ਚੰਡੀਗੜ੍ਹ (ਸਮਾਜ ਵੀਕਲੀ) : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 38 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦਾ ਅਸਰ ਹਰਿਆਣਾ ’ਚ ਲਗਾਤਾਰ ਦਿਖਾਈ ਦੇ ਰਿਹਾ ਹੈ। ਕਿਸਾਨ-ਮਜ਼ਦੂਰਾਂ ਵੱਲੋਂ ਸੂਬੇ ਭਰ ਵਿੱਚ ਪਹਿਲਾਂ ਹੀ ਭਾਜਪਾ ਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸਾਰੇ ਸਮਾਗਮਾਂ ਦਾ ਵਿਰੋਧ ਕਰਦਿਆਂ ਧਰਨੇ ਦਿੱਤੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਅੰਬਾਨੀ, ਅਡਾਨੀ ਅਤੇ ਬਾਬਾ ਰਾਮਦੇਵ ਦੇ ਸਾਮਾਨ ਦਾ ਬਾਈਕਾਟ ਜਾਰੀ ਹੈ।
ਜਥੇਬੰਦੀਆਂ ਵੱਲੋਂ ਹਰ ਤਬਕੇ ਦੇ ਲੋਕਾਂ ਨੂੰ ਇਨ੍ਹਾਂ ਦੇ ਸਾਮਾਨ ਦੀ ਵਰਤੋਂ ਨਾ ਕਰਨ ਅਤੇ ‘ਜੀਓ’ ਸਿਮ ਨੂੰ ਹੋਰਨਾਂ ਕੰਪਨੀਆਂ ਵਿੱਚ ਪੋਰਟ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਉੱਤਰੀ ਭਾਰਤ ਵਿੱਚ ਸ਼ੁੱਕਰਵਾਰ ਰਾਤ ਮੀਂਹ ਪੈਣ ਦੇ ਬਾਵਜੂਦ ਸੰਘਰਸ਼ਸ਼ੀਲ ਕਿਸਾਨਾਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਆਈ ਹੈ। ਮੀਂਹ ਦੇ ਬਾਵਜੂਦ ਟੌਲ ਪਲਾਜ਼ਿਆਂ ’ਤੇ ਦਿੱਤੇ ਧਰਨੇ ਵਿੱਚ ਵੱਡੀ ਗਿਣਤੀ ਲੋਕ ਜੁਟੇ ਰਹੇ। ਉਹ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਧਰਨੇ ਜਾਰੀ ਰੱਖਣ ਲਈ ਬਜ਼ਿੱਦ ਹਨ। ਹਰਿਆਣਾ ਵਿਚ ਕਈ ਥਾਵਾਂ ’ਤੇ ਕਿਸਾਨ ਜਥੇਬੰਦੀਆਂ ਦੇ ਆਗੂ ਟਰੈਕਟਰ ਮਾਰਚ ਕੱਢ ਕੇ ਲੋਕਾਂ ਨੂੰ ਸੰਘਰਸ਼ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰ ਰਹੇ ਹਨ। ਬੀਕੇਯੂ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਨਵਾਂ ਸਾਲ ਬਦਲਾਅ ਲੈ ਕੇ ਆਵੇਗਾ।