ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ ਯਾਦਵਿੰਦਰ ਸੰਧੂ) : ਖੇਤੀ ਪ੍ਰਧਾਨ ਦੇਸ਼ ਦੇ ਖੇਤੀ ਪ੍ਰਧਾਨ ਸੂਬਿਆਂ ਦੇ ਕਿਸਾਨ , ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇਂ ਹਨ । ਕੇਂਦਰ ਸਰਕਾਰ ਵਲੋਂ ਲਿਆਂਦੇ ਇਹ ਕਾਨੂੰਨ ਜਿੱਥੇ ਕਿਸਾਨਾਂ ਲਈ ਢੁਕਵੇਂ ਨਹੀਂ , ਉੱਥੇ ਹੀ ਕਿਰਸਾਨੀ ਨਾਲ ਜੁੜੇ ਵਿਭਾਗਾਂ ਜਾਂ ਹੋਰ ਅਦਾਰਿਆਂ ਲਈ ਵੀ ਮਾਰੂ ਸਾਬਤ ਹੋ ਸਕਦੇ ਹਨ । ਇਸ ਸ਼ਾਂਤਮਈ ਚਲ ਰਹੇ ਅੰਦੋਲਨ ਨੂੰ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਵੱਡਾ ਸਮਰਥਨ ਹਾਸਲ ਹੋਇਆ ਹੈ । ਜਿਸ ਤਰਾਂ ਲੋਕ ਆਪ ਮੁਹਾਰੇ ਦਿੱਲੀ ਵੱਲ ਕੂਚ ਕਰ ਰਹੇ ਹਨ , ਆਉਣ ਵਾਲੇ ਦਿਨਾਂ ਵਿੱਚ ਇਹ ਅੰਦੋਲਨ ਹੋਰ ਪ੍ਰਚੰਡ ਹੋਵੇਗਾ ।
ਅਸੀਂ ਖੇਤੀਬਾੜੀ , ਬਾਗਬਾਨੀ , ਭੂਮੀ ਰੱਖਿਆ ਅਤੇ ਪਸ਼ੂ ਪਾਲਣ ਵਿਭਾਗ ਸਮੂਚੇ ਅਧਿਕਾਰੀ / ਕਰਮਚਾਰੀ , ਜਿਨਾਂ ਦਾ ਸਿੱਧਾ ਸਬੰਧ ਖੇਤੀ ਅਰਥਚਾਰੇ ਨਾਲ ਹੈ , ਦਿੱਲੀ ਦੀ ਸਰਹੱਦ ਤੇ ਬੈਠੇ ਇਹਨਾਂ ਸੰਘਰਸ਼ਮਈ ਕਿਸਾਨਾਂ ਦੇ ਸੰਘਰਸ਼ ਵਿੱਚ ਪੂਰਨ ਤੌਰ ਤੇ ਸਮਰਥਨ ਦਿੰਦੇ ਹਾਂ । ਕਿਸਾਨਾਂ ਨੂੰ ਤਕਨੀਕੀ ਅਗਵਾਈ ਦੇਣ ਦੇ ਨਾਲ – ਨਾਲ ਉਹਨਾਂ ਨਾਲ ਨੇੜਲਾ ਰਿਸ਼ਤਾ ਹੋਣ ਕਰਕੇ ਉਹਨਾਂ ਦੇ ਦੁੱਖ – ਸੁੱਖ ਦੇ ਸਾਥੀ ਵੀ ਹਾਂ । ਅੱਜ ਕਿਸਾਨ ਜਥੇਬੰਦੀਆਂ ਵਲੋਂ ਦਿੱਤੀ ਕਾਲ ਦਾ ਸਮਰਥਨ ਕਰਦੇ ਹੋਏ ਜ਼ਿਲਾ ਹੈਡ – ਕੁਆਰਟਰਾਂ ਤੇ ਖੇਤੀਬਾੜੀ ਨਾਲ ਜੁੜੇ ਵਿਭਾਗਾਂ ਦੀਆਂ ਸਮੂਹ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਰੋਸ ਧਰਨਾ ਦਿੰਦਿਆਂ ਅਤੇ ਕਿਸਾਨਾਂ ਦੇ ਨਾਲ ਖੜਦਿਆਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਿੱਚ ਆਪਣਾ ਯੋਗਦਾਨ ਪਾਇਆ । ਆਉਂਦੇ ਦਿਨਾਂ ਦੇ ਵਿੱਚ ਅਸੀਂ ਕਾਫਲਿਆਂ ਦੇ ਰੂਪ ਵਿੱਚ ਲਗਾਤਾਰ ਜਿਲ੍ਹਾਵਾਰ ਬੱਸਾਂ ਲੈ ਕੇ ਦਿੱਲੀ ਜਾਵਾਂਗੇ ਅਤੇ ਕਿਸਾਨਾ ਦੇ ਇਸ ਅੰਦੋਲਨ ਵਿੱਚ ਤਨੋਂ ਮਨੋਂ ਧਨੋਂ ਪੂਰਾ ਸਹਿਯੋਗ ਦਿਆਂਗੇ ।
ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਮੋਜੂਦਾ ਸਮੇਂ ਵਿੱਚ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਅੰਨਦਾਤੇ ਵਿੱਚ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕੀਤਾ ਜਾਵੇ । ਇਸ ਮੌਕੇ ਡਾ . ਸੁਸ਼ੀਲ ਕੁਮਾਰ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ , ਡਾ.ਅਸ਼ਵਨੀ ਕੁਮਾਰ , ਡਾ . ਗੁਰਦੀਪ ਸਿੰਘ , ਡਾ.ਸੁਖਦੇਵ ਸਿੰਘ , ਡਾ . ਐਚ.ਪੀ.ਐਸ ਭਰੋਤ , ਡਾ . ਜਸਬੀਰ ਸਿੰਘ ਖਿੰਡਾ , ਡਾ . ਮਨਜੀਤ ਸਿੰਘ , ਡਾ . ਪਰਮਜੀਤ ਸਿੰਘ , ਡਾ.ਵਿਸ਼ਾਲ ਕੌਸ਼ਲ , ਡਾ . ਜਸਪਾਲ ਸਿੰਘ , ਇੰਜ ਜਗਦੀਸ਼ ਸਿੰਘ , ਸ੍ਰੀ ਰੇਸ਼ਮ ਸਿੰਘ , ਸ੍ਰੀ ਪਰਮਿੰਦਰ ਕੁਮਾਰ , ਸ਼੍ਰੀ ਕੁਲਵੰਤ ਸਿੰਘ ਗਿਲ , ਸ਼੍ਰੀ ਮਨਦੀਪ ਸਿੰਘ , ਸ੍ਰੀ ਹਰੀਸ਼ ਸਿੰਘ , ਸ੍ਰੀ ਯਾਦਵਿੰਦਰ ਸਿੰਘ , ਸ੍ਰੀ ਸਤਨਾਮ ਸਿੰਘ , ਸ੍ਰੀ ਪ੍ਰੇਮ ਲਾਲ ਆਦਿ ਨੇ ਸੰਬੋਧਨ ਕੀਤਾ ।