ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਦੀ ਕੇਂਦਰੀ ਡਰੱਗ ਅਥਾਰਿਟੀ ਦੀ ਮਾਹਿਰਾਂ ਦੀ ਕਮੇਟੀ ਨੇ ਅੱਜ ‘ਕੋਵੈਕਸੀਨ’ ਨੂੰ ਸੀਮਤ ਹੰਗਾਮੀ ਵਰਤੋਂ ਲਈ ਮਨਜ਼ੂਰ ਕੀਤੇ ਜਾਣ ਦੀ ਸਿਫ਼ਾਰਸ਼ ਸਰਕਾਰ ਨੂੰ ਕਰ ਦਿੱਤੀ ਹੈ। ਇਹ ਕੋਵਿਡ-19 ਟੀਕਾ ਦੇਸ਼ ਵਿਚ ਹੀ ਤਿਆਰ ਕੀਤਾ ਗਿਆ ਹੈ ਤੇ ਕੁਝ ਸ਼ਰਤਾਂ ਸਹਿਤ ਇਸ ਦੀ ਵਰਤੋਂ ਨੂੰ ਮਨਜ਼ੂਰੀ ਦੇਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਆਕਸਫੋਰਡ-ਐਸਟਰਾਜ਼ੈਨੇਕਾ ਦੀ ਵੈਕਸੀਨ ‘ਕੋਵੀਸ਼ੀਲਡ’ ਦੀ ਹੰਗਾਮੀ ਵਰਤੋਂ ਦੀ ਸਿਫ਼ਾਰਿਸ਼ ਕੀਤੀ ਗਈ ਸੀ।
ਇਸ ਦਾ ਉਤਪਾਦਨ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾਣਾ ਹੈ। ‘ਕੋਵੈਕਸੀਨ’ ਨੂੰ ਭਾਰਤ ਬਾਇਓਟੈੱਕ ਨੇ ਆਈਸੀਐਮਆਰ ਨਾਲ ਰਲ ਕੇ ਦੇਸ਼ ਵਿਚ ਹੀ ਵਿਕਸਤ ਕੀਤਾ ਹੈ। ਦਵਾਈਆਂ ਦੇ ਮਿਆਰ ਦੀ ਨਿਗਰਾਨੀ ਕਰਨ ਵਾਲੇ ਕੇਂਦਰੀ ਸੰਗਠਨ (ਸੀਡੀਐੱਸਸੀਓ) ਦੀ ਕਰੋਨਾਵਾਇਰਸ ਬਾਰੇ ਵਿਸ਼ਾ ਮਾਹਿਰਾਂ ਦੀ ਕਮੇਟੀ ਨੇ ਵੈਕਸੀਨ ਦੀ ਮਨਜ਼ੂਰੀ ਲਈ ਸਿਫ਼ਾਰਿਸ਼ ਕੀਤੀ ਹੈ। ਹੈਦਰਾਬਾਦ ਆਧਾਰਿਤ ਭਾਰਤ ਬਾਇਓਟੈੱਕ ਨੇ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਕੋਲ ਸੱਤ ਦਸੰਬਰ ਨੂੰ ਵੈਕਸੀਨ ਦੀ ਹੰਗਾਮੀ ਵਰਤੋਂ ਦੀ ਮਨਜ਼ੂਰੀ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਹੋਰ ਅੰਕੜੇ, ਤੱਥ ਤੇ ਵਿਸ਼ਲੇਸ਼ਣ ਮਾਹਿਰਾਂ ਦੀ ਕਮੇਟੀ ਅੱਗੇ ਰੱਖੇ ਸਨ।