ਖੁਸ਼ੀ ਦਾ ਮਾਰਗ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਆਪਣੇ ਜੀਵਨ ਵਿੱਚ ਹਰ ਕੋਈ ਖ਼ੁਸ਼ ਰਹਿਣਾ ਲੋਚਦਾ ਹੈ। ਖ਼ੁਸ਼ ਰਹਿਣ ਦੇ ਲਈ ਵਿਅਕਤੀ ਅਨੇਕਾਂ ਸੋਚਾਂ ਸੋਚਦਾ ਹੈ ਤੇ ਕਰਮ ਕਰਦਾ ਹੈ। ਧਨ , ਮਾਲ ਤੇ ਵਸਤਾਂ ਦਾ ਸੰਗ੍ਰਹਿ ਕਰਨ ਦੀ ਪ੍ਰਵਿਰਤੀ ਨੂੰ ਵੀ ਖ਼ੁਸ਼ੀ ਦਾ ਸੋਮਾ ਸਮਝਣ ਦਾ ਭੁਲੇਖਾ ਪਾਲ ਬੈਠਦਾ ਹੈ , ਪਰ ਸੱਚਾਈ ਇਹ ਹੈ ਇਹ ਇੰਨਾ ਸਭ ਕੁਝ ਕਰਕੇ ਵੀ ਮਨੁੱਖ ਨੂੰ ਖ਼ੁਸ਼ੀ ਪ੍ਰਾਪਤ ਨਹੀਂ ਹੁੰਦੀ , ਸਦੀਵੀ ਖ਼ੁਸ਼ੀ ਤਾਂ ਦੂਰ ਦੀ ਗੱਲ ਰਹੀ। ਇਸ ਪਿੱਛੇ ਮੂਲ ਕਾਰਨ ਇਹ ਹੈ ਕਿ ਖ਼ੁਸ਼ੀ ਦੀ ਤਲਾਸ਼ ਹੀ ਸਾਨੂੰ ਸੱਚੀ ਤੇ ਸਦੀਵੀ ਖ਼ੁਸ਼ੀ ਤੋਂ ਦੂਰ ਲੈ ਜਾਂਦੀ ਹੈ।

ਸੱਚੀ ਤੇ ਸਦੀਵੀ ਖ਼ੁਸ਼ੀ ਦੇ ਰਹੱਸ ਬਾਰੇ ਤਾਂ ਸਾਡੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਸਮਝ ਕੇ , ਸਾਡੇ ਧਾਰਮਿਕ ਗ੍ਰੰਥਾਂ ਨੂੰ ਵਾਚ ਕੇ ਅਤੇ ਵਿਦਵਾਨਾਂ ਦੇ ਜੀਵਨ ਨੂੰ ਸਮਝਦਿਆਂ ਪਤਾ ਲੱਗਦਾ ਹੈ , ਤਾਂ ਫਿਰ ਇਹੋ ਇੱਕ ਤੱਥ ਸਾਹਮਣੇ ਆਉਂਦਾ ਹੈ ਕਿ ਸੱਚੀ , ਸਦੀਵੀ ਤੇ ਹਿਰਦੇ ਵਿੱਚ ਉਪਜੀ ਵਸੀ ਖ਼ੁਸ਼ੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ , ਜੇਕਰ ਅਸੀਂ ਦੂਸਰਿਆਂ ਨੂੰ ਖੁਸ਼ੀ ਦੇਈਏ , ਦੂਸਰਿਆਂ ਦਾ ਸਤਿਕਾਰ ਮਾਣ ਕਰੀਏ , ਦੂਸਰਿਆਂ ਨੂੰ ਇੱਜ਼ਤ ਦੇਈਏ , ਦੂਸਰਿਆਂ ਨੂੰ ਨਾਲ ਲੈ ਕੇ ਚੱਲੀਏ , ਦੂਸਰਿਆਂ ਦੀ ਭਾਵਨਾ ਨੂੰ ਸਮਝੀਏ ਤੇ ਉਸ ਦੀ ਕਦਰ ਕਰੀਏ , ਦੂਸਰਿਆਂ ਨੂੰ ਧਿਆਨਪੂਰਵਕ ਸੁਣੀਏ ਅਤੇ ਸਮਝੀਏ ,( ਕਿਉਂਕਿ ਕਿਸੇ ਨੂੰ ਧਿਆਨਪੂਰਵਕ ਨਾ ਸੁਣਨਾ , ਉਸ ਦੀ ਸਭ ਤੋਂ ਵੱਡੀ ਤੌਹੀਨ ਹੁੰਦੀ ਹੈ ), ਕਿਸੇ ਦੀ ਨਿਮਰਤਾ ਅੱਗੇ ਨਿਮਰਤਾ ਨਾਲ ਪੇਸ਼ ਆਈਏ , ਦੂਸਰੇ ਦੀ ਨਿਮਰਤਾ ਨੂੰ ਕਦੇ ਵੀ ਉਸ ਦੀ ਕਮਜ਼ੋਰੀ ਨਾ ਸਮਝੀਏ। ਖ਼ੁਸ਼ ਰਹਿਣ ਦਾ ਸਿੱਧਾ ਤੇ ਸੱਚਾ ਢੰਗ ਦੂਸਰਿਆਂ ਨੂੰ ਖ਼ੁਸ਼ੀ ਵੰਡਣਾ ਹੈ। ਦੂਸਰਿਆਂ ਨਾਲ ਖ਼ੁਸ਼ਬੋਆਂ ਵੰਡਣ ਦਾ ਨਾਂ ਹੀ ਖੁਸ਼ੀ ਹੈ। ਕਿਸੇ ਨੂੰ ਧਿਆਨਪੂਰਵਕ ਸੁਣਨਾ , ਕਿਸੇ ਦੀ ਕਿਸੇ ਵੀ ਕਲਾ ਦੀ ਇੱਜ਼ਤ ਸਤਿਕਾਰ ਕਰਨਾ ਵੀ ਸੱਚੀ ਖੁਸ਼ੀ ਹੈ।

ਸੱਚੀ ਖ਼ੁਸ਼ੀ ਦੀ ਪ੍ਰਾਪਤੀ ਲਈ ਸਾਡੇ ਵਿਚ ਆਪਣੇ ਦੁਨਿਆਵੀ – ਅਹੁਦੇ ਤੇ ਧਨ – ਮਾਲ ਦਾ ਹੰਕਾਰ ਨਹੀਂ ਹੋਣਾ ਚਾਹੀਦਾ , ਸਗੋਂ ਇਨ੍ਹਾਂ ਤੁਛ ਗੱਲਾਂ ਅਤੇ ਸੌੜੀ ਸੋਚ ਤੋਂ ਉਪਰ ਉੱਠ ਕੇ ਕੇਵਲ ਤੇ ਕੇਵਲ ਇਨਸਾਨੀਅਤ , ਮਾਨਵਤਾ ਤੇ ਸੱਚਾਈ ਦੀ ਗੱਲ ਕਰਨੀ ਚਾਹੀਦੀ। ਸੋ ਆਉ ਦੂਸਰਿਆਂ ਨੂੰ ਖ਼ੁਸ਼ੀ ਦੇਈਏ , ਦੂਸਰਿਆਂ ਨੂੰ ਖੁਸ਼ੀ ਵੰਡੀਏ , ਦੂਸਰਿਆਂ ਨੂੰ ਸੁਣੀਏ , ਦੂਸਰਿਆਂ ਨੂੰ ਇੱਜ਼ਤ ਦੇਈਏ , ਦੂਸਰਿਆਂ ਨੂੰ ਸਤਿਕਾਰ ਦੇਈਏ ਅਤੇ ਦੂਸਰਿਆਂ ਦੀ ਕਲਾ ਦਾ ਸਤਿਕਾਰ ਕਰੀਏ। ਇਹੋ ਸੱਚੀ ਖ਼ੁਸ਼ੀ ਹੈ , ਇਹੋ ਸੱਚੀ ਖ਼ੁਸ਼ੀ ਦਾ ਮਾਰਗ ਹੈ , ਇਹੋ ਸਦੀਵੀ ਖੁਸ਼ੀ ਹੈ , ਇਹੋ ਈਸ਼ਵਰ ਦੇ ਵੱਲ ਨਜ਼ਦੀਕ ਹੋਣ ਦਾ ਮਾਰਗ ਹੈ ਤੇ ਇਹੋ ਇਨਸਾਨੀਅਤ ਹੈ। ਦੁਨੀਆਂ ਦੇ ਪ੍ਰਸਿੱਧ ਵਿਦਵਾਨ ਸ੍ਰੀ ਰਾਬਰਟ ਜੀ. ਇੰਗਰਸੌਲ ਦੇ ਅਨੁਸਾਰ , ” ਖ਼ੁਸ਼ ਹੋਣ ਦਾ ਢੰਗ , ਦੂਸਰਿਆਂ ਨੂੰ ਖੁਸ਼ ਕਰਨਾ ਹੈ। ”

ਲੇਖਕ ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.

Previous articleसाम्प्रदायिक हिंसा के जिम्मेदार लोगों को राज्य का संरक्षण
Next articleਲੱਭਣ ਤੁਰੇ ਪ੍ਰਭਾਤ