(ਸਮਾਜ ਵੀਕਲੀ)
ਗਰੀਬਾਂ ਨੂੰ ਕੌਣ ਪੁੱਛਦਾ ਏਥੇ,
ਸੱਭ ਅਮੀਰਾਂ ਦੇ ਚੇਲੇ ਨੇ।
ਉੱਧਰ ਹੀ ਝੁੱਕਦੀ ਦੁਨੀਆਂ,
ਜਿਸ ਪੱਲੜੇ ਪੈਸੇ ਧੇਲੇ ਨੇ।
ਗਰੀਬਾਂ ਨੂੰ…..
ਸਮਾਜ ਸੇਵਾ ਨੇ ਕਰਦੇ ਜੋ,
ਬਹੁਤੇ ਫੋਟੋਆਂ ਖਿੱਚਦੇ ਨੇ।
ਪਹਿਲਾਂ ਸਾਰੀ ਗੱਲਬਾਤ ਤੇ,
ਫ਼ੇਰ ਨਿਸ਼ਾਨਾ ਮਿੱਥਦੇ ਨੇ।
ਸੱਚੀ ਸੇਵਾ ਕਰਦੇ ਜਿਹੜੇ,
ਹੁੰਦੇ ਭਾਗਾਂ ਦੇ ਨਾਲ਼ ਮੇਲੇ ਨੇ।
ਗਰੀਬਾਂ ਨੂੰ……
ਅਮੀਰਾਂ ਦੇ ਸੱਭ ਕੰਮ-ਕਾਜ਼,
ਇੱਕ ਫ਼ੋਨ ਦੇ ਉੱਤੇ ਹੋ ਜਾਂਦੇ।
ਗਰੀਬ ਵਿਚਾਰਾ ਕੀ ਕਰੇ,
ਕੋਠੇ ਵੀ ਜੀਹਦੇ ਚੋਅ ਜਾਂਦੇ।
ਮਹਿੰਗੇ ਭੋਜਨ ਕੀ ਜਾਣਨ,
ਜੋ ਖਾ ਸੌਂਦੇ ਬਚੇ ਹੋਏ ਕੇਲੇ ਨੇ।
ਗਰੀਬਾਂ ਨੂੰ….
ਹਸਪਤਾਲਾਂ ‘ਚ ਰੁਲ਼ਦੇ ਕਈ,
ਚੰਦਰੀ ਪੇਸ਼ ਕੋਈ ਨਾ ਜਾਵੇ।
ਇੱਕ ਗਰੀਬੀ ਉੱਤੋਂ ਬੀਮਾਰੀ,
ਕੀ ਕਰਨ ਮਿੱਟੀ ਦੇ ਬਾਵੇ।
ਕਈ ਡਾਕਟਰ ਘਰੇ ਬੁਲਾਉਂਦੇ,
ਸੱਭ ਕਰਤਾਰ ਦੇ ਖੇਲੇ ਨੇ।
ਗਰੀਬਾਂ ਨੂੰ……
ਥੋੜ੍ਹਾ-ਥੋੜ੍ਹਾ ਸੱਭ ਨੂੰ ਮਿਲੇ,
ਕੋਈ ਕਦੇ ਮਰੇ ਨਾ ਭੁੱਖਾ।
ਚਰਨੀਂ ਆਪੇ ਲਾਵੀਂ ਉਹਨੂੰ,
ਜਿਹੜਾ ਨਾਮ ਤੇਰੇ ਤੋਂ ਉੱਕਾ।
ਕਰਮਾਂ ਖੇਤੀਂ ਬੀਜੇ ਕੰਡੇ ਹੋਣੇ,
ਤਾਹੀਂ ਦੁੱਖੜੇ ‘ਮਨਜੀਤ’ ਝੇਲੇ ਨੇ।
ਗਰੀਬਾਂ ਨੂੰ ਕੌਣ ਪੁੱਛਦਾ ਏਥੇ,
ਸੱਭ ਅਮੀਰਾਂ ਦੇ ਚੇਲੇ ਨੇ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059