
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਗਠਿਤ ਜਿਲਾ ਪੱਧਰੀ ਨਿਗਰਾਨ ਕੇਮਟੀ ਦੀ ਬੈਠਕ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਹੋਈ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਨਬਾਰਡ,ਖੇਤੀਬਾੜੀ,ਬਾਗਬਾਨੀ,ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਖੇਤੀ ਖੇਤਰ ਵਿੱਚ ਅਤਿ ਆਧੁਨਿਕ ਮਸ਼ੀਨਰੀ ਅਤੇ ਨਵੀਨਤਮ ਤਕਨੀਕਾਂ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੂੰ ਇੰਨ-ਬਿੰਨ ਲਾਗੂ ਕਰਨ। ਨਬਾਰਡ ਦੇ ਡੀ.ਐਮ. ਰਾਕੇਸ਼ ਵਰਮਾ ਨੇ ਦੱਸਿਆ ਕਿ ਖੇਤੀ ਖੇਤਰ ਵਿੱਚ ਮਸ਼ੀਨੀਕਰਨ ਅਤੇ ਹੋਰ ਸੁਧਾਰਾਂ ਲਈ ਖੇਤੀ ਬੁਨਿਆਦੀ ਢਾਂਚਾ ਫੰਡ ਅਗਸਤ 2020 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਖੇਤੀ ਖੇਤਰ ਵਿੱਚ ਨਿਵੇਸ਼ ਲਈ ਆਸਾਨ ਦਰਾਂ ਤੇ ਕਰਜ,ਅਨਾਜ ਦੇ ਰੱਖ ਰਖਾਅ ਸਾਈਲੋਜ ਬਣਾਉਣ,ਕੋਲਡ ਚੇਨ,ਗ੍ਰੀਡਿੰਗ ਯੂਨਿਟ ਅਤੇ ਪੈਕ ਹਾਊਸ ਬਣਾਉਣ ਲਈ ਇੱਕ ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਆਨ ਲਾਈਨ ਅਰਜੀਆਂ ਦੇਣ ਲਈ ਇੱਕ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਚਾਹਵਾਨ ਵਿਅਕਤੀ ਜਾਂ ਸੰਸਥਾਵਾਂ www.agriinfra.dac.gov.in ਤੇ ਸੰਪਰਕ ਕਰ ਸਕਦੇ ਹਨ।
ਮੀਟਿੰਗ ਦੌਰਾਨ ਨਿਗਰਾਨ ਕਮੇਟੀ ਦੇ ਮੈਂਬਰ ਮੁੱਖ ਖੇਤੀਬਾੜੀ ਅਫਸਰ ਡਾ.ਸੁਸ਼ੀਲ ਕੁਮਾਰ,ਡਿਪਟੀ ਡਾਇਰੈਕਟਰ ਬਾਗਬਾਨੀ ਵਿਪਨ ਪਠਾਨੀਆਂ,ਡਿਪਟੀ ਰਜਿਸਟਰਾਰ ਸਰਬਜੀਤ ਕੌਰ,ਜਿਲਾ ਲੋਕ ਸੰਪਰਕ ਅਫਸਰ ਸੁਬੇਗ ਸਿੰਘ, ਫੂਡ ਸਪਲਾਈ ਕੰਟਰੋਲਰ ਗੀਤਾ ਬਿਸ਼ੰਭੂ ,ਲੀਡ ਜਿਲਾ ਮੈਨੇਜਰ ਰਜਨੀਸ਼ ਕਾਂਤ ਹਾਜਰ ਸਨ।