(ਸਮਾਜ ਵੀਕਲੀ)
ਮੇਰੀ ਸੋਚ ਦਾ ਆਗਾਜ਼ ਮੇਰੇ ਸੁਪਨਿਆਂ ਦੀ ਤਰਜੀਹ
ਮੇਰੇ ਕੋਲੋਂ ਹੋਈ ਇੱਕ ਗ਼ਲਤੀ ਸੀ
ਜੋ ਤੇਰੀ ਪਾਰਖੂ ਨਜ਼ਰ ਨਾਲ ਸਪਰਸ਼ ਹੋ ਕੇ
ਸੜਕੇ ਸੁਆਹ ਹੋ ਗਈ ।
ਫਿਰ ਵੀ ਖ਼ੁਸ਼ਨਸੀਬ ਏ ਤੇਰੀਆਂ ਰਾਹਾਂ ਦੀ
ਧੂੜ ਬਣ ਕੇ ਤੇਰੀ ਰੂਹ ਦੇ ਪੱਬ ਨੂੰ
ਚੁੰਮਣ ਦੇ ਕਾਬਿਲ ਹੋ ਗੲੇ ਮੇਰੇ ਸੁਪਨਿਆਂ ਦੀ ਖ਼ਾਕ
ਠੋਕਰ ਨਾਲ ਹੀ ਨਿਖਾਰ ਆਉਂਦਾ ਹੈ
ਪਿਆਰ ਦੀ ਔਕਾਤ ਨੂੰ।
ਜੋ ਅਹਿਸਾਸ ਤੋਂ ਕੁਝ ਚਿਰ ਪਹਿਲਾਂ ਹੀ
ਮਰ ਜਾਂਦੀ ਏ, ਰੂਹ ਵਾਂਗ।
ਰੱਬ ਕਰੇ ਕਿ ਮੇਰੀ ਬਾਕੀ ਦੀ ਜ਼ਿੰਦਗੀ
ਤੇਰੇ ਨਾਂ ਲੱਗ ਜਾਵੇ, ਤੇ ਤੈਨੂੰ-
ਤੇਰੀ ਖਾਹਿਸ਼ ਦੀ ਹਰ ਖੁਸ਼ੀ ਨਸੀਬ ਹੋਵੇ।
ਮੈਂ ਤਾਂ ਹਰ ਜਨਮ ਇੰਤਜ਼ਾਰ ਕਰ ਸਕਦਾ ਹਾਂ
ਇਸ ਗੁਸਤਾਖ਼ੀ ਲਈ ਮਾਫ਼ੀ ਦੀ
ਗੁੰਜਾਇਸ਼ ਹੋਵੇ ਤਾਂ ਕੋਸ਼ਿਸ਼ ਜ਼ਰੂਰ ਕਰਿਓ।
ਤਦ ਤੱਕ ਮੈਂ ਚੰਨ ਤਾਰਿਆਂ ਦਾ ਵੀ
ਗ਼ੁਨਾਹਗਾਰ ਹਾਂ ਜੋ ਮੈਨੂੰ
ਭੋਰਾ – ਭੋਰਾ ਵੱਢਦੇ ਨੇ।
ਮੈਂ ਇਸ ਪੀੜ ਤੋਂ ਮੁਕਤੀ ਚਾਹੁੰਦਾ ਹਾਂ
ਤੂੰ ਯਾਦ ਨਾ ਆਵੇ, ਬੱਸ –
ਜੀਊਣਾ ਚਾਹੁੰਦਾ ਹਾਂ।
ਆਖਰੀ ਹੈ ਖਾਹਿਸ਼ ਮੇਰੀ ਤੈਨੂੰ ਖੋ ਜਾਣ ਤੋਂ ਪਹਿਲਾਂ
ਮਿਟ ਜਾਣਾ ਚਾਹੁੰਦਾ ਹਾਂ।
✍️ਸਰਵਣ ਸੰਗੋਜਲਾ