ਅੱਪਰਾ (ਸਮਾਜ ਵੀਕਲੀ) : ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਕਾਰਣ ਪੰਜਾਬ ‘ਚ ਮੁਫਤ ਆਟਾ-ਦਾਲ ਪ੍ਰਾਪਤ ਕਰਨ ਵਾਲੇ ਲੱਖਾਂ ਹੀ ਲਾਭਪਾਤਰੀ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਣਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੋਮ ਦੱਤ ਸੋਮੀ ਕੋ-ਚੇਅਰਮੈਨ ਕਾਂਗਰਸ ਦਿਹਾਤੀ ਜਲੰਧਰ ਤੇ ਸਿਕੰਦਰ ਗਿੱਲ ਕਾਂਗਰਸੀ ਆਗੂ ਨੇ ਅੱਪਰਾ ਵਿਖੇ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਤਿਲ ਤਿਲ ਮਰਨ ਲਈ ਮਜਬੂਰ ਕਰ ਰਹੀ ਹੈ। ਉਨਾਂ ਕਿਹਾ ਕਿ ਸਰਮਾਏਦਾਰ ਤੇ ਪੂੰਜੀਪਤੀਆਂ ਦੇ ਖੇਤੀ ਸੈਕਟਰ ‘ਚ ਆ ਜਾਣ ਕਾਰਣ ਕਿਸਾਨਾਂ ਦੇ ਨਾਲ ਨਾਲ ਗਰੀਬ ਮਜ਼ਦੂਰ, ਆੜਤੀਏ, ਪੱਲੇਦਾਰ ਤੇ ਹੋਰ ਮਜ਼ਦੂਰ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਜਾਣਗੇ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਦੁਆਰਾ ਚਲਾਈ ਜਾ ਰਹੀ ਮੁਫਤ ਆਟਾ ਦਾਲ ਸਕੀਮ ਤਹਿਤ ਮੁਫਤ ਕਣਕ ਆਟਾ, ਦਾਲ ਪ੍ਰਾਪਤ ਕਰਨ ਵਾਲੇ ਲਾਭਪਾਤਰੀ ਵੀ ਇਸ ਦਾ ਵੱਡਾ ਸ਼ਿਕਾਰ ਹੋਣਗੇ ਤੇ ਬੇਰੁਜ਼ਗਾਰੀ ਦੇ ਨਾਲ ਨਾਲ ਭੁੱਖੇ ਮਰਨ ਲਈ ਮਜਬੂਰ ਹੋਣਗੇ।