ਖੱਸੀ ਕੀਤੇ ਵੈਹੜਕੇ .!

ਬੁੱਧ ਸਿੰਘ ਨੀਲੋਂ

ਇਲਤੀਨਾਮਾ..

(ਸਮਾਜ ਵੀਕਲੀ)- ਹੁਣ ਤੇ ਨਾ ਬਲਦ ਰਹੇ ਹਨ ਨਾ ਹੀ ਗੱਡੀਆਂ ਤੇ ਗੱਡੇ। ਹੁਣ ਤੇ ਮੋਟਰ ਕਾਰਾਂ ਨੇ… ਵਿੱਚ ਘੁੰਮਦੀਆਂ ਮੁਟਿਆਰਾਂ ਨੇ। ਹੁਣ ਤੇ ਬਜ਼ਾਰ ਦੇ ਵਿੱਚ ਜਾਂਦਿਆਂ ਪਤਾ ਹੀ ਨਹੀਂ ਲੱਗਦਾ ਕਿ ਅੱਗੇ ਤੁਰਿਆ ਜਾਂਦਾ ਕੌਣ ਹੈ ? ਕਾਕਾ ਕੇ ਕਾਕੀ.?.. ਮੁੰਡਿਆਂ ਨੇ ਵਾਲ ਪਿਛਲੇ ਪਾਸੇ ਕੀਤੇ ਹੁੰਦੇ ਨੇ ਤੇ ਕੁੜੀਆਂ ਨੇ ਚੁੰਨੀਆਂ ਲਾਹੀਆਂ ਨੇ..ਇਹ ਸ਼ੌਕੀਨ਼ ਕਿੱਥੋਂ ਆਏ ਨੇ….!

ਜਦੋਂ ਬਾਪੂ ਹੋਰੀ ਖੇਤੀ ਕਰਦੇ ਸੀ ਤਾਂ ਉਹ ਪਸ਼ੂ ਡੰਗਰ ਰੱਖਦੇ ਸੀ…ਮੱਝਾਂ ਤੇ ਗਾਵਾਂ ਹੁੰਦੀਆਂ ਸੀ. .ਤੇ ਕੱਟੇ ਵੱਛੇ ਹੁੰਦੇ ਸੀ…ਕੁੱਬਿਆਂ ਵਾਲਾ ਕਾਲੂ ਸਲੋਤਰੀ ਹੁੰਦਾ ਸੀ…ਜਿਹੜਾ ਵੱਛੇ ਖੱਸੀ ਕਰਨ ਆਉਦਾ ਸੀ..ਦਸ ਰੁਪਏ ਲੈਦਾ ਸੀ…ਤੇ .ਕੰਮ ਕਰਕੇ ਤੁਰ ਜਾਂਦਾ ਸੀ…ਕਾਲੂ ਦਾ ਰੰਗ ਦਾ ਕਾਲਾ ਸੀ ਪਰ ਦਿਲ ਬਹੁਤ ਨਰਮ ਸੀ …! ਉਹ ਵੈਹੜਕਾ ਖੱਸੀ ਕਰਕੇ ਚਾਹ ਪੀ ਕੇ ਚਲੇ ਜਾਂਦਾ ।

ਫੇਰ ਜਦੋਂ ਖੇਤੀ ਦਾ ਕੰਮ ਘਟਿਆ ਤੇ ਕਾਲੂ ਵੀ ਬੁੱਢਾ ਕੀ ਹੋਇਆ ਸੀ..ਤੇ ਉਹ ਤੇ ਕੰਮ ਤੋਂ ਵਿਹਲਾ ਹੋ ਗਿਆ ਸੀ..
ਭਲੇ ਦਿਨ ਸਨ। ਲੋਕਾਂ ਵਿੱਚ ਮੁਹੱਬਤ ਸੀ..ਇਕ ਦੂਏ ਨਾਲ ਮੋਹ ਪਿਆਰ ਸੀ।
ਹਰੀ ਕ੍ਰਾਂਤੀ ਦੀ ਕੀ ਨੇਰੀ ਵਗੀ…ਬਸ ਸਭ ਕੁੱਝ ਹੂੰਝ ਕੇ ਹੀ ਲੈ ਗੀ…

ਗਲੀਆਂ ਦੇ ਵਿੱਚ ਟਰੈਕਟਰ ਭੱਜੇ ਫਿਰਦੇ ਸੀ..ਲੋਕ ਤਰੱਕੀ ਕਰਗੇ ਸੀ…ਕਈ ਅੰਦਰੋਂ ਅੰਦਰੀ ਗਹਿਣੇ ਸੀ ਤੇ ਕਈ ਬੈਅ ਵੀ ਕਰਗੇ ਸੀ….ਕਈ ਤਾਂ ਵਿਹਲੇ ਹੋ ਗੇ ਸੀ..ਨਾਲ ਬੇਜ਼ਮਨਿਆਂ ਦੇ ਵਰਗੇ ਹੋ ਗੇ ਸੀ…
ਫੇਰ ਨਵੀਂ ਬੀਮਾਰੀ ਆਈ ਸੀ ਜਿਸ ਨੇ ਘਰਾਂ ਵਿੱਚ ਰੌਣਕ ਲਾਈ ਸੀ

ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗੀਤ ਬਨੇਰਿਆਂ ਉਤੇ ਵੱਜਣ ਲੱਗਿਆ ।

ਮੈਨੂੰ ਟੈਲੀਵਿਜ਼ਨ ਲੈਦੇ ਵੇ ਤਸਵੀਰਾਂ ਬੋਲਦੀਆਂ….

ਫੇਰ….ਆ ਗੀਤ ਆ ਗਿਆ …

ਮੁਕ ਗਈ ਫੀਮ ਡੱਬੀ ਦੇ ਵਿੱਚੋ ਯਾਰੋ…ਅੱਜ ਕੋਈ ਅਮਲੀ ਦਾ ਡੰਗ ਸਾਰੋ.
ਉਨ੍ਹਾਂ ਦਿਨਾਂ ਦੇ ਵਿੱਚ
.ਲੱਲਾਂ ਵਾਲਿਆਂ ਨੇ ਡੋਡਿਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਸੀ…ਉਨ੍ਹਾਂ ਨੇ ਖੂਹ ਉਤੇ ਕੰਡਾ ਰੱਖਿਆ ਹੋਇਆ ਸੀ…ਬੋਰੀਆਂ ਭਰ ਭਰ ਆਉਦੀਆਂ ਸੀ…ਤੇ ਲੈਣ ਅਮਲੀਆਂ ਦੀਆਂ ਡਾਰਾਂ ਆਉਦੀਆਂ ਸੀ..

ਕਈਆਂ ਦੇ ਘਰ ਤੇ ਖੇਤ ਵਿਕ ਗਏ
ਫੇਰ ਮੌਸਮ ਬਦਲਿਆ …
ਹੰਸ ਰਾਜ ਗਾਉਣ ਲੱਗਿਆ …

ਅਸੀਂ ਚਿੱਠੀਆਂ ਪਾਉਣੀਆਂ ਭੁੱਲਗੇ
ਜਦੋਂ ਟੈਲੀਫੋਨ ਲੱਗਿਆ …
ਹਰੀ ਕ੍ਰਾਂਤੀ ਦਾ ਸਿਖਰ ਸੀ…ਜੱਟਾਂ ਨੂੰ ਫੇਰ ਕਾਹਦਾ ਫਿਕਰ ਸੀ?
ਜੱਟ ਤੇ ਸੀਰੀ ਦਾ ਨਾਤਾ ਮੁੱਕਿਆ ਸੀ…
ਹੁਣ ਜੱਟ ਦੇ ਗਲ ਲੱਗ ਕੇ ਸੀਰੀ ਨੀ ਸੀ ਰੋਂਦਾ…ਹੁਣ ਤੇ ਗੱਲ ਹੋਰ ਸੀ..
ਹੁਣ ਸੀਰੀ ਦੀ ਥਾਂ ਰਾਮੂ ਨੇ ਖੁਰਪਾ ਚੁੱਕਿਆ ਸੀ…
ਫੇਰ ਘਰ ਤੇ ਖੇਤ ਵਿੱਚ ਰਾਮੂ ਸੀ…
ਰਾਮੂ ਹੀ ਰਾਮੂ ਹੁੰਦੀ ਸੀ.. ਫੇਰ
ਕੀ ਨਹੀਂ ਹੋਇਆ .ਚੱਲ ..ਛੱਡ ਪਰੇ
ਰਾਮੂ ਮਨ ਆਈ ਕਰੇ..
ਨਾ ਹੁਣ ਉਹ ਸਰਦਾਰ ਤੋਂ ਡਰੇ…ਕਿਉ…?

ਬਾਕੀ ਸਭ ਗੋਲ ਮਾਲ ਹੈ..?

ਫੇਰ ਮੋਬਾਇਲ ਆਇਆ…
ਚਿੱਟਾ ਆਇਆ ..ਚਿੱਟੀ ਮੱਖੀ ਤੇ ਚਿੱਟੇ ਨੇ…ਨੌਜਵਾਨਾਂ ਨੂੰ ਨਵਾਂ ਸੂਰਜ ਦਿਖਾਇਆ ।
ਫੇਰ ਚਿੱਟੇ ਦਾ ਸ਼ੁਰੂ ਹੋਇਆ ਯੁੱਧ
ਸਭ ਕਰ ਦਿੱਤੇ ਸ਼ੁੱਧ….
ਲੋਕਾਂ ਦੀ ਮਾਰੀ ਗਈ ਬੁੱਧ …
ਚਾਰੇ ਪਾਸੇ ..ਲੱਗੀ ਦੌੜ

ਸ਼ਹਿਰਾਂ ਦੇ ਵਿੱਚ ਹਸਪਤਾਲ ਤੇ
ਪਿੰਡਾਂ ਦੇ ਡੇਰੇ ਬਣੇ…ਸਾਧਾਂ ਦੇ ਵੱਗ ਤੁਰੇ
ਕਦੇ ਚਿੱਟੀ ਤੇ ਕਦੇ ਨੀਲੀ .
.ਪੀਲੀ ਮਾਤਾ ਦੇ ਚਾਲੇ ਚੱਲੇ..
ਕਦੇ ਸਰਸੇ ਕਦੇ ਬਿਆਸ…
ਨਹੀਂ ਕਿਧਰੇ ਨੇੜੇ ਪਾਸ..
ਸੁਰਗ ਦੀਆਂ ਟਿਕਟਾਂ ਦੇਣ ਵਾਲੇ
ਵਿੱਚ ਵਿਦੇਸ਼ ਤੋਰਨ ਬਾਬੇ
ਬਾਬੇ ਹੀ ਬਾਬੇ…ਬਾਬੇ…
ਫੇਰਨ ਲੱਗੇ ਝਾਫੇ…ਬਾਬੇ
ਲੋਕਾਂ ਦੀ ਜੀਭ ਟੁੱਕੀ ਗਈ….
ਖਲਕਤ ਸੁੱਤੀ ਰਹੀ
ਦੁੱਧ ਤੇ ਪੁੱਤ ਦੋਵੇਂ ਗਏ
ਬਾਬਾ ਬੈਠਾ ਹਾਉਕੇ ਲਵੇ….
ਘਰਦੀ ਕੰਧ ਬਾਹਰ ਨੂੰ ਡਿੱਗਦੀ ਜਾਵੇ
ਕਾਕਾ ਨਿੱਤ ਸ਼ੌਕੀਨੀ ਲਾਵੇ…
ਚਿੱਟੇ ਚਿੱਟੇ ਬਸਤਰ ਪਾਵੇ
ਵਿੱਚ ਚਿੱਟੇ ਦੇ ਲਿਪਟ ਕੇ ਆਵੇ ਤੇ ਜਾਵੇ….ਰਾਮ ਨਾਮ ਸੱਤ ਹੋ ਜਾਵੇ…
ਡਰਦਾ ਕੋਈ ਨਾ ਰਪਟ ਲਿਖਵਾਏ…!
ਨੂੰਹ ਰਾਣੀ ਕੀਰਨੇ ਪਾਵੇ
ਵੇ ਮੈਂ ਵੱਸਦੀ ਉਜੜ ਗਈ…
ਗੁਰਦਾਸ ਮਾਨ ਗੀਤ ਗਾਵੇ।

ਬੱਲੇ ਮੌਲਾ ਤੇਰੇ ਰੰਗ ਨਿਆਰੇ..

ਚੁੱਲਿਆਂ ਦੇ ਵਿੱਚ ਘਾਹ ਉਗਿਆ..
.ਬਾਬਾ ਹੁਣ ਖੇਤਾਂ ਨੂੰ ਤੁਰਿਆ
ਕੁੱਝ ਕਬੂਤਰ ਉਡ ਗਏ ਸੀ ਤੇ
ਕੁੱਝ ਗੋਲੇ ਬਣਗੇ ਸੀ..

ਬਾਬਾ ਨਿੱਤ ਪੁੱਛਦਾ ਸੀ…

ਭਾਈ ਕੁੱਬਿਆਂ ਵਾਲਾ ਕਾਲੂ ਕਦ ਕਰ ਗਿਆ ਵੱਛੇ ਖੱਸੀ…?

ਨਹੂੰ ਰਾਣੀ ਰਾਮੂ ਨਾਲ ਜਾਵੇ ਹੱਸੀ…

ਬਾਬਾ ਹੁਣ ਕੀ ਕਰੇ..?
ਬਾਬਾ ਹੁਣ ਕੀ ਕਰੇ…?
ਕਦੇ ਮੋਢੇ ਉਤੇ ਪਰਨਾ
ਕਦੇ ਕਿਤੇ ਲਾਵੇ ਧਰਨਾ..
ਬਾਬਾ ਪੁੱਛਦਾ ਮੈਂ ਕਦ ਮਰਨਾ ?

ਵੱਛੇ ਕੌਣ ਖੱਸੀ ਕਰ ਗਿਆ ?

ਬਾਬਾ ਹੁਣ ਰੋਜ਼ ਹੀ ਊਚੀ ਊਚੀ ਬੋਲਦਾ ਹੈ…..ਵੱਛੇ ਬਚਾ ਲੋ…ਖੱਸੀ ਕਰਨ ਵਾਲੇ ਆ ਗਏ ਨੇ…
ਲੋਕ ਆਖਦੇ ਬਾਬੇ ਦਾ ਡਮਾਕ ਹਿਲ ਗਿਆ ।
ਹੁਣ ਬਾਬਾ ਆਪਣੇ ਪੋਤੇ ਦੇ ਨਾਲ ਧਰਨੇ ਉਤੇ ਬੈਠ ਕੇ ਬਚ ਗਏ ਖੇਤ ਬਚਾ ਰਿਹਾ ਹੈ….
ਤੁਸੀਂ ਬਾਬੇ ਨਾਲ ਕਦ ਧਰਨੇ ਉਤੇ ਬੈਠਣਾ ਹੈ…ਕਿ ਤੁਸੀਂ ਵੀ ਖੱਸੀ ਹੋ ਗਏ?

ਇਲਤੀ ਬਾਬਾ
ਬੁੱਧ ਸਿੰਘ ਨੀਲੋਂ

94643 70823

Previous articleTaliban execute Amrullah Saleh’s brother
Next articleਅੰਨ੍ਹਾਂ ਵੰਡੇ, ਭੋਰਾ ਨ ਖੰਘੇ!