ਚਾਰ ਜਨਵਰੀ ਨੂੰ ਪਰਿਵਾਰ ਮਨਾਏਗਾ 150ਵਾਂ ਜਨਮਦਿਨ;
ਆਦਮਕੱਦ ਬੁੱਤ ਸਥਾਪਤ ਕਰਨ ਦੀ ਮੰਗ
ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਅਤੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਨੂੰ ਸਮੇਂ ਦੀਆਂ ਸਰਕਾਰਾਂ ਨੇ ਵਿਸਾਰ ਦਿੱਤਾ ਹੈ। ਇਹੀ ਕਾਰਨ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਪਰਿਵਾਰ ਵਲੋਂ ਬਾਬਾ ਜੀ ਦਾ ਆਦਮਕੱਦ ਬੁੱਤ ਸਥਾਪਤ ਕਰਨ ਦੀ ਮੰਗ ਹੁਣ ਤੱਕ ਪੂਰੀ ਨਹੀਂ ਹੋ ਸਕੀ ਹੈ। ਇਸ ਵਾਰ ਚਾਰ ਜਨਵਰੀ ਨੂੰ ਉਨ੍ਹਾਂ ਦਾ 150ਵਾਂ ਜਨਮਦਿਨ ਮਨਾਇਆ ਜਾਵੇਗਾ ਅਤੇ ਪਰਿਵਾਰ ਤੇ ਸਮਰਥਕ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦਾ ਮੁੜ ਯਤਨ ਕਰਨਗੇ।
ਬਾਬਾ ਸੋਹਣ ਸਿੰਘ ਭਕਨਾ ਨੇ ਦੇਸ਼ ਦੀ ਆਜ਼ਾਦੀ ਅਤੇ ਬਾਅਦ ’ਚ ਲੋਕ ਮੰਗਾਂ ਖਾਤਰ ਕਈ ਵਾਰ ਜੇਲ੍ਹਾਂ ਕੱਟੀਆਂ। ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੇ ਯੋਗਦਾਨ ਨੂੰ ਵਿਸਾਰ ਦਿੱਤਾ ਹੈ। 1993 ਵਿਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ (ਮਰਹੂਮ) ਨੇ ਬਾਬਾ ਸੋਹਣ ਸਿੰਘ ਭਕਨਾ ਦਾ ਆਦਮਕੱਦ ਬੁੱਤ ਲਾਉਣ ਦਾ ਐਲਾਨ ਕੀਤਾ ਸੀ। ਮਗਰੋਂ ਸੰਗਤ ਦਰਸ਼ਨ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਪਹਿਲੇ ਕਾਰਜਕਾਲ ਦੌਰਾਨ ਇਸ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਇਹ ਮੰਗ ਪੂਰੀ ਨਹੀਂ ਹੋ ਸਕੀ ਹੈ। ਅੰਮ੍ਰਿਤਸਰ-ਅਟਾਰੀ ਕੌਮੀ ਮਾਰਗ ਤੋਂ ਲਗਭਗ ਚਾਰ ਕਿਲੋਮੀਟਰ ਦੀ ਵਿੱਥ ’ਤੇ ਪਿੰਡ ਭਕਨਾ ਬਾਬਾ ਸੋਹਣ ਸਿੰਘ ਦਾ ਜੱਦੀ ਪਿੰਡ ਹੈ ਜਿਥੇ ਉਨ੍ਹਾਂ ਦੀ ਸਮਾਧ ਬਣੀ ਹੋਈ ਹੈ। ਉਨ੍ਹਾਂ ਵੱਲੋਂ ਸਥਾਪਤ ਕੀਤਾ ਗਿਆ ਇਕ ਸਤੰਭ ਵੀ ਬਣਿਆ ਹੋਇਆ ਹੈ। ਉਨ੍ਹਾਂ ਵੱਲੋਂ ਸਥਾਪਤ ਕੀਤਾ ਸੀਨੀਅਰ ਸੈਕੰਡਰੀ ਸਕੂਲ ਵੀ ਚੱਲ ਰਿਹਾ ਹੈ, ਜਿਸ ਨੂੰ ਹੁਣ ਬਾਬਾ ਸੋਹਣ ਸਿੰਘ ਭਕਨਾ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਦਿੱਤਾ ਗਿਆ ਹੈ। ਪਿੰਡ ਵਿਚ ਬਾਬਾ ਸੋਹਨ ਸਿੰਘ ਭਕਨਾ ਦੇ ਪਰਿਵਾਰ ਦੇ ਕੁਝ ਜੀਅ ਰਹਿ ਰਹੇ ਹਨ, ਜੋ ਆਪਣੇ ਤੌਰ ’ਤੇ ਹਰ ਵਰ੍ਹੇ ਉਨ੍ਹਾਂ ਦਾ ਜਨਮ ਦਿਨ ਚਾਰ ਜਨਵਰੀ ਨੂੰ ਮਨਾਉਂਦੇ ਹਨ।
ਉਨ੍ਹਾਂ ਦੇ ਪੋਤਰੇ ਹਜ਼ਾਰਾ ਸਿੰਘ ਗਿੱਲ ਅਤੇ ਪੜਪੋਤਰੇ ਜਸਬੀਰ ਸਿੰਘ ਗਿੱਲ ਨੇ ਸਮੇਂ ਦੀਆਂ ਸਰਕਾਰਾਂ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਬਾਬਾ ਸੋਹਣ ਸਿੰਘ ਭਕਨਾ ਦਾ ਬੁੱਤ ਸਥਾਪਤ ਕਰਨ ਲਈ ਪਰਿਵਾਰ ਨੇ ਕਈ ਮੁੱਖ ਮੰਤਰੀਆਂ, ਮੰਤਰੀਆਂ, ਸਿਆਸੀ ਆਗੂਆਂ ਅਤੇ ਅਧਿਕਾਰੀਆਂ ਨੂੰ ਵੀ ਆਖਿਆ ਪਰ ਗਦਰ ਪਾਰਟੀ ਦੇ ਮੁਖੀ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਦੀ ਇਹ ਮਾਮੂਲੀ ਮੰਗ ਹੁਣ ਤੱਕ ਪੂਰੀ ਨਹੀਂ ਹੋ ਸਕੀ ਹੈ। ਪਰਿਵਾਰ ਚਾਹੁੰਦਾ ਹੈ ਕਿ ਉਨ੍ਹਾਂ ਦਾ ਆਦਮਕੱਦ ਬੁੱਤ ਅੰਮ੍ਰਿਤਸਰ-ਅਟਾਰੀ ਕੌਮੀ ਮਾਰਗ ’ਤੇ ਖਾਸਾ ਚੌਕ ਵਿਚ ਸਥਾਪਤ ਕੀਤਾ ਜਾਵੇ ਤਾਂ ਜੋ ਸਰਹੱਦ ’ਤੇ ਆਉਣ ਵਾਲੇ ਸੈਲਾਨੀ ਇਸ ਆਜ਼ਾਦੀ ਘੁਲਾਟੀਏ ਦੇ ਇਤਿਹਾਸ ਤੋਂ ਜਾਣੂ ਹੋ ਸਕਣ। ਹੋਰ ਮੰਗਾਂ ’ਚ ਉਨ੍ਹਾਂ ਦੀ ਯਾਦ ਵਿਚ ਇਲਾਕੇ ’ਚ ਵੱਡੀ ਵਿਦਿਅਕ ਸੰਸਥਾ ਦੀ ਸਥਾਪਤੀ, ਜੱਦੀ ਪਿੰਡ ਨੂੰ ਮਾਡਲ ਪਿੰਡ ਦੀ ਸ਼੍ਰੇਣੀ ਵਿਚ ਲਿਆ ਕੇ ਵਿਕਾਸ ਕਰਨਾ, ਉਨ੍ਹਾਂ ਦੀ ਯਾਦ ਵਿਚ ਸਥਾਪਤ ਲਾਇਬ੍ਰੇਰੀ ਮੁੜ ਚਾਲੂ ਕਰਨ, ਪਿੰਡ ਵਿਚ ਸਟੇਡੀਅਮ ਬਣਾਉਣਾ ਸ਼ਾਮਲ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਪਰਿਵਾਰ ਵਾਸਤੇ ਕੋਈ ਸਰਕਾਰੀ ਸਹੂਲਤ ਦੀ ਮੰਗ ਨਹੀਂ ਕੀਤੀ ਹੈ। ਸਗੋਂ ਬਾਬਾ ਜੀ ਵਲੋਂ ਪਾਈਆਂ ਪੈੜਾਂ ’ਤੇ ਚਲਦਿਆਂ ਇਲਾਕੇ ਦੇ ਲੋਕਾਂ ਦੀ ਭਲਾਈ ਵਾਸਤੇ ਹੀ ਕੰਮ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਓ ਪੀ ਸੋਨੀ ਨੇ ਪਿੰਡ ਦਾ ਦੌਰਾ ਕਰਦਿਆਂ ਸੋਹਨ ਸਿੰਘ ਭਕਨਾ ਦੀ ਯਾਦ ਵਿਚ ਚੱਲ ਰਹੇ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਐਲਾਨ ਕੀਤਾ ਹੈ ਪਰ ਇਸ ਸਬੰਧੀ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ ਹੈ।
ਪਿਛਲੀਆਂ ਸਰਕਾਰਾਂ ਵੇਲੇ ਪਿੰਡ ਦੇ ਬੇਕਾਰ ਪਾਣੀ ਨੂੰ ਸੰਭਾਲ ਕੇ ਮੁੜ ਖੇਤਾਂ ਵਿਚ ਵਰਤਣ ਦੀ ਯੋਜਨਾ ਤਹਿਤ ਤਲਾਬ ਬਣਾਏ ਗਏ ਸਨ ਪਰ ਇਹ ਯੋਜਨਾ ਵੀ ਮੁਕੰਮਲ ਨਹੀਂ ਹੋਈ। ਇਹ ਤਲਾਬ ਦੋ ਮੌਤਾਂ ਦਾ ਕਾਰਨ ਜ਼ਰੂਰ ਬਣੇ ਹਨ। ਲਾਇਬ੍ਰੇਰੀ ਸਾਂਭ-ਸੰਭਾਲ ਨਾ ਹੋਣ ਕਾਰਨ ਖੰਡਰ ਬਣ ਗਈ ਹੈ ਜਿਸ ਨੂੰ ਚਲਾਉਣ ਵਾਸਤੇ ਜਸਬੀਰ ਸਿੰਘ ਗਿੱਲ ਵਲੋਂ ਆਪਣੇ ਪੱਧਰ ’ਤੇ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ। ਉਸ ਨੇ ਬਾਬਾ ਸੋਹਣ ਸਿੰਘ ਭਕਨਾ ਯਾਦਗਾਰੀ ਕਮੇਟੀ ਬਣਾਈ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਆਖਿਆ ਕਿ ਬਾਬਾ ਜੀ ਦੇ 150ਵੇਂ ਜਨਮ ਦਿਨ ਮੌਕੇ ਨਾ ਸਿਰਫ ਉਨ੍ਹਾਂ ਦਾ ਆਦਮਕੱਦ ਬੁੱਤ ਸਥਾਪਤ ਹੋਣਾ ਚਾਹੀਦਾ ਹੈ ਸਗੋਂ ਇਲਾਕੇ ਵਿਚ ਕੁੜੀਆਂ ਦਾ ਕਾਲਜ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਪਿੰਡ ਨੂੰ ਸੈਰ ਸਪਾਟੇ ਦੇ ਨਕਸ਼ੇ ’ਤੇ ਲਿਆਉਣ ਦੇ ਯਤਨ ਕਰਨ ਲਈ ਕਿਹਾ।