ਚੰਡੀਗੜ੍ਹ, (ਸਮਾਜ ਵੀਕਲੀ): ਰਾਸ਼ਟਰਪਤੀ ਵੱਲੋਂ ਖੇਤੀ ਬਿੱਲਾਂ ਨੂੰ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਪੰਜਾਬ ’ਚ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਚੌਥੇ ਦਿਨ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਅੰਮ੍ਰਿਤਸਰ-ਦਿੱਲੀ, ਫਿਰੋਜ਼ਪੁਰ-ਬਠਿੰਡਾ, ਫਿਰੋਜ਼ਪੁਰ-ਲੁਧਿਆਣਾ ਅਤੇ ਫਿਰੋਜ਼ਪੁਰ-ਜਲੰਧਰ ਰੇਲ ਮਾਰਗ ’ਤੇ ਨੰਗੇ ਧੜ ਧਰਨੇ ਦਿੱਤੇ। ਭਲਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਰੇਲ ਮਾਰਗਾਂ ’ਤੇ ਕਿਸਾਨ ਕੇਸਰੀ ਪੱਗਾਂ ਬੰਨ੍ਹ ਕੇ ਅਤੇ ਔਰਤਾਂ ਕੇਸਰੀ ਦੁਪੱਟੇ ਲੈ ਕੇ ਵਿਸ਼ਾਲ ਰੈਲੀਆਂ ਕਰਨਗੇ।
ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਭਲਕੇ ਸੰਘਰਸ਼ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ ਜਿਸ ’ਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਆਖਿਆ ਕਿ ਖੇਤੀ ਕਾਨੂੰਨ ਬਣਨ ਕਰਕੇ ਹੁਣ ਕਿਸਾਨ ਆਪੇ ਤੋਂ ਬਾਹਰ ਹੋਣ ਲੱਗ ਪਏ ਹਨ। ਬੀਕੇਯੂ (ਰਾਜੇਵਾਲ) ਅਤੇ ਬੀਕੇਯੂ (ਲੱਖੋਵਾਲ) ਸਮੇਤ 13 ਕਿਸਾਨ ਧਿਰਾਂ ਨੇ ਸੰਘਰਸ਼ ਦੀ ਅਗਲੀ ਰਣਨੀਤੀ ਲਈ ਭਲਕੇ 28 ਸਤੰਬਰ ਨੂੰ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ’ਚ ਐਮਰਜੈਂਸੀ ਮੀਟਿੰਗ ਸੱਦ ਲਈ ਹੈ। ਬੀਕੇਯੂ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਖੇਤੀ ਕਾਨੂੰਨ ਬਣ ਜਾਣ ਕਾਰਨ ਫੌਰੀ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਅਗਲਾ ਪੈਂਤੜਾ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਵੱਲੋਂ ਕਿਸਾਨਾਂ ਦੀ ਮੌਤ ਦੇ ਵਾਰੰਟਾਂ ’ਤੇ ਇਹ ਦਸਤਖ਼ਤ ਕੀਤੇ ਗਏ ਹਨ।
31 ਕਿਸਾਨ ਧਿਰਾਂ ਨੇ ਪਹਿਲੀ ਅਕਤੂਬਰ ਨੂੰ ਰੇਲ ਮਾਰਗ ਅਣਮਿੱਥੇ ਸਮੇਂ ਲਈ ਰੋਕੇ ਜਾਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਕਿਸਾਨ ਧਿਰਾਂ ਦੇ ਕੋਆਰਡੀਨੇਟਰ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਅੱਜ ਜ਼ਿਲ੍ਹਿਆਂ ਵਿਚ ਤਿਆਰੀ ਮੀਟਿੰਗਾਂ ਹੋਈਆਂ ਹਨ ਜਿਨ੍ਹਾਂ ਵਿਚ ਰੇਲ ਮਾਰਗਾਂ ’ਤੇ ਦਿੱਤੇ ਜਾਣ ਵਾਲੇ ਧਰਨਿਆਂ ਦੇ ਪੁਆਇੰਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨ ਬਣ ਜਾਣ ਮਗਰੋਂ ਹੁਣ ਕਿਸਾਨ ਧਿਰਾਂ ਵੱਲੋਂ ਭਾਜਪਾ ਦੇ ਆਗੂਆਂ ਅਤੇ ਅਹੁਦੇਦਾਰਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਜਾਵੇਗਾ।
ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਭਲਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਜਥੇਬੰਦੀ ਵੱਲੋਂ ਲੌਂਗੋਵਾਲ ’ਚ ਨੌਜਵਾਨਾਂ ਦਾ ਵੱਡਾ ਇਕੱਠ ਸੱਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਨੇ ਖੇਤੀ ਬਿੱਲਾਂ ਤੇ ਦਸਤਖ਼ਤ ਕਰਕੇ ਕਿਸਾਨੀ ਅਤੇ ਜਵਾਨੀ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਕਤੂਬਰ ਦੇ ਪ੍ਰੋਗਰਾਮਾਂ ਦੀ ਪੂਰੀ ਤਿਆਰੀ ਕਰ ਲਈ ਗਈ ਹੈ।