ਬੰਗਲੁਰੂ (ਸਮਾਜ ਵੀਕਲੀ) : ਚੀਨ ਨਾਲ ਜਾਰੀ ਤਣਾਅ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਆਪਣੀਆਂ ਸਰਹੱਦਾਂ ’ਤੇ ਮੌਜੂਦਾ ਸਥਿਤੀ ਵਿੱਚ ਬਦਲਾਅ ਦੀਆਂ ਕੋਸ਼ਿਸ਼ਾਂ ਬਾਰੇ ਪੂਰੀ ਤਰ੍ਹਾਂ ਚੌਕਸ ਹੈ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ।
ਉਨ੍ਹਾਂ ਇੱਥੇ ਯੇਲਹੰਕਾ ਏਅਰਫੋਰਸ ਸਟੇਸ਼ਨ ’ਤੇ ‘ਏਰੋ ਇੰਡੀਆ -2021’ ਦੇ ਉਦਘਾਟਨ ਸਮਾਰੋਹ ਦੌਰਾਨ ਕਿਹਾ, ‘‘ਅਸੀਂ ਆਪਣੀਆਂ ਵਿਵਾਦਤ ਸਰਹੱਦਾਂ ’ਤੇ ਮੌਜੂਦਾ ਸਥਿਤੀ ਬਦਲਣ ਲਈ ਫੌਜ ਤਾਇਨਾਤ ਕਰਨ ਦੀਆਂ ਕਈ ਕੋਸ਼ਿਸ਼ਾਂ ਨੂੰ ਲੰਮੇਂ ਸਮੇਂ ਤੋਂ ਦੇਖ ਰਹੇ ਹਾਂ। ’’ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ‘‘ਭਾਰਤ ਆਪਣੇ ਲੋਕਾਂ ਅਤੇ ਖੇਤਰੀ ਅਖੰਡਤਾ ਨੂੰ ਹਰ ਕੀਮਤ ‘ਤੇ ਬਚਾਉਣ ਲਈ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਹੈ। ਭਾਰਤ ਅਤੇ ਚੀਨ ਵਿਚਾਲੇ ਬੀਤੇ ਵਰ੍ਹੇ 5 ਮਈ ਤੋਂ ਪੂਰਬੀ ਲੱਦਾਖ ਵਿੱਚ ਤਣਾਅ ਬਣਿਆ ਹੋਇਆ ਹੈ।