ਕੌਮੀ ਚੈਂਪੀਅਨਸ਼ਿਪ ਵਿਚ ਸਿੰਧੂ ਵੱਲੋਂ ਜੇਤੂ ਸ਼ੁਰੂਆਤ

ਓਲੰਪਿਕ ਵਿਚੋਂ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ 83ਵੀਂ ਸੀਨੀਅਰ ਕੌਮੀ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਇੱਥੇ ਨਾਗਪੁਰ ਦੀ ਮਾਲਵਿਕਾ ਬਸੋਂਦ ਉੱਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰਕੇ ਮਹਿਲਾ ਸਿੰਗਨਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਸਾਬਕਾ ਚੈਂਪੀਅਨ ਸਿੰਧੂ ਨੇ ਦੱਖਣੀ ਏਸ਼ਿਆਈ ਅੰਡਰ-21 ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਮਾਲਵਿਕਾ ਨੂੰ 21-11, 21-13 ਨਾਲ ਹਰਾ ਦਿੱਤਾ। ਸਿੰਧੂ ਨੂੰ ਸਿੱਧਾ ਪ੍ਰੀ ਕੁਆਰਟਰ ਵਿਚ ਦਾਖਲਾ ਦਿੱਤਾ ਗਿਆ ਸੀ। ਇਸ ਤਰ੍ਹਾਂ ਉਸਦੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਮਾਲਵਿਕਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਜਲਦੀ ਹੀ 4-0 ਦੀ ਲੀਡ ਲੈ ਲਈ। ਸਿੰਧੂ ਨੇ ਹਾਲਾਂ ਕਿ ਜਲਦੀ ਹੀ ਸਕੋਰ ਬਰਾਬਰ ਕਰ ਦਿੱਤਾ ਅਤੇ ਫਿਰ ਬਰੇਕ ਤੱਕ 11-7 ਦੀ ਲੀਡ ਲੈ ਲਈ। ਇਸ ਤੋਂ ਬਾਅਦ ਵੀ ਉਸਨੇ ਜੂਨੀਅਰ ਖਿਡਾਰੀ ਨੂੰ ਲਗਾਤਾਰ ਗਲਤੀਆਂ ਕਰਨ ਲਈ ਮਜਬੂਰ ਕੀਤਾ। ਸਿੰਧੂ ਨੇ 19-11 ਦੇ ਸਕੋਰ ਉੱਤੇ ਦੋ ਜਬਰਦਸਤ ਸਮੈਸ਼ ਲਾ ਕੇ ਇਹ ਗੇਮ ਆਪਣੇ ਨਾਂਅ ਕਰ ਲਈ। ਦੂਜੀ ਗੇਮ ਵਿਚ ਸਿੰਧੂ ਸ਼ੁਰੂ ਤੋਂ ਹੀ ਭਾਰੂ ਪੈ ਗਈ ਅਤੇ ਉਸਨੇ 9-2 ਦੀ ਲੀਡ ਲੈ ਲਈ।ਸਿੰਧੂ ਬਰੇਕ ਤੱਕ 11-4 ਨਾਲ ਅੱਗੇ ਸੀ। ਇਸ ਤੋਂ ਬਾਅਦ ਮਾਲਵਿਕਾ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਉਹ ਵਿਚ ਵਿਚ ਗਲਤੀਆਂ ਵੀ ਕਰਦੀ ਰਹੀ ਅਤੇ ਆਖ਼ਿਰ ਵਿੱਚ ਸਿੰਧੂ ਨੇ 35 ਮਿੰਟ ਵਿਚ ਮੈਚ ਆਪਣੇ ਨਾਂਅ ਕਰ ਲਿਆ।

Previous articleਆਸਟਰੇਲੀਆ ’ਚ ਇੱਕ ਰੋਜ਼ਾ ਲਈ ਖਲੀਲ ਅਤੇ ਉਨਾਦਕਟ ਬਾਰੇ ਚਰਚਾ ਕਰਨਗੇ ਚੋਣਕਾਰ
Next articleਪੰਜਾਬ ਸਰਕਾਰ ਨੇ ਚੁੱਪ-ਚਪੀਤੇ ਨਵਾਂ ਟੈਕਸ ਥੋਪਿਆ: ਖਹਿਰਾ