(ਸਮਾਜ ਵੀਕਲੀ)
ਸਿਆਣਿਆਂ ਦੀ ਕਹਾਵਤ ਹੈ ਕਿ ਖੂਹਾਂ ਨੂੰ ਖੂਹ ਨਹੀਂ ਮਿਲਦੇ। ਸੋਚਦੇ ਹਾਂ ਕਿ ਮਿਲਣਗੇ ਵੀ ਕਿਦਾਂ, ਉਨ੍ਹਾਂ ਦੀ ਬਣਤਰ ਹੀ ਐਸੀ ਹੈ ਕਿ ਉਹ ਨਹੀਂ ਮਿਲ ਸਕਦੇ। ਪਰ ਸਮਾਂ ਕਦੇ ਵੀ ਕੁਝ ਵੀ ਕਰ ਸਕਦਾ ਹੈ। ਸੰਨ 88 , ਸਤੰਬਰ ਅਕਤੂਬਰ ਦੀ ਗੱਲ ਹੈ। ਬੜੀ ਭਾਰੀ ਬਾਰਿਸ਼ ਹੋਈ। ਆਪਣੀ ਜ਼ਿੰਦਗੀ ਵਿੱਚ ਮੈਂ ਕਦੇ ਵੀ ਇਨੀ ਬਾਰਿਸ਼ ਪੈਂਦੀ ਨਹੀਂ ਵੇਖੀ। ਚਾਰ ਚੁਫ਼ੇਰੇ ਪਾਣੀ ਹੀ ਪਾਣੀ। ਦਰਿਆਵਾਂ ਦੇ ਡੈਮ ਖਤਰੇ ਵਿੱਚ ਆ ਗਏ। ਬਾਰਿਸ਼ ਵੀ ਜਿਆਦਾ, ਉਪਰੋਂ ਪ੍ਸਾਸਨ ਨੂੰ ਭਾਖੜਾ ਡੈਮ ਦਾ ਪਾਣੀ ਛੱਡਣਾ ਪਿਆ। ਪਾਣੀ ਦੇ ਤੇਜ ਵਹਾਅ ਨੇ ਪੂਰੇ ਪੰਜਾਬ ਦਾ ਜਾਨੀ ਮਾਲੀ ਬਹੁਤ ਨੁਕਸਾਨ ਕੀਤਾ। ਘਰਾਂ ਦੇ ਘਰ ਢਹਿ ਗਏ। ਪਸੂ ਰੁੜ ਗਏ। ਬੜੀਆਂ ਮੌਤਾਂ ਹੋਈਆਂ।
ਜਨਜੀਵਨ ਠੱਪ ਹੋ ਗਿਆ। ਅੱਜ ਵੀ ਉਹ ਯਾਦ ਕਰਕੇ ਰੂਹ ਕੰਬ ਉਠਦੀ ਹੈ। ਕਿਵੇਂ ਹੋਰਨਾਂ ਸਮੇਤ ਅਸੀਂ ਕਿਵੇਂ ਉਹ ਸਮਾਂ ਬਤੀਤ ਕੀਤਾ। ਸਾਰੀ ਰਾਤ ਬਾਰਿਸ਼ ਪੈਣ ਮਗਰੋਂ ਜਦੋਂ ਸਵੇਰੇ ਬਾਰਿਸ਼ ਰੁਕੀ। ਤਾਂ ਲੋਕਾਂ ਸੁਖ ਦਾ ਸਾਹ ਲਿਆ। ਕੁਝ ਦਿਨਾਂ ਬਾਅਦ ਹੌਲੀ ਹੌਲੀ ਘਰਾਂ ਚੋਂ ਪਾਣੀ ਨਿਕਲਣਾ ਸੁਰੂ ਹੋ ਗਿਆ। ਪਿੰਡ ਦੇ ਬਾਹਰ ਫਿਰਨੀ ਤੇ ਹਾਲੇ ਵੀ ਦੋ, ਦੋ ਫੁੱਟ ਪਾਣੀ ਖੜਾ ਸੀ।ਅਸੀਂ ਇੱਕ ਦੂਜੇ ਦੀ ਖਬਰ ਸਾਰ ਲੈਣ ਲਈ ਘਰਾਂ ਚੋ ਬਾਹਰ ਨਿਕਲ ਆਏ। ਇੰਝ ਲਗਦਾ ਸੀ ਜਿੰਵੇਂ ਪਾਣੀ ਨੇ ਪੂਰੀ ਧਰਤੀ ਤੇ ਆਪਣੇ ਰੰਗ ਦੀ ਹੀ ਚਾਦਰ ਵਿਛਾਅ ਰੱਖੀ ਹੋਵੇ। ਫਸਲਾਂ ਪਾਣੀ ਚ ਡੁੱਬ ਚੁਕੀਆਂ ਸਨ। ਕੁਝ, ਕੁਝ ਥਾਵਾਂ ਤੋਂ ਬਦਬੂ ਆ ਰਹੀ ਸੀ।
ਇਹ ਸ਼ਾਇਦ ਫਸਲਾਂ ਦੇ ਸੜਨ ਅਤੇ ਜੀਵ ਜੰਤੂਆਂ ਦੇ ਮਰਨ ਕਾਰਣ ਸੀ। ਅਸੀਂ ਸੋਟੀਆਂ ਦੇ ਸਹਾਰੇ, ਸੁਚੇਤ ਹੋ ਕੇ ਤੁਰ ਰਹੇ ਸੀ। ਜਦੋਂ ਅਸੀਂ ਪਿੰਡ ਦੇ ਸਮਾਧਾਂ ਵਾਲੇ ਪਾਸੇ ਵੱਲ ਆਏ ਤਾਂ ਬੜਾ ਅਜੀਬ ਨਜਾਰਾ ਵੇਖਿਆ। ਉਥੇ ਖੜਾ ਪਾਣੀ ਭੰਬੀਰੀ ਵਾਂਗ ਘੁੰਮ ਰਿਹਾ ਸੀ। ਦੋ, ਤਿੰਨ ਥਾਵਾਂ ਤੇ ਇਹ ਨਜ਼ਾਰਾ ਵੇਖਣ ਨੂੰ ਮਿਲਿਆ। ਪਾਣੀ ਘੁੰਮਦਾ ਘੁੰਮਦਾ ਹੇਠਾਂ ਧਰਤੀ ਵਿੱਚ ਜਾ ਰਿਹਾ ਸੀ। ਇਹ ਸਭ ਉਹ ਖੂਹ ਸਨ। ਜਿਹੜੇ ਪਾਣੀ ਦੇ ਹੇਠਾਂ ਚਲੇ ਜਾਣ ਕਰਕੇ ਖਾਲੀ ਪਏ ਸਨ।
ਕਿਸੇ ਸਮੇਂ ਇਹ ਖੂਹ ਆਪਣੇ ਰਾਂਹੀ ਪਾਣੀ ਬਾਹਰ ਕਢ ਕੇ ਸਿ੍ਸਟੀ ਦੀ ਸੇਵਾ ਕਰਦੇ ਸਨ, ਅੱਜ ਉਹੀ ਖੂਹ ਆਪਸ ਵਿੱਚ ਮਿਲਕੇ ਪਾਣੀ ਨੂੰ ਆਪਣੇ ਰਾਂਹੀ ਧਰਤੀ ਵਿੱਚ ਸਮਾ ਰਹੇ ਹਨ। ਇੰਝ ਲਗਦਾ ਸੀ ਜਿੰਵੇਂ ਉਨ੍ਹਾਂ ਦਾ ਨਾ ਕੋਈ ਨਿਸ਼ਾਨ, ਨਾ ਕੰਢਾ ਦਿਸ ਰਿਹਾ ਸੀ। ਬਸ ਭੰਬੀਰੀ ਵਾਂਗ ਪਾਣੀ ਘੁੰਮ ਕੇ ਹੇਠਾਂ ਧਰਤੀ ਚ ਜਾਂਦਾ ਦਿਸਦਾ ਸੀ। ਉਸ ਵੇਲੇ ਮਹਿਸੂਸ ਹੋਇਆ ਕਿ ਵਕਤ ਖੂਹਾਂ ਨੂੰ ਖੂਹ ਮਿਲਾ ਦਿੰਦਾ ਹੈ।
ਮੁਖਤਿਆਰ ਅਲੀ
ਸ਼ਾਹਪੁਰ ਕਲਾਂ
98728.96450
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly