(ਸਮਾਜ ਵੀਕਲੀ)
ਰੁੱਤ ਬਦਲੀ, ਬਦਲਿਐ ਮੌਸਮ, ਬਦਲ ਗਏ ਹੁਣ ਅਸਾਂ ਵੀ
ਸਭ ਉਤਾਰਾਂਗੇ ਚੜੇ ਸਿਰ , ਸਬਰ ਕਰ ਰਿਣ ਅਸਾਂ ਵੀ
ਤਾਜ ਸਿਰ ਦਸਤਾਰ ਸਾਡੇ, ਰੱਤ ਦੀ ਦੇ ਪਾਣ ਬੰਨੀ
ਧਰ ਰਹੇ ਹਾਂ ਕਦਮ ਜਮ ਕੇ, ਫ਼ਾਸਲ਼ੇ ਮਿਣ-ਮਿਣ ਅਸਾਂ ਵੀ
ਹੱਦ-ਬੰਦੀ ਕਰ ਰਿਹੈ ਖੁਦ, ਜਾਹ ਰਿਹੈ ਕਿਸ ਤਰਫ਼ ਹਾਕਿਮ
ਬੱਦਲਾਂ ਦੀ ਚਾਲ-ਬਾਜ਼ੀ , ਦੇਖਦੇ ਹਾਂ ਕਿਣ-ਮਿਣ ਅਸਾਂ ਵੀ
ਅੰਨ-ਦਾਤਾ ਦੇਸ਼ ਦਾ ਕਿਉਂ , ਵਿਲਕਦਾ ਹੈ ਦੱਸ ਮੈਨੂੰ
ਨਜ਼ਰ ਅੰਦਰ ਕਾਣ ਤੇਰੇ , ਦੇਖਦੇ ਹਾਂ ਤਿਣ ਅਸਾਂ ਵੀ
ਕੌਮ ਕਿਸ ਦੀ ਜਾਣ ਪਹਿਲਾਂ, ਨਾਲ਼ ਕਿਸ ਟਕਰਾ ਰਿਹਾ ਤੂੰ
ਨੇਜ਼ਿਆਂ ਤੇ ਖੇਡਦੇ ਹਾਂ, ਸੀਸ ਅਪਣੇ ਚਿਣ ਅਸਾਂ ਵੀ
ਮਸਜਿਦਾਂ ਨੂੰ ਢਾਹ ਮੰਦਿਰ, ਰੱਚਦਾ ਹੈਂ ਤਾਲ ਕਿਹੜੀ
ਦਾਗ਼ ਤੇਰੇ ਮੱਥੇ ਉੱਤੇ, ਜਾਹ ਰਹੇ ਹਾਂ ਖੁਣ ਅਸਾਂ ਵੀ
ਬੁੱਕ ਭਰ ਪੀਂਦੇ ਰਹੇ ਹਾਂ, ਭਰ ਪਿਆਲ਼ੇ ਸਭ ਜ਼ਹਿਰ ਦੇ
ਸਾਜਿਸ਼ਾਂ ਨੂੰ ਦੇਖ ਪੀਦੇਂ , ਦੁੱਧ ਪੁਣ-ਪੁਣ ਅਸਾਂ ਵੀ
ਵੇਚ ਚੱਲੇ ਦੇਸ਼ ਹਾਕਿਮ , ਖੁੱਡ-ਬੰਨੇ ਦੇਸ਼ ਸਾਰਾ
ਦੇਖਦੇ ਹਾਂ ਚੁੱਪ ਬੈਠੇ, ਖਾ ਰਿਹੈ ਜੋ ਘੁਣ ਅਸਾਂ ਵੀ
ਦੇਖ ਵੋਟਾਂ ਵੇਚ ਆਏ, ਬੋਤਲਾਂ ਦੇ ਭਾਅ ਖੜੇ ਦਿਨ
ਆਪਣਾ “ਬਾਲੀ” ਵਪਾਰੀ, ਖੁਦ ਲਿਐ ਹੈ ਚੁਣ ਅਸਾਂ ਵੀ
ਬਲਜਿੰਦਰ ਸਿੰਘ “ਬਾਲੀ ਰੇਤਗੜੵ “
7087629168
9465129168