ਅੰਮ੍ਰਿਤਸਰ/ਚੇਤਨਪੁਰਾ (ਸਮਾਜ ਵੀਕਲੀ) : ‘ਆਪ’ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਮੁਆਵਜ਼ੇ ਦੇ ਬਰਾਬਰ ਰਕਮ ਇਸ ਦੇ ਪ੍ਰਚਾਰ ਅਤੇ ਸਮਾਗਮਾਂ ਦੇ ਪ੍ਰਬੰਧ ’ਤੇ ਖ਼ਰਚ ਕੀਤੀ ਹੈ। ਇਹ ਗੱਲ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਹੀ। ਉਹ ਅੱਜ ਅੰਮ੍ਰਿਤਸਰ ਦੌਰੇ ’ਤੇ ਆਏ ਸਨ। ਉਨ੍ਹਾਂ ਨੇ ਇੱਥੇ ਅਜਨਾਲਾ ਤੇ ਚੇਤਨਪੁਰਾ ਵਿੱਚ ਰੋਡ ਸ਼ੋਅ ਵੀ ਕੀਤਾ ਹੈ।
ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਚੀਮਾ ਨੇ ਆਖਿਆ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਹੁਣ ਤਕ ਚਾਰ ਸਾਲਾਂ ਵਿਚ 9.72 ਕਰੋੜ ਰੁਪਏ ਮੁਆਵਜ਼ੇ ਵਜੋਂ ਦਿੱਤੇ ਗਏ ਹਨ। ਇਹ ਤੱਥ ਹੈਰਾਨ ਕਰਨ ਵਾਲੇ ਹਨ ਕਿ ਇਸ ਸਬੰਧੀ ਪ੍ਰੋਗਰਾਮ ਕਰਨ ਤੇ ਇਸ ਦੇ ਪ੍ਰਚਾਰ ਵਾਸਤੇ ਸਰਕਾਰ ਨੇ 9.36 ਕਰੋੜ ਰੁਪਏ ਖ਼ਰਚ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ।
ਆਪਣੇ ਰਾਜ ਦੇ ਆਖ਼ਰੀ ਵਰ੍ਹੇ ਵਿਚ ਸਰਕਾਰ ਨੇ ਕਿਸਾਨਾਂ ਦਾ ਖੇਤੀ ਕਰਜ਼ਾ ਮਾਫ਼ ਕਰਨ ਲਈ 1186 ਕਰੋੜ ਰੁਪਏ ਰੱਖਣ ਦਾ ਐਲਾਨ ਕੀਤਾ ਹੈ ਪਰ ਇਸ ਵਿੱਚੋਂ ਸਿਰਫ਼ 520 ਕਰੋੜ ਰੁਪਏ ਹੀ ਕਰਜ਼ਾ ਮਾਫ਼ੀ ਲਈ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨ ਖ਼ੁਦਕੁਸ਼ੀਆਂ ’ਤੇ ਵੀ ਰਾਜਨੀਤਕ ਲਾਹਾ ਲੈਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਸ ਵੇਲੇ ਮਹਿੰਗਾਈ ਸਮੇਤ ਹੋਰ ਸਮੱਸਿਆਵਾਂ ਕਾਰਨ ਪ੍ਰੇਸ਼ਾਨ ਹਨ। ਦੂਜੇ ਪਾਸੇ, ਸਰਕਾਰ ਭੱਲ ਖੱਟਣ ਲਈ ਵੱਡੀ ਰਕਮ ਖ਼ਰਚ ਕਰ ਰਹੀ ਹੈ। ਇਸ ਮੌਕੇ ਅਸ਼ੋਕ ਤਲਵਾਰ, ਕੁਲਦੀਪ ਸਿੰਘ ਧਾਲੀਵਾਲ, ਐਡਵੋਕੇਟ ਪਰਮਿੰਦਰ ਸਿੰਘ ਸੇਠੀ ਆਦਿ ਹਾਜ਼ਰ ਸਨ।
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ’ਚ ‘ਆਪ’ ਵੱਲੋਂ 21 ਮਾਰਚ ਨੂੰ ਬਾਘਾਪੁਰਾਣਾ ਵਿਚ ਕੀਤੇ ਜਾ ਰਹੇ ਮਹਾਂ ਕਿਸਾਨ ਸੰਮੇਲਨ ਦੇ ਸਮਰਥਨ ’ਚ ਅੱਜ ‘ਆਪ’ ਆਗੂ ਸੋਨੂੰ ਜਾਫ਼ਰ ਦੀ ਅਗਵਾਈ ’ਚ ਪਾਰਟੀ ਵਰਕਰਾਂ ਵੱਲੋਂ ਅਜਨਾਲਾ ’ਚ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਮਹਾਂ ਸੰਮੇਲਨ ’ਚ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬੀਆਂ ’ਚ ਨਵੀਂ ਰੂਹ ਫੂਕਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਨਾਲ ਨਾਲ ਕਾਂਗਰਸ ਸਰਕਾਰ ਵੀ ਬਰਾਬਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਆਪ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੀ ਹੈ ਅਤੇ ਕਿਸਾਨਾਂ ਵੱਲੋਂ ਲਾਏ ਮੋਰਚੇ ਦਾ ਸਮਰਥਨ ਕਰਦੀ ਹੈ।