋਂ ਪਹਿਲਾਂ ਕੁੱਝ ਕੁ ਮਾਨਤਾਵਾਂ ਨੂੰ ਵੀ ਪਹਿਲਾਂ ਹੀ ਰੱਖ ਲਈਏ ਤਾਂ ਠੀਕ ਰਹੇਗਾ। ਪਹਿਲੀ ਗੱਲ ਮੇਰੇ ਵਿਚਾਰਾਂ ਵਿੱਚ ਸਭ ਲਈ ਨੁੱਸਖੇ ਹਨ ਅਜ਼ਮਾਉਣੇ ਜਾਂ ਵਿਸਾਰ ਦੇਣੇ ਹਰੇਕ ਦਾ ਅਧਿਕਾਰ ਅਤੇ ਮਰਜ਼ੀ ਹੈ। ਸਮੇਂ ,ਸਥਾਨ,ਗਿਆਨ ਦਾ ਪੱਧਰ,ਆਰਥਿਕ ਹਾਲਤ ਅਤੇ ਉਮਰ ਦੇ ਵਖਰੇਵੇਂ ਕਾਰਣ ਇਹ ਗੱਲਾਂ ਦੇ ਨਤੀਜੇ ਤੁਹਾਡੀ ਆਪਣੀ ਸੋਚ ਅਤੇ ਮੇਰੇ ਸੁਝਾਅ ਮੰਨਣ ਦੀ ਹਿੰਮਤ ਉੱਤੇ ਨਿਰਭਰ ਕਰਨਗੇ।ਕਿਸੇ ਲ਼ਈ ਸੌ ਪ੍ਰਤੀਸ਼ਤ, ਕਿਸੇ ਲਈ 50% ਅਤੇ ਨੁਕਤਾਚੀਨੀ ਕਰਕੇ ਫ਼ਜ਼ੂਲ ਮੰਨਣ ਵਾਲ਼ਿਆਂ ਲਈ 0% ਵੀ।ਪਰ ਜੋ ਵੀ ਵਿਅਕਤੀ ਤਰੱਕੀ ਲਈ ਤਾਂਘਦਾ ਹੈ, ਮੇਰਾ ਦਾਅਵਾ ਹੈ ਕਿ ਉਹ ਮੇਰੇ ਜੀਵਨ ਚਾਰਟ ਨੂੰ ਅਪਣਾਕੇ ਸਫਲ ਜ਼ਰੂਰ ਹੋਵੇਗਾ। ਮੈਂ ਮੈਡੀਕਲ ਡਾਕਟਰ ਤਾਂ ਨਹੀਂ ਪਰ ਜ਼ਿੰਦਗੀ ਵਿੱਚ ਵਿੱਚਰਦਿਆਂ ਸਬਕ ਲਏ ਵੀ ਨੇ ਅਤੇ ਪਰਖੇ ਵੀ ਨੇ ਅਤੇ ਆਪਣੀਆਂ ਅੱਖਾਂ ਸਾਹਵੇਂ ਲੋਕਾਂ ਨੂੰ ਬੁਲੰਦੀਆਂ ਛੂਹਦਿਆਂ ਦੇਖਿਆ ਵੀ ਹੈ ਅਤੇ ਉਹ ਮੈਨੂੰ ਉਸਤਾਦਾਂ ਵਾਲਾ ਸਤਿਕਾਰ ਵੀ ਦਿੰਦੇ ਹਨ, ਮੇਰੇ ਚੇਲਿਆਂ ਵਰਗੇ ਦੋਸਤ ਹਨ ਅਤੇ ਮੇਰੇ ਪਰਿਵਾਰ ਦਾ ਹਿੱਸਾ ਹਨ। ਸ਼ਾਇਦ ਇਸੇ ਕਰਕੇ ਕੁੱਝ ਕਹਿਣ ਯੋਗ ਹੋ ਗਿਆ ਹਾਂ।ਖੁੱਦ ਨੂੰ ਸਮਾਜਿਕ ਵਿਗਿਆਨੀ ਮੰਨਦਾ ਹਾਂ।ਸੈਂਕੜੇ ਲੋਕਾਂ ਨੇ ਜ਼ਿੰਦਗੀ ਦੇ ਇਸ ਸਫਰ ਵਿੱਚ ਬਹੁਤ ਕੁੱਝ ਖੱਟੇ,ਕੌੜੇ ਅਤੇ ਮਿਠਾਸ ਭਰੇ ਅਨੁਭਵ ਦਿੱਤੇ ਹਨ। ਹਰ ਸਮੱਸਿਆ ਲਈ ਡਾਕਟਰ ਸੁਝਾਅ (ਪਰੈਸਕਰਿਪਸ਼ਨ )ਦਿੰਦਾ ਹੈ, ਦਵਾਈ ਅਤੇ ਪਰਹੇਜ਼ ਕਰਨਾ ਬੰਦੇ ਦੀ ਖੁੱਦ ਦੀ ਮਰਜ਼ੀ ਹੁੰਦੀ ਹੈਂ।
ਸ਼ੁਰੂਆਤ ਕਰਦੇ ਹਾਂ
ਲਉ ਜੀ ਫਿਰ ਤਰੱਕੀ ਦੀ ਪੌੜੀ(ਜੀਵਨ ਜਾਚ) ਦੇ ਪਹਿਲੇ ਡੰਡੇ ਨੂੰ ਫੜੀਏ। ਸਭ ਤੋਂ ਪਹਿਲਾਂ ਸਾਨੂੰ ਆਪਣੀ ਜ਼ਿੰਦਗੀ ਜਿੱਥੇ ਵੀ ਹੈ ,ਜਿਵੇਂ ਵੀ ਹੈ,ਉਥੋਂ ਹੀ ਬਦਲਾਅ ਲਿਆਉਣ ਲਈ ਸਕੈਨ (ਆਤਮ ਪੜਚੋਲ)ਕਰੀਏ। ਹੁਣ ਤੱਕ ਦੀ ਜ਼ਿੰਦਗੀ ਕਿਸ ਪੱਧਰ ਦੀ ਹੈ? ਉਸ ਲਈ ਕਿਹੜੇ ਹਾਲਾਤ ਜ਼ੁੰਮੇਵਾਰ ਹਨ?ਸਾਡੇ ਘਰ ਵਿੱਚ ਕਮਾਊ ਮੈਂਬਰ ਕਿੰਨੇ ਹਨ? ਕਿੰਨੇ ਮੈਂਬਰ ਕਮਾ ਸਕਦੇ ਹਨ ਪਰ ਨਹੀਂ ਕਮਾ ਰਹੇ। ਕੀ ਬੱਚੇ ਪੜਾਈ ਕਰ ਰਹੇ ਹਨ? ਘਰ ਦੀ ਕਮਾਈ ਅਤੇ ਖ਼ਰਚੇ ਦਾ ਅਨੁਪਾਤ ਕੀ ਹੈ? ਬੱਚਤ ਦਾ ਪੱਧਰ ਕੀ ਹੈ? ਐਮਰਜੈਂਸੀ ਪੈਣ(ਬਿਮਾਰੀ ਜਾਂ ਮੌਤ) ਵਿਆਹ ਅਤੇ ਭੋਗ ਆਦਿ ਲਈ ਕੋਈ ਫੰਡ ਵੱਖਰਾ ਰੱਖਿਆ ਕਿ ਕਰਜ਼ਾ ਹੀ ਫੜਨਾ ਪਊ? ਘਰ ਵਿੱਚਲੇ ਮੋਟਰ-ਕਾਰ , ਮੋਟਰ ਸਾਈਕਲ(ਪੈਟਰੋਲ),ਰਸੋਈ ਗੈਸ, ਬਿੱਜਲੀ ਬਿੱਲ , ਸਕੂਲ ਫ਼ੀਸਾਂ, ਦੁੱਧ,ਸਬਜ਼ੀ ਅਤੇ ਕਰਿਆਨਾ,ਟੀਵੀ,ਫ਼ੋਨ ਰੀਚਾਰਜ ਆਦਿ ਲਈ ਪੈਸੇ ਕਿੱਥੋਂ ਆ ਰਹੇ ਹਨ? ਇਸ ਸਭ ਦੀ ਵਿਸਤਾਰ ਪੂਰਵਕ ਲਿਸਟ ਬਣਾਕੇ ਘਰ ਦੇ ਕਮਾਊ ਮੈਂਬਰਾਂ ਨੂੰ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ। ਘਰ ਦੇ ਸਾਰੇ ਖ਼ਰਚੇ ਪੜੇ ਲਿੱਖੇ ਸਿਰਫ ਇੱਕ ਹੀ ਕੈਸ਼ੀਅਰ ਤੋਂ ਪੈਸੇ ਲੈਕੇ ਚਲਾਏ ਜਾਣ । ਇਹ ਘਰ ਦਾ ਕੋਈ ਵੀ ਸਮਝਦਾਰ ਮੈਂਬਰ ਜੋ ਵੀ ਹਿਸਾਬ ਲਿੱਖ ਸਕਦਾ ਹੋਵੇ, ਬਣ ਸਕਦਾ ਹੈ, ਸਿਰਫ ਮਾਂ ਜਾਂ ਪਤਨੀ ਹੀ ਨਹੀਂ। ਅਲਮਾਰੀ ਦੀ ਚਾਬੀ ਸਿਰਫ ਕੈਸ਼ੀਅਰ ਕੋਲ ਹੀ ਹੋਵੇ। ਉਸ ਬੰਦੇ ਉੱਤੇ ਕਿਸੇ ਦਾ ਕੋਈ ਦਬਾਅ ਨਹੀਂ ਹੋਣਾ ਚਾਹੀਦਾ। ਪਰਿਵਾਰ ਇੱਕ ਅਨੁਸ਼ਾਸਿਤ ਯੂਨਿਟ ਵਾਂਗ ਕੰਮ ਕਰੇ। ਹਰ ਬਾਲਗ਼ ਮੈਂਬਰ ਕੁੱਝ ਨਾ ਕੁੱਝ ਕਮਾਈ ਵਿੱਚ ਯੋਗਦਾਨ ਜ਼ਰੂਰ ਕਰੇ। ਚਲੋ ਹੁਣ ਕਮਾਈ ਦੇ ਸਾਧਨਾਂ ਵੱਲ ਮੁੜੀਏ।
ਪਿੰਡਾਂ ਵਿੱਚਲੀ ਹਾਲਤ
ਦਲਿਤ ਵਰਗ ਜ਼ਿਆਦਾ ਪਿੰਡਾਂ ਵਿੱਚ ਅਤੇ ਘੱਟ ਸ਼ਹਿਰਾਂ ਵਿੱਚ ਹੈ। ਦੋਹਾਂ ਵਿੱਚ ਵੱਖੋ ਵੱਖਰੇ ਹਾਲਾਤ ਹਨ। ਪਹਿਲਾਂ ਪਿੰਡਾਂ ਦੀ ਗੱਲ ਕਰਦੇ ਹਾਂ। ਉੁਥੇ ਬਹੁਤ ਘੱਟ ਗਿਣਤੀ ਵਿੱਚ ਦਲਿਤ ਜ਼ਮੀਨਾਂ ਦੇ ਮਾਲਕ ਕਿਸਾਨ ਹਨ। ਬਹੁਗਿਣਤੀ ਬੇਜ਼ਮੀਨੇ ਮਜ਼ਦੂਰ, ਡੁਬਈ ਗਏਪ੍ਰਵਾਸੀ, ਡਰਾਈਵਰ ਜਾਂ ਬਹੁਤ ਹੀ ਘੱਟ ਸਵੈ
ਰੁਜ਼ਗਾਰੀ ਲੋਕ ਹਨ। ਟਾਵਾਂ ਟਾਵਾਂ ਕੋਈ ਸਰਕਾਰੀ ਨੌਕਰੀ ਵਿੱਚ ਹੈ। ਖੇਤੀ ਮਜ਼ਦੂਰੀ ਤਾਂ ਹਾੜੀ ਸਾਉਣੀ ਮਸ਼ੀਨੀ ਯੁੱਗ ਕਰਕੇ ਕੁੱਝ ਕੁ ਦਿਨਾਂ ਦੀ ਰਹਿ ਗਈ ਹੈ। ਸ਼ਹਿਰਾਂ ਨੇੜਲੇ ਪਿੰਡਾਂ ਵਿੱਚ ਤਾਂ ਸਬਜ਼ੀ ਕਾਰਣ ਸਾਰਾ ਸਾਲ ਥੋੜ੍ਹਾ ਬਹੁਤ ਕੰਮ ਚੱਲਦਾ ਰਹਿੰਦਾ ਹੈ। ਮਰਦ ਮਜ਼ਦੂਰੀ ਲਈ ਸ਼ਹਿਰਾਂ ਵਿੱਚ ਉਸਾਰੀ ਕੰਮਾਂ ਤੋਂ ਦਿਹਾੜੀ ਅਧਾਰ ਤੇ ਕੁੱਝ ਕਮਾ ਲੈਂਦੇ ਹਨ ਪਰ ਇਹ ਵੀ ਦਿਹਾੜੀ ਕਦੇ ਲੱਗੀ ਕਦੇ ਨਹੀਂ। ਮਨਰੇਗਾ ਸਕੀਮ ਦੇ ਪੈਸੇ ਅਤੇ ਸਸਤੀ ਕਣਕ ਚਾਵਲ ਦਾਲ ਸਕੀਮਾਂ ਨਾਲ ਤਾਂ ਜੁਆਕ ਸਿਰਫ ਪੇਟ ਹੀ ਭਰ ਸਕਦੇ ਹਨ, ਫੌਜ ਜਾਂ ਪੁਲੀਸ ਵਿੱਚ ਭਰਤੀ ਵਾਸਤੇ ਸੁਡੌਲ ਸਰੀਰ ਨਹੀਂ ਬਣ ਸਕਦਾ।ਪੇਂਡੂ ਖੇਤਰਾਂ ਵਿੱਚ ਸਵੈ ਰੁਜ਼ਗਾਰ ਲਈ ਕੰਮ ਸਿੱਖਣ ਦੀ ਪਿਰਤ ਪੈਣੀ ਜ਼ਰੂਰੀ ਹੈ ਅਤੇ ਫਿਰ ਗਾਹਕਾਂ ਦੀ ਪੂਰੀ ਤਸੱਲੀ ਕਰਵਾਉਣੀ ਜ਼ਰੂਰੀ ਹੈ। ਵਿਦੇਸ਼ ਜਾਣ ਦੇ ਖੇਲ ਵਿੱਚੋਂ ਏਜੰਟ ਹੀ ਕਮਾਈ ਕਰਦੇ ਹਨ। ਮਾਝੇ ਅਤੇ ਮਾਲਵੇ ਵਿੱਚੋਂ ਵੀ ਹੁਣ ਮੁੰਡੇ ਬਾਹਰ ਦੀ ਚਕਾਚੌਂਧ ਵੱਲ ਖਿੱਚੇ ਜਾ ਰਹੇ ਨੇ। ਕਮਾਈ ਲਈ ਬਾਹਰਲੇ ਮੁੱਲਕ ਕਨੂੰਨੀ ਤੌਰ ਤੇ ਸਿੱਖਿਅਤ ਹੋ ਕੇ ਜਾਣਾ ਬੁਰਾ ਨਹੀਂ।ਪਰ ਜਾਨ ਨੂੰ ਖਤਰੇ ਵਿੱਚ ਪਾ ਕੇ ਬਿਨਾ ਉਸ ਦੇਸ਼ ਦੀ ਭਾਸ਼ਾ ਸਿੱਖੇ,ਮਜ਼ਦੂਰੀ ਕਰਨ ਲਈ ਤੁਰ ਪੈਣਾ ਅਕਲਮੰਦੀ ਨਹੀਂ। ਜੇਕਰ ਵਿਆਹ ਤੋਂ ਬਾਅਦ ਕੋਈ ਜਾਵੇ ਤਾਂ ਫਿਰ ਪਿੱਛੇ ਦੇ ਸਾਈਡ ਇਫੈਕਟ ਤਾਂ ਸਾਰੇ ਹੀ ਜਾਣਦੇ ਨੇ।ਕਿਉਂ ਨਹੀਂ ਮੈਟਰਿਕ ਜਾਂ ਬਾਰਵੀਂ ਤੋਂ ਬਾਅਦ ਕੋਈ ਕੰਮ ਸਿੱਖਕੇ ਜਿਵੇਂ ਮੋਬਾਈਲ ਰਿਪੇਅਰ, ਇਲੈਕਟ੍ਰੀਸ਼ਨ,ਸਕੂਟਰ ਮੋਟਰ ਸਾਈਕਲ ਜਾਂ ਕਾਰ ਰਿਪੇਅਰ ਦੀ ਦੁਕਾਨ ਖੋਲ੍ਹੀ ਜਾਵੇ।ਇਸ ਲਈ ਸਰਕਾਰੀ ਬੈਂਕਾਂ ਤੋਂ ਕਰਜ਼ਾ ਵੀ ਮਿਲ ਜਾਂਦਾ ਹੈ।
ਸ਼ਹਿਰ ਬੇਹਤਰ ਕਿਉਂ
ਸ਼ਹਿਰਾਂ ਵਿੱਚ ਗਿਣਤੀ ਪੱਖੋਂ ਦਲਿਤ ਲੋਕ ਪੰਜਾਬ ਦੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੱਡਕੇ ਕਿਤੇ ਵੀ ਸ਼ਕਤੀਸ਼ਾਲੀ ਤਾਕਤ ਨਹੀਂ। ਇੰਜ ਸ਼ਹਿਰਾਂ ਵਿੱਚ ਕਿਸੇ ਦੀ ਜਾਤੀ ਪੁੱਛਣ ਦਾ ਰਿਵਾਜ ਨਹੀਂ ਹੈ। ਕੁੱਝ ਕੁ ਪੁਰਾਣੇ ਅਲੱਗ ਮੁਹੱਲਿਆਂ ਨੂੰ ਛੱਡਕੇ ਸਭ ਲੋਕ ਕੰਧਾਂ ਜੁੜੇ ਘਰਾਂ ਵਿੱਚ ਹੀ ਰਹਿੰਦੇ ਹਨ।ਕੋਈ ਵੀ ਕਿਸੇ ਦੂਜੇ ਬੰਦੇ ਉੱਤੇ ਨਿਰਭਰ ਨਹੀਂ ਹੈ। ਕੰਮ ਕਰਕੇ ਖਾਣਾ ਪੈਂਦਾ ਹੈ।ਸਿਰਫ ਸਫਾਈ ਦੇ ਕੰਮ ਲਈ ਹੀ ਦਲਿਤਾਂ ਨੇ ਇਜਾਰੇਦਾਰੀ ਰੱਖੀ ਹੈ, ਨਹੀਂ ਤਾਂ ਪੜ੍ਹ ਲਿੱਖਕੇ ਹਰ ਨਵੀਂ ਪੀੜੀ ਵਿਕਾਸ ਤੇ ਚਲੀ ਹੋਈ ਹੈ।ਸਰਕਾਰੀ ਸਕੂਲਾਂ ਵਿੱਚ ਵੀ ਪੜਾਈ ਦਾ ਪੱਧਰ ਕਾਫ਼ੀ ਚੰਗਾ ਹੈ। ਸਭ ਬੱਚੇ ਇਕੱਠੇ ਹੀ ਜਮਾਤਾਂ ਵਿੱਚ ਬੈਠਦੇ ਹਨ।ਮਾਪਿਆਂ ਵਿੱਚ ਕੁੱਝ ਵੱਧ ਜਾਗ੍ਰਿਤੀ ਪੱਧਰ ਹੈ।ਗੁਆਢੀਂ ਨਾਲ ਗੱਲ-ਬਾਤ ਕਰਕੇ ਵੀ ਮਾਂਵਾਂ ਪੜਾਈ ਦੀ ਕਦਰ ਸਮਝ ਜਾਂਦੀਆਂ ਹਨ।ਐਸ ਸੀ ਵਰਗ ਹਰੇਕ ਤਰਾਂ ਦੀ ਨੌਕਰੀ ਜਾਂ ਕਾਰੋਬਾਰ ਬਾਕੀਆਂ ਵਾਂਗੂੰ ਹੀ ਕਰਦੇ ਹਨ। ਪੁਲਿਸ ਅਤੇ ਪ੍ਰਸ਼ਾਸਨ ਕਰੀਬ ਹੋਣ ਕਰਕੇ ਧੱਕੇਸ਼ਾਹੀ ਨਹੀਂ ਚਲ ਸਕਦੀ। ਲੜਕੀਆਂ ਲ਼ਈ ਸੁਰੱਖਿਅਤ ਮਹੌਲ ਹੈ।ਕੱਲ੍ਹੇ ਕਾਰੇ ਬੱਚੇ ਨੂੰ ਬਾਹਰ ਜਾਣ ਵੇਲੇ ਡਰ ਨਹੀਂ ਲੱਗਦਾ।ਕਿਸੇ ਵੀ ਵਿਸ਼ੇਸ਼ ਜਾਤੀ ਦਾ ਦਬਦਬਾ ਨਹੀਂ ਹੁੰਦਾ। ਸ਼ਹਿਰਾਂ ਵਿੱਚ ਹਰ ਕੰਮ ਕਰ ਸਕਣ ਵਾਲੇ ਮਰਦ ਔਰਤ ਨੂੰ ਕੰਮ ਮਿਲ ਜਾਂਦਾ ਹੈ ਬਸ਼ਰਤੇ ਕਿ ਉਹ ਕਰਨਾ ਚਾਹੁੰਦਾ ਹੋਵੇ। ਰੇੜ੍ਹੀ , ਰਿਕਸ਼ਾ,ਦੁਕਾਨ,ਅਖਬਾਰ ਆਦਿ ਪਰ ਪੜਾਈ ਨਾਲ ਕੰਮਪਿਊਟਰ ਸਿੱਖਕੇ ਕਿਤੇ ਵੀ 6-7 ਹਜ਼ਾਰ ਮਹੀਨੇ ਤੇ ਨੌਕਰੀ ਮਿਲ ਜਾਂਦੀ ਹੈ। ਮੇਰਾ ਨਿੱਜੀ ਵਿਚਾਰ ਹੈ ਕਿ ਜਿਹੜੇ ਪਰਿਵਾਰ ਪਿੰਡਾਂ ਵਿੱਚ ਬੇਜ਼ਮੀਨੇ ਹਨ ਅਤੇ ਇੱਕ ਮੈਂਬਰ ਹੀ ਕਮਾਊ ਹੈ, ਬਾਕੀ ਕੋਈ ਕਮਾਈ ਨਹੀਂ ਕਰਦੇ, ਉਹਨਾਂ ਨੂੰ ਸ਼ਹਿਰਾਂ ਵੱਲ ਤੁਰ ਪੈਣਾ ਚਾਹੀਦਾ ਹੈ। ਗੁਲਾਮੀ, ਗਰੀਬੀ,ਵਿਤਕਰੇ ਅਤ ਪਿਛਾਂਹਖਿੱਚੂ ਸੋਚ ਅਤੇ ਆਲ਼ਸੀ ਮਹੌਲ ਤੋਂ ਛੁਟਕਾਰਾ ਮਿੱਲ ਜਾਊ ਪਰ ਇਸ ਲਈ ਬਹੁਤ ਦਲੇਰੀ ਚਾਹੀਦੀ ਹੈ। ਜਦੋਂ ਤੀਹ ਸਾਲ ਪਹਿਲਾਂ ਮੈਂ ਪਿੰਡੋਂ ਸ਼ਹਿਰ ਗਿਆ ਸਾਂ ਤਾਂ ਮੇਰੇ ਪਰਿਵਾਰ ਨੇ ਬੜਾ ਇਤਰਾਜ਼ ਕੀਤਾ ਸੀ।ਪਰ ਮੈਂ ਬਾਪੂ ਜੀ ਨੂੰ ਚੰਗੀ ਜ਼ਿੰਦਗੀ ਦੇ ਹੱਕ ਵਿੱਚ ਬਹਿਸ ਵਿੱਚ ਹਰਾਕੇ ਗਿਆ ਸੀ ਜਿਸਨੂੰ ਉਹਨਾਂ ਨੇ ਖੁੱਦ ਸ਼ਹਿਰ ਵਿੱਚ ਆਕੇ ਅਤੇ ਗੰਭੀਰ ਬਿਮਾਰੀ ਤੋਂ ਪੂਰੀ ਤਰਾਂ ਠੀਕ ਹੋਣ ਤੋਂ ਬਾਅਦ ਸਹੀ ਮੰਨਿਆ ਸੀ।
ਲਾਰੇਬਾਜ਼ ਨੇਤਾ ਅਤੇ ਭਰਿਸ਼ਟ ਤੰਤਰ ਦਾ ਜਾਲ
ਦੇਸ਼ ਦੀ ਸਰਕਾਰਾਂ ਪਹਿਲਾਂ ਵਾਂਗ ਸੇਵਾ ਲਈ ਨਹੀਂ ਬੈਠੀਆਂ, ਉਹ ਤਾਂ ਸਰਕਾਰੀ ਖ਼ਜ਼ਾਨੇ ਨੂੰ ਨਿੱਜੀ ਫਾਇਦੇ ਲਈ ਕਿਵੇਂ ਲੁੱਟਣਾ ਹੈ,ਉਸ ਲਈ ਸਿਰਫ ਫਿਕਰਮੰਦ ਹਨ।ਜ਼ਿਆਦਾਤਰ ਸਿਆਸੀ ਨੇਤਾਵਾਂ ਨੇਕੁੱਝ ਕੁ ਜਰਾਇਮ ਪੇਸ਼ਾ ਲੋਕ ਪਾਲ ਰੱਖੇ ਹੁੰਦੇ ਹਨ ਜੋ ਗ਼ਰੀਬਾਂ ਦੀਆਂ ਵੋਟਾਂ ਉਹਨਾਂ ਦੇ ਹੱਕ ਵਿੱਚ ਭੁਗਤਾਣ ਵਿੱਚ, ਨਸ਼ੇ ਦੇ ਕਾਰੋਬਾਰ, ਲੜਾਈ ਝੱਗੜੇ ਕਰਵਾਉਣ ਅਤੇ ਫਿਰ ਸਮਝੌਤੇ ਕਰਾਉਣ ਵਿੱਚ ਪੁਲਿਸ ਅਤੇ ਨੇਤਾ ਦੀ ਜੇਬ ਭਰਨ ਵਾਲੀ ਦਲਾਲਗਿਰੀ ਕਰਦੇ ਹਨ। ਫਿਰ ਜਦੋਂ ਸਰਕਾਰ ਬਦਲਦੀ ਹੈ ਤਾਂ ਇਹ ਪਲਟੀ ਮਾਰਦੇ ਹਨ ਜਾਂ ਜੇਲ੍ਹ ਜਾਂਦੇ ਹਨ। ਇਹਨਾਂ ਲੋਕਾਂ ਦਾ ਕੰਮ ਤੁਹਾਡੇ ਜਵਾਨ ਬੱਚਿਆਂ ਨੂੰ ਸਿਰਫ ਵਰਗਲਾਉਣਾ ਹੁੰਦਾ ਹੈ ਅਤੇ ਤੁਹਾਨੂੰ ਹੀ ਕਰਜ਼ਾਈ ਕਰਨਾ ਹੁੰਦਾ ਹੈ।ਸੋ ਇਹਨਾਂ ਤੋਂ ਹੋ ਸਕੇ ਤਾਂ ਦੂਰੀ ਹੀ ਚੰਗੀ ਹੈ। ਬਾਕੀ ਹੁਣ ਤੱਕ ਕਿਸੇ ਵੀ ਸਿਆਸੀ ਪਾਰਟੀ ਵਿੱਚਲੇ ਐਸ ਸੀ ਮੰਤਰੀ ਨੇ ਆਪਣੇ ਭਾਈਚਾਰੇ ਲਈ ਖ਼ਾਸ ਕਿਹੜੇ ਕੰਮ ਕੀਤੇ ਹਨ,ਤੁਹਾਡੇ ਸਾਹਮਣੇ ਹੈ।ਤਰੱਕੀ ਲਈ ਕਮਾਈ ,ਚੰਗੀ ਸਿਖਲਾਈ, ਨਵੀਨਤਮ ਗਿਆਨ, ਅਨੁਸ਼ਾਸਨ,ਦਲੇਰੀ,ਬੋਲਚਾਲ ਅਤੇ ਇਮਾਨਦਾਰੀ ਵਰਗੇ ਗੁੱਣ ਬੇਹੱਦ ਜ਼ਰੂਰੀ ਹਨ। ਹਰ ਮਾਲਕ ਨੂੰ ਕੰਮ ਪਿਆਰਾ ਹੁੰਦਾ ਹੈ। ਵਧੀਆ ਕਰਮਚਾਰੀ ਘੱਟ ਚਾਪਲੂਸੀ ਕਰਕੇ ਵੀ ਕਾਮਯਾਬ ਹੋ ਜਾਂਦਾ ਹੈ ਜਦਕਿ ਚਾਪਲੂਸ ਦਾ ਲੰਮੇ ਸਮੇਂ ਲਈ ਇੱਕ ਥਾਂ ਤੇ ਟਿੱਕਣਾ ਅਸੰਭਵ ਹੈ।ਕਾਬਿਲ ਇਨਸਾਨ ਨੂੰ ਹਰੇਕ ਮਹਿਕਮਾ ਅਤੇ ਪਰਿਵਾਰ ਸਤਿਕਾਰ ਦਿੰਦਾ ਹੈ ਜਦ ਕਿ ਰਿਸ਼ਵਤਖ਼ੋਰ ,ਕੰਮਚੋਰ ਅਤੇ ਝੂਠੇ ਬੰਦੇ ਦੀ ਕਿੱਧਰੇ ਵੀ ਕਦਰ ਨਹੀਂ। ਜੇਕਰ ਉਹਦੇ ਹੱਥ ਪੈਸਾ ਕਿਤੋਂ ਲੱਗ ਵੀ ਜਾਵੇ ਤਾਂ ਉਹ ਜਾਂ ਤਾਂ ਜੇਲ਼ ਜਾਂ ਨੌਕਰੀ ਖੁੱਸਣ ਡਰੋਂ ਬੌਸ ਨੂੰ ਖੁਸ਼ ਕਰਨ ਲਈ ਪੈਸਾ ਵੰਡੇਗਾ। ਪਰਿਵਾਰ ਵੱਲ ਘੱਟ ਧਿਆਨ ਦੇਣ ਕਰਕੇ ਔਲਾਦਾਂ ਨਿਕੰਮੀਆਂ ਸਾਬਤ ਹੋਣਗੀਆਂ ਤੇ ਸਾਰਾ ਕੁੱਝ ਬਦਨਾਮੀ ਸਹਿਤ ਉੱਜੜ ਜਾਏਗਾ। ਸਾਡੇ ਦੇਸ਼ ਵਿੱਚ ਰਿਸ਼ਵਤ, ਸਿਫ਼ਾਰਸ਼ ਅਤੇ ਲੁੱਟਣ ਦਾ ਬੋਲਬਾਲਾ ਕਾਫ਼ੀ ਹੈ। ਆਮ ਲੋਕ ਵੀ ਪੈਸੇ ਦੇਕੇ ਦੋਨੰਬਰੀ ਕੰਮ ਕਰਾਉਣ ਵਿੱਚ ਬੇਸ਼ਰਮੀ ਦੀ ਹੱਦ ਤੱਕ ਯਕੀਨ ਕਰਦੇ ਹਨ। ਪਰ ਯਾਦ ਰੱਖੋ ,ਅਖੌਤੀ ਉੱਚ ਜਾਤੀਆਂ ਦਾ ਮਾਫੀਆ ਨਾ ਤੁਹਾਨੂੰ ਕੰਮ ਦੇਣ ਲਈ ਤਿਆਰ ਹੈ, ਨਾ ਹੀ ਤੁਹਾਨੂੰ ਕਮਾਉਂਦੇ ਦੇਖ ਕੇ ਖੁਸ਼ ਹੈ।ਸਗੋਂ ਤੁਹਾਨੂੰ ਗੁੰਮਰਾਹ ਕਰਨ ਦੀ ਤਾਕ ਵਿੱਚ ਰਹਿੰਦੇ ਨੇ। ਕੇਂਦਰੀ ਸਰਕਾਰ ਵਿੱਚ 15% ਅਤੇ ਪੰਜਾਬ ਵਿੱਚ 25% ਰਾਖਵੇਂਕਰਣ ਨੂੰ ਵੀ ਸਰਕਾਰਾਂ ਹੱਕ ਨਹੀਂ ਖ਼ੈਰਾਤ ਸਮਝਦੀਆਂ ਹਨ। ਨੌਕਰੀ ਲੈਣ ਲਈ ਹਜ਼ਾਰਾਂ ਬਿਨੈ-ਪੱਤਰਾਂ ਵਾਲਿਆਂ ਦੀ ਭੀੜ ਦਾ ਗਰੈਜੂਏਸ਼ਨ ,ਕੰਮਪਿਊਟਿਰ ਗਿਆਨ ਅਤੇ ਜਨਰਲ ਗਿਆਨ ਸਮੇਤ ਕੰਪੀਟੀਸ਼ਨ ਪਰੀਖਿਆ ਵਿੱਚੋਂ ਮੈਰਿਟ ਤੇ ਪੁੱਜਣ ਨਾਲ ਹੀ ਮੁੱਢ ਬੱਝਦਾ ਹੈ। ਸਿਰਫ ਹੁਸ਼ਿਆਰ ਮੁੰਡੇ ਕੁੜੀਆਂ ਹੀ ਇੱਧਰ ਆਉਣ। ਪਿਛਲੀ ਜੱਜ ਬਣਨ ਵਾਲੀ(ਪੀ ਸੀ ਐਸ ਜੁਡੀਸ਼ਲ) ਪਰੀਖਿਆ ਦਾ ਨਤੀਜਾ ਦੱਸਦਾ ਹੈ ਕਿ ਬਹੁਤ ਜ਼ਿਆਦਾ ਮਿਹਨਤੀ ਹੀ ਸਫਲ ਹੁੰਦੇ ਹਨ।ਔਸਤ ਡਿਗਰੀਆਂ ਸਿਰਫ ਕਾਗ਼ਜ਼ੀ ਫੁੱਲਾਂ ਵਰਗੀਆਂ ਰਹਿ ਜਾਂਦੀਆਂ ਨੇ। ਐਮ ਏ,ਬੀ.ਐੱਡ., ਪੀਟੈਟ ਪਾਸ ਅਧਿਆਪਕਾਂ ਨੂੰ ਸਰਕਾਰਾਂ 10400/- ਪ੍ਰਤੀ ਮਹੀਨਾ ਤਨਖ਼ਾਹ ਤੇ ਸਾਲਾਂ ਬੱਧੀ ਰੱਖਦੀ ਹੈ ਅਤੇ ਚੋਣਾਂ ਤੋਂ ਪਹਿਲਾਂ ਪੱਕੇ ਕਰਨ ਦਾ ਲਾਰਾ ਮਿਲਦਾ ਹੈ। ਇਸ ਲ਼ਈ ਸਾਰੇ ਬੱਚੇ ਕਾਲਜਾਂ ਵਿੱਚ ਜਾਣਾ ਛੱਡਕੇ,ਕਿੱਤਾਮੁੱਖੀ ਕੋਰਸ ਚੁਣਨ।
ਸਮਾਜਵਾਦ ਬਨਾਮ ਪੂੰਜੀਵਾਦੀ ਵਿਵਸਥਾ
ਸਾਡੇ ਸੰਵਿਧਾਨ ਦੇ ਮੁੱਢਲੇ ਮੂਲ-ਮੰਤਰ ਵਿੱਚ ਭਾਰਤ ਨੂੰ ਧਰਮ ਨਿਰਪੇਖਤਾ ਦੇ ਨਾਲ ਹੀ ਸਮਾਜਵਾਦੀ ਰਿਪਬਲਿਕ ਦੀ ਘੋਸ਼ਣਾ ਕੀਤੀ ਗਈ ਹੈ। ਯਾਨੀ ਕਿ ਸਰਕਾਰ ਧਨ ਦੀ ਵੰਡ ਨੂੰ ਅਸਾਂਵੇਂ ਹੋਣ ਤੋਂ ਰੋਕੇਗੀ।ਕਲਿਆਣਕਾਰੀ ਰਾਜ ਦਾ ਸੰਕਲਪ ਹਰ ਸਰਕਾਰ ਪੂਰਾ ਕਰੇ।ਕਮਜ਼ੋਰ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਾਰੇ ਯਤਨ ਹੋਣਗੇ ਤਾਂ ਕਿ ਸਮਾਜ ਵਿੱਚ ਬਰਾਬਰੀ ਦੇ ਮੂਲ ਸਿਧਾਂਤ ਵੱਲ ਵਧਿਆ ਜਾਵੇ। 1947 ਦੇ ਬਾਅਦ ਲਗਭਗ 40ਸਾਲ ਦੇਸ਼ ਨੇ ਅਜ਼ਾਦੀ ਦੇ ਬਾਅਦ 3 ਫ਼ੌਜੀ ਜੰਗਾਂ ਲੜਨ ਦੇ ਬਾਵਜੂਦ ਖੇਤੀ,ਉਦਯੋਗਿਕ ਉਤਪਾਦਨ, ਘਰੇਲੂ ਉਦਯੋਗ ਅਤੇ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ। ਦਲਿਤ ਵਿਦਿਆਰਥੀਆਂ ਨੇ ਫੌਜ ਵਿੱਚ ਕਮਿਸ਼ਨ ਨੂੰ ਛੱਡਕੇ ਰਾਖਵੇਂਕਰਨ ਰਾਹੀਂ ਗਰੁੱਪ ਏ ਸਿਵਲ ਸਰਵਿਸ, ਮੈਡੀਕਲ, ਟੈਕਨੀਕਲ, ਬੈਂਕਾਂ ਅਤੇ ਹੋਰ ਸਰਕਾਰੀ ਖੇਤਰ ਵਿੱਚ ਅਫ਼ਸਰ ਅਤੇ ਹੇਠਲੇ ਅਹੁੱਦੇ ਵੀ ਮੱਲੇ ਅਤੇ ਬਾਅਦ ਵਾਲੇ ਬੱਚਿਆਂ ਨੂੰ ਪੜਾਈ ਕਰਕੇ ਗਰੀਬੀ ਨੂੰ ਚੁੱਕਣ ਲਈ ਸਹੀ ਰਾਹ ਦਿਖਾਇਆ।ਪਰ ਸਵੈ ਰੁਜ਼ਗਾਰ ਵੱਲ ਜਾਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ।
ਚਪੜਾਸੀ,ਪੁਲਿਸ,ਪਟਵਾਰੀ,ਡਰਾਈਵਰੀ(ਸਰਕਾਰੀ) ਯਾਨੀ ਕਿ ਕਲਰਕ ਤੱਕ ਦੀਆਂ ਨੌਕਰੀਆਂ ਸਾਰੇ ਮਹਿਕਮਿਆਂ ਵਿੱਚੋਂ ਆਪਣਾ ਹਿੱਸਾ ਲਿਆ। ਪਰ1992 ਤੋਂ ਬਾਅਦ ਨਿੱਜੀ ਖੇਤਰ ਨੂੰ ਤਰਜੀਹ ਦੇਕੇ ,ਸਰਕਾਰੀ ਖੇਤਰ ਨੂੰ ਪਿੱਛੇ ਧੱਕਿਆ ਗਿਆ। ਪ੍ਰਾਈਵੇਟ ਸਕੂਲਾਂ ਨੇ 80ਵੇਂ ਦਹਾਕੇ ਵਿੱਚ ਸ਼ੁਰੂਆਤ ਕਰਕੇ ਹੌਲੀ ਹੌਲੀ ਸਰਕਾਰੀ ਸਕੂਲਾਂ ਨੂੰ ਅਖੀਰਲੀ ਅਤੇ ਬਚੀ ਖੁਚੀ ਚੋਣ ਤੱਕ ਲੈ ਆਂਦਾ ਹੈ। ਹੁਣ ਤਾਂ ਪਿੰਡਾਂ ਵਾਲੇ ਦਲਿਤ, ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਕੇ ਲਗਭਗ ਸਰਕਾਰੀ ਨੌਕਰੀ ਨੂੰ ਤਾਂ ਭੁੱਲ ਹੀ ਜਾਣ। ਪ੍ਰਾਈਵੇਟ ਨੌਕਰੀ ਵਿੱਚ ਐਮ ਬੀ ਏ ਪਾਸ ਨੂੰ 7 ਹਜ਼ਾਰ ਮਿਲਦੇ ਨੇ। ਐਸਾ ਬੰਦਾ ਤਾਂ ਵਿਆਹ ਵੀ ਕਿਵੇਂ ਕਰਵਾਊ ?। ਵਰਤਮਾਨ ਸਰਕਾਰਾਂ ਤਾਂ ਸੰਵਿਧਾਨ ਦੀਆਂ ਧਾਰਾਵਾਂ ਦੇ ਅੰਦਰ ਹੀ ਗ਼ੈਰ ਸੰਵਿਧਾਨਿਕ ਫ਼ੈਸਲਿਆਂ ਰਾਹੀਂ ਰਾਖਵੇਂਕਰਨ ਨੂੰ ਖਤਮ ਕਰਨ ਦੀਆਂ ਸਕੀਮਾਂ ਘੜ ਰਹੀਆਂ ਨੇ। ਨਾ ਸਰਕਾਰੀ ਮਹਿਕਮੇ ਰਹਿਣ,ਨਾ ਰਾਖਵਾਂਕਰਨ ਰਹੇ। ਸੋ ਹੁਣੇ ਹੀ ਆਪਣੇ ਭਵਿੱਖ ਨੂੰ ਸਰਕਾਰੀ ਨੌਕਰੀਆਂ ਨਾਲ ਜੋੜਕੇ ਦੇਖਣ ਦੇ ਭਰਮ ਛੱਡ ਦਿਉ। ਦਮ ਹੈ ਤਾਂ ਹੁਸ਼ਿਆਰ ਬੱਚੇ ਯੂ ਪੀ ਐਸ ਸੀ, ਬੈਂਕ ਪੀ ਓ, ਬੀਮੇ ਵਿੱਚ ਪੀ ਓ, ਜਾਂ ਪੀ ਸੀ ਐਸ ,ਡੀ ਐਸ ਪੀ ਆਦਿ ਦੀ ਪਰੀਖਿਆ ਬਾਰੇ ਸੋਚਣ। ਟੈਕਨੀਕਲ ਕੰਮ ਸਿੱਖਕੇ ਪੈਸੇ ਕਮਾਉਂ। ਕੋਈ ਬਿਜ਼ਨਿਸ ਕਰਨਾ ਚਾਹੇ ਤਾਂ ਪੂੰਜੀ ਦਾ ਕੁੱਝ ਲੱਖ ਤਾਂ ਬੈਂਕ ਵੀ ਲੋਨ ਦੇ ਸਕਦੀ ਹੈ। ਪਿੰਡਾਂ ਵਾਲੇ ਸਿਖਲਾਈ ਲੈ ਕੇ ਲੋਨ ਅਧੀਨ ਡੇਅਰੀ, ਪੋਲਟਰੀ ਜਾਂ ਬੱਕਰੀਆਂ ਪਾਲਣ। ਘਰੇਲੂ ਔਰਤਾਂ ਵੀ ਚਾਰੇ ਲਈ ਸ਼ਾਮਲਾਟ ਜ਼ਮੀਨ ਵਿੱਚੋਂ ਠੇਕੇ ਤੇ ਲਏ ਹਿੱਸੇ ਵਿੱਚ ਕੰਮ ਕਰ ਸਕਦੀਆਂ ਹਨ। ਬਾਹਰਵੀਂ ਪਾਸ ਬੀਮਾ ਏਜੰਸੀ, ਲੋਨ ਏਜੰਸੀ, ਕਾਰ ਸੇਲ ਕਾਰੋਬਾਰ ਕਰ ਸਕਦੇ ਹਨ। ਸ਼ਹਿਰਾਂ ਵਿੱਚ ਤਾਂ ਬਹੁਤ ਹੀ ਕਿੱਤੇ ਹਨ। ਪੂੰਜੀਵਾਦ ਨੇ ਆਮ ਬੰਦੇ ਨੂੰ ਦੁਬਾਰਾ ਦਾਲ ਰੋਟੀ ਤੱਕ ਮੁਥਾਜ ਕਰ ਦੇਣਾ ਹੈ। ਖ਼ੈਰ ਇਸ ਬਾਰੇ ਵੱਖਰੇ ਤੌਰ ਤੇ ਗੱਲ ਕਰਾਂਗੇ।
ਧਾਰਮਿਕ ਵਿਸ਼ਵਾਸ
ਦਲਿਤ ਲੋਕਾਂ ਵਿੱਚ ਵੀ ਦੂਜੇ ਲੋਕਾਂ ਵਾਂਗ ਵੱਖ ਵੱਖ ਧਾਰਮਿਕ ਵਿਸ਼ਵਾਸ ਰੱਖਣ ਦੀ ਬਿਮਾਰੀ ਹੈ। ਇਹ ਹਿੰਦੂ ਧਰਮ ਦੇ ਬਹੁਦੇਵਤਾਵਾਦ ਕਰਕੇ ਹੈ। ਲੋਕਾਂ ਨੂੰ ਸੈਰ ਸਪਾਟੇ ਲਈ ਵੀ ਧਾਰਮਿਕ ਯਾਤਰਾ ਹੀ ਕਿਉਂ ਸੁੱਝਦੀ ਹੈ? ਜਵਾਬ ਹੈ ਕਿ ਭਾਰਤੀਆਂ ਨੂੰ ਜਨਮ ਜਾਤ ਭਿਖਾਰੀ ਬਣਨਾ ਹੀ ਸਿਖਾਇਆ ਜਾਂਦਾ ਹੈ। ਸਿਆਸੀ ਅਤੇ ਧਾਰਮਿਕ ਲੋਕ ਮਿੱਠੀ ਭਾਸ਼ਾ ਵਿੱਚ ਕਰਾਮਾਤਾਂ ਅਤੇ ਲਾਰਿਆਂ ਦਾ ਜ਼ਹਿਰ ਲੋਕਾਂ ਦੇ ਅੰਦਰ ਪਾਉਂਦੇ ਰਹਿੰਦੇ ਹਨ। ਰੱਬ ਨੂੰ ਲਾਟਰੀ ਵਾਲਾ ਬਾਬਾ ਬਣਾ ਦਿੱਤਾ ਗਿਆ ਹੈ।ਇੱਕ ਵਾਰੀ ਨਹੀਂ ਤਾਂ ਅਗਲੀ ਵਾਰੀ ਜ਼ਰੂਰ ਕਿਸਮਤ ਖੁੱਲਣ ਦਾ ਲੌਲੀਪੌਪ ਦਿੱਤਾ ਜਾਂਦਾ ਹੈ। ਮੁੱਕਦੀ ਗੱਲ, ਗੋਲਕ ਰਾਹੀਂ ਠੱਗੀ ਜਾਂ ਵੋਟਾਂ ਰਾਹੀਂ ਸਰਕਾਰੀ ਖ਼ਜ਼ਾਨੇ ਤੇ ਕਬਜ਼ਾ ਕਰਕੇ , ਮਨਸ਼ਾ ਲੋਕਾਂ ਨੂੰ ਲੁੱਟਕੇ ਆਪਣਾ ਕੁਣਬਾ ਅਮੀਰ ਕਰਨਾ ਹੀ ਹੈ।ਯਾਦ ਰੱਖੋ ਸਿਆਸਤ ਅਤੇ ਧਰਮ ਦੋਵਾਂ ਨੂੰ ਅੰਧਭਗਤਾਂ ਦੀ ਭੀੜ ਚਾਹੀਦੀ ਹੈ ਜੋ ਸਵਾਲ ਨਾ ਕਰਨ ਸਿਰਫ ਸੱਤ ਬਚਨ ਕਹਿਕੇ ਆਗਿਆ ਦਾ ਪਾਲਣ ਕਰਣ। ਇਸੇ ਕਰਕੇ ਨੇਤਾ ਜਾਂ ਬਾਬੇ ਕਦੇ ਵੀ ਪੜ੍ਹੇ ਲਿਖੇ ਬੰਦੇ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ।ਕਿਉਂਕਿ ਬਹੁਤੇ ਬਾਬੇ ਜਾਂ ਨੇਤਾ ਮਸਾਂ ਹੀ ਮੈਟਰਿਕ ਪਾਸ ਮਿਲਣਗੇ। ਗੁਰੂ ਨਾਨਕ ਦੇਵ ਜੀ ਨੇ ਸਿੱਧਾ ਹੋਕਾ ਦਿੱਤਾ ,
“ਮਨੁ ਮੰਦਰੁ ਤਨੁ ਵੇਸ ਕਲੰਦਰੁ, ਘਟ ਹੀ ਤੀਰਥਿ ਨਾਵਾ ।।”
ਫਿਰ ਘਰ ਅੰਦਰ ਹੀ ਪਾਠ ਕਰੋ ਪਰ ਸਟੀਕ ਅਰਥਾਂ ਨਾਲ ,ਤੋਤਾ ਰੱਟਣ ਨਾਲ ਨਹੀਂ। ਕਿਸੇ ਦੇਵੀ ਦੇਵਤੇ ਅਵਤਾਰ ਦਾ ਜਨਮ ਕਦੋਂ, ਕਿੱਥੇ ਅਤੇ ਕਿੰਨੀ ਤਾਰੀਖ਼ ਨੂੰ ਹੋਇਆ, ਕੋਈ ਪਤਾ ਨਹੀਂ।ਇਤਿਹਾਸ ਵਿੱਚ ਕਿਤੇ ਕੁੱਝ ਜ਼ਿਕਰ ਨਹੀਂ। ਸਭ ਪਾਤਰ ਪੁਜਾਰੀ ਜਮਾਤ ਨੇ ਸਿਰਜੇ ਹਨ। ਮਹਾਤਮਾ ਬੁੱਧ ਤੋਂ ਪੁਰਾਣਾ ਕੋਈ ਅਵਤਾਰ ਸਿਰਫ ਮਿਥਿਹਾਸ ਹੈ। ਵਰਤ ਰੱਖਣੇ, ਸ਼ਰਾਧ ਮਨਾਉਣੇ, ਮੰਨਤਾ ਮੰਨਣੀਆਂ ,ਰੱਬ ਦੇ ਹੁਕਮ ਦੇ ਵਿਰੁੱਧ ਹੈ।ਲੰਗਰਾਂ ਲਈ ਬੋਰੀ ਚੁੱਕੀ ਬਾਬੇ ਨੂੰ ਆਪਣਾ ਮਿਹਨਤ ਨਾਲ ਇਕੱਠਾ ਕੀਤਾ ਅਨਾਜ ਬਿਲਕੁੱਲ ਨਾ ਦਿਉ। ਭੋਗਾਂ ਵਿੱਚ ਪਾਠ ਕਰਵਾਕੇ ਲੰਗਰ ਛਕਾ ਦਉ। ਬਾਬਿਆਂ ਨੂੰ ਕੱਪੜੇ,ਰਜ਼ਾਈਆਂ,ਬਰਤਨ ਜਾਂ ਜੁੱਤੀਆਂ ਖਰੀਦ ਕੇ ਦੇਣੀਆਂ ਕਿ ਤੁਹਾਡੇ ਮਰ ਚੁੱਕੇ ਬਜ਼ੁਰਗਾਂ ਨੂੰ ਠੰਡ ਲੱਗ ਜਾਊ, ਸਿਰਫ ਤੇ ਸਿਰਫ ਲੁੱਟੇ ਜਾਣਾ ਹੈ। ਜਿਸ ਗੁਰਦੁਆਰੇ ਮੰਦਰ ਵਿੱਚ ਇੱਜ਼ਤ ਨਾ ਮਿਲੇ, ਖੁੱਦ ਹੀ ਉਸਦਾ ਬਾਈਕਾਟ ਕਰੋ। ਕਿਉਂ ਜਾਣਾ ਉੱਥੇ? ਆਪਣੇ ਬੱਚਿਆਂ ਦੇ ਨਾਮ ਵਿੱਚ “ਦਾਸ”,ਮੰਗਤ,ਨਾਥ,ਚੂਹੜ,ਕਾਲਾ,ਆਦਿ ਸ਼ਬਦ ਕਦੇ ਨਾ ਵਰਤੋ ਸਗੋਂ ਉਹਨਾਂ ਦੇ ਨਾ੍ਵਾਂ ਵਿੱਚੋਂ ਸਫਲਤਾ, ਅਗਵਾਈ,ਗਿਆਨ ਅਤੇ ਬਹਾਦਰੀ ਝਲਕਣੀ ਚਾਹੀਦੀ ਹੈ। ਵਾਰ ਵਾਰ ਆਪਣਾ ਨਾਂ ਕੰਨਾਂ ਵਿੱਚ ਪੈਣ ਦਾ ਮਨੋਵਿਗਿਆਨਿਕ ਅਸਰ ਜਰੂਰ ਪੈਂਦਾ ਹੈ। ਕਿਸੇ ਨੂੰ ਵੀ ਪੁੱਠੇ ਨਾਮ ਲੈ ਕੇ ਸੱਦਣ ਦਾ ਕੋਈ ਅਧਿਕਾਰ ਨਹੀ਼। ਸਾਰੇ ਪਰਿਵਾਰ ਲਈ ਸਿਹਤ ਬੀਮਾ ਹਰ ਗਰੀਬ ਅਮੀਰ ਦਾ ਹੋਵੇ। ਸਰਕਾਰਾਂ ਭਰੋਸੇ ਬੈਠ ਕੇ ਬਿਮਾਰੀ ਵੇਲੇ ਜਾਂ ਦੁਰਘਟਨਾ ਹੋਣ ਤੇ ਬੱਚਤ ਕੀਤੀ ਰਕਮ ਜਾਂ ਬੀਮੇ ਨੇ ਹੀ ਕਰਜ਼ੇ ਤੋਂ ਬਚਾਉਣਾ ਹੈ। ਕੰਮ ਅਤੇ ਬੱਚਿਆਂ ਦੇ ਪ੍ਰੀਖਿਆ ਪੇਪਰ ਛੱਡਕੇ ਮਕਾਣਾਂ ਵਿੱਚ ਤੁਰੇ ਫਿਰਨਾ ਕੀ ਅਕਲਮੰਦੀ ਹੈ। ਬਿਨਾ ਬੁਲਾਏ ਫ੍ਰੀ ਲੰਗਰ ਵੀ ਨਹੀਂ ਖਾਈਦਾ।ਮੌਤ ਰੱਬ ਨੇ ਦੇਣੀ ਹੈ,ਪਰ ਜੀਣ ਲਈ ਪੈਸੇ ਤੁਹਾਨੂੰ ਹੀ ਕਮਾਉਣੇ ਪੈਣੇ ਹਨ।ਲ਼ਾਟਰੀਆਂ, ਸ਼ੇਅਰਾਂ ਚੋਂ ਕਮਾਈ,ਜੂਆ, ਜਲਦੀ ਪੈਸੇ ਦੁਗਣੇ ਕਰਨ ਵਾਲੇ ਕਾਰੋਬਾਰ ਵਿੱਚ ਪੈਸੇ ਡੁੱਬਣੇ ਪੱਕਾ ਹਨ। ਬੜੇ ਜਾਣਕਾਰ ਮੈਂ ਉੱਜੜਦੇ ਦੇਖੇ ਹਨ।ਦਰਗਾਹਾਂ ਦੀ ਦੈਵੀ ਸ਼ਕਤੀ, ਕਰਨੀ ਵਾਲੇ ਸਾਧ, ਸ਼ਹੀਦਾਂ ਦੇ ਨਾਂ ਤੇ ਧਾਰਮਿਕ ਸਥਾਨਾਂ ਤੋਂ ਕੁੱਝ ਨਹੀਂ ਮਿੱਲਣਾ।ਤੁਹਾਡੀ ਲਗਨ, ਮਿਹਨਤ,ਸਬਰ ਅਤੇ ਟਿੱਕਕੇ ਕੰਮ ਕਰਨ ਨਾਲ ਤਰੱਕੀ ਹੋਣੀ ਹੈ। ਪੁਰਾਣੇ ਸਮਾਜ ਸੁਧਾਰਕਾਂ ਦੇ ਜੀਵਨ ਪੜ੍ਹਨ ਨਾਲ ਬਲ ਅਤੇ ਹੌਂਸਲਾ ਮਿਲਦਾ ਹੈ, ਦੇਵੀ ਦੇਵਤਿਆਂ ਨੂੰ ਕਿਸੇ ਨੇ ਵੀ ਇਸ ਧਰਤੀ ਉੱਤੇ ਨਹੀਂ ਦੇਖਿਆ। ਫਿਰ ਕਿਹੜੇ ਪੱਕੇ ਬੇਰ ਦੀ ਆਸ ਵਿੱਚ ਮੂੰਹ ਖੋਲ ਕੇ ਲੇਟੇ ਹੋਏ ਹੋ।
ਉੱਚੀ ਸੋਚ ਅਤੇ ਰਹਿਣ ਸਹਿਣ ਵਿੱਚ ਬਦਲਾਓ
ਦਲਿਤ ਲੋਕਾਂ ਦੀ ਸ਼ਿਕਾਇਤ ਹੈ ਕਿ ਦੂਜੇ ਵਰਗਾਂ ਦੇ ਲੋਕ ਤੁਹਾਡੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਦੇ। ਦੇਖੋ ਕਿਸੇ ਵੀ ਜਾਤੀ ਵਿੱਚ ਲੋਕ ਆਪਣੀ ਹੈਸੀਅਤ ਨਾਲ ਹੀ ਸੰਬੰਧ ਬਣਾਉਦੇਂ ਹਨ।ਗਰੀਬ ਜਿੰਮੀਦਾਰ ਅਤੇ ਛੋਟੀ ਨੌਕਰੀ ਵਾਲੇ, ਅਮੀਰਾਂ ਨਾਲ ਹੱਥ ਨਹੀਂ ਜੋੜ ਸਕਦੇ। ਅਮੀਰ ਐਸ ਸੀ ਵੀ ਗਰੀਬ ਦਲਿਤ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਬਣਾਉਂਦੇ। ਕਦੇ ਵੀ ਆਪਣੇ ਆਪ ਨੂੰ ਅਛੂਤ ਨਾ ਸਮਝੋ। ਸਿਗਰਟ ਬੀੜੀ, ਜ਼ਰਦਾ ਖਾਣਾ,ਸ਼ਰਾਬ ਪੀਕੇ ਗਾਲ੍ਹਾਂ ਕੱਢਣੀਆਂ, ਸਾਫ਼ ਸੁਥਰੇ ਕੱਪੜੇ ਨਹੀਂ ਪਹਿਨਣੇ, ਵਿਆਹ ਸ਼ਾਦੀ ਤੇ ਖਾਣ ਦਾ ਲਾਲਚ ਕਰਨਾ ਜਾਂ ਮੇਜ਼ ਛੱਡਕੇ ਹੇਠਾਂ ਹੀ ਬੈਠਕੇ ਖਾਣਾ, ਔਰਤਾਂ ਦੀ ਲੜਾਈ ਵਿੱਚ ਗੰਦੀ ਅਤੇ ਭੱਦੀ ਸ਼ਬਦਾਵਲੀ ਵਰਤਣੀ ਹੈ ਤਾਂ ਲੋਕ ਜ਼ਰੂਰ ਨਫ਼ਰਤ ਕਰਨਗੇ। ਚਾਹੀਦਾ ਤਾਂ ਇਹ ਹੈ ਕਿ ਲੋਕੀਂ ਇਹ ਕਹਿਣ ਕਿ “ ਮੈਨੂੰ ਤਾਂ ਇਹ ਐਸ ਸੀ ਲੱਗਦੈ ਹੀ ਨਹੀਂ”। ਜਾਤੀ ਸੂਚਕ ਸ਼ਬਦ ਕਦੇ ਵੀ ਬਰਦਾਸ਼ਤ ਨਾ ਕਰੋ। ਡੱਟ ਕੇ ਜਵਾਬ ਦੇਵੋ ਅਤੇ ਜੇਲ੍ਹ ਦੀ ਧਮਕੀ ਦੇਵੋ। ਆਪਣੇ ਬੱਚਿਆਂ ਸਾਹਮਣੇ ਕਿਸੇ ਦੀ ਚੁੱਗਲੀ ਕਰਨੀ,ਬਾਲਗ ਸਰੀਰਕ ਸੰਬੰਧਾਂ ਦੇ ਚਰਚੇ ਕਰਨੇ,ਫੋਕੀਆਂ ਫੜਾਂ ਮਾਰਨੀਆਂ ਯਾਨੀ ਕਿ ਵਾਸਤਵਿਕਤਾ ਤੋਂ ਦੂਰ ਹਵਾਈ ਗ਼ੁਬਾਰੇ ਬਣਾਉਣੇ ਅੱਗੇ ਜਾਕੇ ਤੁਹਾਡੀ ਇੱਜ਼ਤ ਅਤੇ ਭਵਿੱਖ ਲਈ ਨਮੋਸ਼ੀ ਦਾ ਸਬੱਬ ਬਣਨਗੇ।
ਮੈਂ ਆਪਣੇ ਲੰਮੇ ਪ੍ਰਬੰਧਕੀ ਅਤੇ ਸਿਖਲਾਈ ਦੇ ਤਜ਼ਰਬੇ ਤੋਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਲਿਆਕਤ, ਪੜਾਈ ਅਤੇ ਤਰੱਕੀ ਕਿਸੇ ਵੀ ਜਾਤੀ ਦੀ ਜਗੀਰ ਨਹੀਂ। ਤੁਰਿਆਂ ਹੀ ਪਹਾੜ ਚੜ੍ਹੇ ਜਾਂਦੇ ਹਨ। ਸਾਈਕਲ ਵਾਲੇ ਮੋਟਰ ਸਾਈਕਲ ਦੇ,ਮੋਟਰ ਸਾਈਕਲ ਵਾਲੇ ਕਾਰ ਦੇ ਸੁਪਨੇ ਲੈਣ, ਤਾਂ ਜ਼ਰੂਰ ਅਮੀਰ ਬਣੋਗੇ। ਪਰ ਯਾਦ ਰੱਖੋ ਠੱਗੀਆਂ ਮਾਰਕੇ ਪੱਕਾ ਅਮੀਰ ਕੋਈ ਨਹੀਂ ਬਣਦਾ ਸਗੋਂ ਭਾਂਡੇ ਵੀ ਵਿੱਕ ਜਾਂਦੇ ਨੇ। ਜੇਕਰ ਮੈਂ ਅਤੇ ਮੇਰੇ ਅਨੇਕਾਂ ਮਿੱਤਰ,ਪਿੰਡ ਚੋਂ ਪੜ੍ਹਕੇ ਸਾਈਕਲ ਤੋਂ ਸ਼ੁਰੂ ਕਰਕੇ ਟੋਪ ਦੀਆਂ ਅਫਸਰੀਆਂ,ਕਾਰਾਂ ਕੋਠੀਆਂ ਦੇ ਮਾਲਕ, ਬੱਚਿਆਂ ਨੂੰ ਮੈਡੀਕਲ, ਇੰਜੀਨੀਅਰ,ਟੋਪ ਦੇ ਮੈਨੇਜਰ,ਵਿਦੇਸ਼ਾਂ ਵਿੱਚ ਉੱਚੀਆਂ ਪਦਵੀਆਂ ਆਦਿ ਉੱਤੇ ਬਿਠਾਉਣ ਵਿੱਚ ਸਫ਼ਲ ਹੋਏ ਹਾਂ ਤਾਂ ਇਹ ਕੰਮ ਰਾਤੋ ਰਾਤ ਵਿੱਚ ਨਹੀਂ ਹੋਇਆ। ਇੱਕ ਪੀੜੀ ਹੇਠਲੀ ਮੰਜ਼ਲ ਬਣਾਉਂਦੀ ਹੈ, ਅਗਲੀ ਟਾਵਰ ਬਣਾ ਦਿੰਦੀ ਹੈ ਬੱਸ ਨੀਅਤ ,ਨੀਤੀ ਅਤੇ ਸਿਰੜ ਚਾਹੀਦੈ।ਆਸ ਹੈ, ਮੇਰੀਆਂ ਗੱਲਾਂ ਸਮਝ ਵਿੱਚ ਆ ਗਈਆਂ ਹੋਣ ਗਈਆਂ। ਤੁਰਦੇ ਨੂੰ ਉਂਗਲੀ ਫੜਾਉਣ ਵਾਲੇ ਜ਼ਰੂਰ ਮਿੱਲਣਗੇ ਪਰ ਸੁੱਤੇ ਨੂੰ ਕੌਣ ਯਾਤਰਾ ਤੇ ਤੋਰੇਗਾ?ਅੱਜ ਤੋਂ ਹੀ ਮੋਬਾਈਲ ਤੇ ਅਲਾਰਮ ਲਾਉਣਾ, ਗੁੱਗਲ਼ ਸਰਚ ਕਰਨਾ, ਖ਼ਬਰਾਂ ਤੋਂ ਜਾਣੂ ਹੋਣਾ,ਬਿਨਾ ਵਜ੍ਹਾ ਤੁਹਾਡੇ ਘਰ ਆਕੇ ਤੁਹਾਡਾ ਸਮੇਂ ਬਰਬਾਦ ਕਰਨ ਵਾਲੇ ਅਤੇ ਜਾਂਦੇ ਜਾਂਦੇ ਅਫ਼ਵਾਹ ਛੱਡਣ ਵਾਲੇ ਗੁਆਂਢੀਆਂ ਤੋਂ ਪਿੱਛਾ ਛੁਡਾਉਣਾ,ਸ਼ੱਕ ਦੂਰ ਕਰਨ ਲਈ ਸਿਆਣੇ ਲੋਕਾਂ ਤੋਂ ਸਲਾਹ ਲੈਣੀ, ਘਰੇਲੂ ਮਹੌਲ ਵਿੱਚ ਪੜਾਈ ਨੂੰ ਇੱਕ ਨੰਬਰ ਤੇ ਰੱਖਣਾ ਸ਼ੁਰੂ ਕਰੋ। ਸਫਲਤਾ ਨਾ ਮਿਲੀ ਤਾਂ ਸਜ਼ਾ ਦਾ ਹੱਕਦਾਰ ਮੈਂ ਹੋਵਾਂਗਾ।
-ਕੇਵਲ ਸਿੰਘ ਰੱਤੜਾ
[email protected]