ਹੁਸੈਨਪੁਰ (ਸਮਾਜ ਵੀਕਲੀ) (ਕੌੜਾ) – ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਸੁਲਤਾਨਪੁਰ ਲੋਧੀ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੇ ਹੋਣ ਵਾਲੇ ਨੁਕਸਾਨਾਂ ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਨੁੱਕੜ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਹੈ ।
ਪਿੰਡ ਮੰਗੂਪੁਰ ਵਿੱਚ ਕੀਤੀ ਨੁੱਕੜ ਮੀਟਿੰਗ ਬਾਰੇ ਦੱਸਦੇ ਹੋਏ ਬਲਾਕ ਖੇਤੀਬਾੜੀ ਅਫ਼ਸਰ ਸੁਲਤਾਨਪੁਰ ਲੋਧੀ ਜਸਬੀਰ ਸਿੰਘ ਖਿੰਡਾ ਨੇ ਦੱਸਿਆ ਕਿ ਕਰੋਨਾ ਕਰਕੇ ਕਿਸਾਨਾਂ ਦੇ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਇਸ ਲਈ ਖੇਤੀ ਵਿਸਥਾਰ ਦਾ ਕੰਮ ਨੁੱਕੜ ਮੀਟਿੰਗਾਂ ਰਾਹੀਂ ਕੀਤਾ ਜਾ ਰਿਹਾ ਹੈ ।
ਇਸ ਮੌਕੇ ਡਾ ਜਸਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਰਕੇ ਬਣੇ ਹਾਲਾਤਾਂ ਕਰਕੇ ਕੰਮਾਂ ਕਾਰਾਂ ਦੇ ਰਵਾਇਤੀ ਤੌਰ ਤਰੀਕਿਆਂ ਵਿੱਚ ਕਈ ਨਿਵੇਕਲੀਆਂ ਅਤੇ ਮੌਲਿਕ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਵਿੱਚ ਕਿਸਾਨਾਂ ਦੇ ਛੋਟੇ ਛੋਟੇ ਇਕੱਠ ਸੱਥਾਂ ਵਿੱਚ ਜਾ ਕੇ ਪੀਕੋ ਪ੍ਰੋਜੈਕਟਰ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਕਿ ਸੁਣਨ ਨਾਲੋਂ ਵੇਖਣ ਵਿੱਚ ਵੱਧ ਯਕੀਨ ਹੁੰਦਾ ਹੈ ਇਸ ਕਰਕੇ ਪਰਾਲੀ ਸੰਭਾਲਣ ਲਈ ਇਜਾਦ ਹੋਈਆਂ ਤਕਨੀਕਾਂ ਦੀ ਵੀਡੀਓ ਪ੍ਰੋਜੈਕਟਰ ਰਾਹੀਂ ਕਿਸਾਨਾਂ ਨੂੰ ਦਿਖਾ ਕੇ ਪਰਾਲੀ ਸੰਭਾਲਣ ਦੇ ਤਰੀਕਿਆਂ ਬਾਰੇ ਦੱਸਿਆ ਜਾ ਰਿਹਾ ਹੈ ।
ਇਸ ਮੌਕੇ ਮਨਜਿੰਦਰ ਸਿੰਘ ਅਤੇ ਹਰਜੋਤ ਸਿੰਘ ਏਟੀਐਮ ਵੱਲੋਂ ਪਰਾਲੀ ਨੂੰ ਖੇਤਾਂ ਵਿੱਚ ਸੰਭਾਲਣ ਲਈ ਵਿਕਸਿਤ ਹੋਈਆਂ ਤਕਨੀਕਾਂ ਦੀ ਵੀਡੀਓ ਚਲਾ ਕੇ ਕਿਸਾਨਾਂ ਨੂੰ ਦਿਖਾਈ ਗਈ ।
ਇਸ ਮੌਕੇ ਅਨਮੋਲ ਸਿੰਘ ਸੁਖਦੇਵ ਸਿੰਘ ਲਖਵੀਰ ਸਿੰਘ ਮਨਮੋਹਿਤ ਸਿੰਘ ਗੁਰਪ੍ਰੀਤ ਸਿੰਘ ਲਵਪ੍ਰੀਤ ਮਨਿੰਦਰ ਸਿੰਘ ਮਨਜਿੰਦਰ ਬਲਜਿੰਦਰ ਸਿੰਘ ਮਨਜਿੰਦਰ ਸਿੰਘ ਸੁਰਿੰਦਰ ਸਿੰਘ ਗਿਆਨ ਸਿੰਘ ਆਦਿ ਮੌਜੂਦ ਸਨ।