ਖੇਤੀ ਕਾਨੂੰਨ: ਅੰਮ੍ਰਿਤਧਾਰੀ ਨੌਜਵਾਨਾਂ ਵੱਲੋਂ ਸੰਸਦ ਭਵਨ ਅੱਗੇ ਧਰਨਾ

ਅੰਮ੍ਰਿਤਸਰ (ਸਮਾਜ ਵੀਕਲੀ) : ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਸੰਸਦ ਭਵਨ ਦੇ ਬਾਹਰ ਵਿਰੋਧ ਕਰ ਰਹੇ ਪੰਜ ਗੁਰਸਿੱਖ ਨੌਜਵਾਨਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੌਕੇ ’ਤੇ ਜਾ ਕੇ ਥਾਪੜਾ ਦਿੱਤਾ ਅਤੇ ਸਿਰੋਪਾਓ ਭੇਟ ਕਰ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਰੋਪੜ ਜ਼ਿਲ੍ਹੇ ਨਾਲ ਸਬੰਧਤ ਇਹ ਗੁਰਸਿੱਖ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਸੰਸਦ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਹਨ। ਸ਼ੁੱਕਰਵਾਰ ਦਿੱਲੀ ਪੁੱਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਇਨ੍ਹਾਂ ਨੌਜਵਾਨਾਂ ਵੱਲੋਂ ਕਿਸਾਨ ਹੱਕ ਵਿੱਚ ਦਿੱਤੇ ਜਾ ਰਹੇ ਧਰਨੇ ਬਾਰੇ ਪਤਾ ਲੱਗਾ ਤਾਂ ਉਹ ਇਨ੍ਹਾਂ ਨੌਜਵਾਨਾਂ ਨੂੰ ਥਾਪੜਾ ਦੇਣ ਲਈ ਉੱਥੇ ਪਹੁੰਚ ਗਏ।

ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਰਕਾਬਗੰਜ ਵਿਖੇ ਦਰਸ਼ਨ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਜਾਬ ਦੇ ਇਹ ਪੰਜ ਅੰਮ੍ਰਿਤਧਾਰੀ ਨੌਜਵਾਨ ਸੰਸਦ ਭਵਨ ਦੇ ਸਾਹਮਣੇ ਕਿਸਾਨਾਂ ਦੇ ਹਿੱਤਾਂ ਲਈ ਧਰਨੇ ’ਤੇ ਬੈਠੇ ਹੋਏ ਹਨ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਕਿਸਾਨ ਹਿੱਤਾਂ ਦੇ ਖ਼ਿਲਾਫ਼ ਹੈ, ਜਿਸ ਕਰਕੇ ਦੇਸ਼ ਦੇ ਕਿਸਾਨ ਸੰਘਰਸ਼ ਦੇ ਰਾਹ ’ਤੇ ਆ ਗਏ ਹਨ ਤੇ ਇਨ੍ਹਾਂ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਵੀ ਸ਼ਾਂਤਮਈ ਢੰਗ ਨਾਲ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਜਾਇਜ਼ ਮੰਗ ਮੰਨਦਿਆਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਕਿਉਂਕਿ ਇਹ ਫ਼ੈਸਲਾ ਕਿਸਾਨੀ ਨੂੰ ਖਤਮ ਕਰਨ ਵਾਲਾ ਹੈ। ਦੇਸ਼ ਦੀ ਆਰਥਿਕਤਾ ਤੇ ਦੇਸ਼ ਦੀ ਜਨਤਾ ਦਾ ਵੱਡਾ ਹਿੱਸਾ ਕਿਸਾਨੀ ’ਤੇ ਨਿਰਭਰ ਹੈ। ਕਿਸਾਨੀ ਇਸ ਵੇਲੇ ਸਮੇਂ ਦੀ ਮੁੱਖ ਲੋੜ ਹੈ ਤੇ ਇਸ ਲਈ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਇਹ ਚੰਗੀ ਗੱਲ ਹੈ ਕਿ ਸਿੱਖ ਨੌਜਵਾਨ ਆਪਣੇ ਹੱਕਾਂ ਲਈ ਅੱਗੇ ਆ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਧਰਨੇ ’ਤੇ ਬੈਠੇ ਹਰਪ੍ਰੀਤ ਸਿੰਘ ਬਸੰਤ ਨੇ ਆਖਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਸਮਰਥਨ ਨਾਲ ਸੰਘਰਸ਼ ਨੂੰ ਹੋਰ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕਮੁੱਠ ਹੋ ਕੇ ਦਿੱਲੀ ਖ਼ਿਲਾਫ਼ ਲੜਾਈ ਲੜਨੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ, ਸਹਾਇਕ ਇੰਚਾਰਜ ਜਸਵੀਰ ਸਿੰਘ ਲੌਂਗੋਵਾਲ, ਭਾਈ ਅਵਤਾਰ ਸਿੰਘ, ਬਲਜੀਤ ਸਿੰਘ ਰਸ਼ੀਆ, ਕੁਲਵੰਤ ਸਿੰਘ, ਪ੍ਰਭੂ ਸਿੰਘ ਹਾਜ਼ਰ ਸਨ।

Previous articleਕਾਂਗਰਸ ਨੇ ਦੇਸ਼ ਦੇ ਰੱਖਿਆ ਹਿੱਤਾਂ ਨਾਲ ਸਮਝੌਤਾ ਕੀਤਾ: ਮੋਦੀ
Next articleਹਾਥਰਸ: ਰਾਹੁਲ ਤੇ ਪ੍ਰਿਯੰਕਾ ਪੀੜਤ ਪਰਿਵਾਰ ਨੂੰ ਮਿਲੇ