ਐੱਸ ਜੀ ਪੀ ਸੀ, ਤੇ ਧਾਰਮਿਕ ਜਥੇਬੰਦੀਆਂ ਫੜਨ ਸਿੱਖ ਪ੍ਰਚਾਰਕਾਂ ਦੀ ਬਾਂਹ-ਸਫ਼ਰੀ , ਦੂਲੋਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਰੋਨਾ ਮਹਾਂਮਾਰੀ ਦੇ ਇਸ ਭਿਆਨਕ ਸਮੇਂ ਦੌਰਾਨ ਜਿੱਥੇ ਦਿਨੋਂ ਦਿਨ ਇਹ ਬਿਮਾਰੀ ਆਪਣੇ ਪੈਰ ਪਸਾਰ ਰਹੀ ਹੈ ਤੇ ਸਰਕਾਰ ਵੱਲੋਂ ਵੀ ਇਸ ਬਿਮਾਰੀ ਨਾਲ ਨਜਿੱਠਣ ਲਈ ਜਿੱਥੇ ਕਈ ਤਰ੍ਹਾਂ ਦੀਆਂ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਥੇ ਹੀ ਗੁਰੂ ਘਰ ਦੇ ਕਵੀਸ਼ਰ, ਢਾਡੀ ,ਕੀਰਤਨੀਏ ,ਕਥਾਵਾਚਕ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਇਸ ਲਾਕਡਾਊਨ ਦੌਰਾਨ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਭਾਈ ਨੰਦ ਲਾਲ ਕਵੀਸ਼ਰ ਸਭਾ ਦੋਆਬਾ ਜ਼ੋਨ ਦੇ ਪ੍ਰਧਾਨ ਭਾਈ ਮਨਜਿੰਦਰ ਸਿੰਘ ਸਫਰੀ ਤੇ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਢਾਡੀ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭਾਈ ਅਵਤਾਰ ਸਿੰਘ ਦੂਲੋਵਾਲ ਨੇ ਭਾਈ ਗੁਰਦੀਪ ਸਿੰਘ ਕਾਨਪੁਰੀ, ਭਾਈ ਸਤਨਾਮ ਸਿੰਘ ਬੂਹ, ਭਾਈ ਸੁਖਵਿੰਦਰ ਸਿੰਘ ਮੋਮੀ,ਭਾਈ ਹਰਜਿੰਦਰ ਸਿੰਘ ਬੱਗਾ, ਭਾਈ ਰਗਵਿੰਦਰ ਸਿੰਘ, ਭਾਈ ਅਮਰ ਸਿੰਘ, ਭਾਈ ਰੁਪਿੰਦਰ ਸਿੰਘ ਸਫਰੀ, ਆਦਿ ਦੀ ਹਾਜਰੀ ਵਿੱਚ ਦੱਸਿਆ ਕਿ ਸਰਕਾਰ ਵੱਲੋਂ ਇਸ ਮਹਾਂਮਾਰੀ ਦੇ ਚੱਲਦੇ ਜਿੱਥੇ ਇੱਕ ਪ੍ਰਕਾਰ ਦਾ ਮਿੰਨੀ ਲਾਕਡਾਊਨ ਲਗਾ ਦਿੱਤਾ ਗਿਆ ਹੈ।
ਉਥੇ ਹੀ ਹਰ ਤਰ੍ਹਾਂ ਦੇ ਧਾਰਮਿਕ ਸਮਾਗਮ ਹੋਣੇ ਵੀ ਬੰਦ ਹੋ ਗਏ ਹਨ। ਜਿਸ ਨਾਲ ਗੁਰੂ ਘਰ ਦੇ ਕਵੀਸ਼ਰ ਢਾਡੀ ,ਕੀਰਤਨੀਏ ਕਥਾਵਾਚਕ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਦੇ ਚੁੱਲ੍ਹੇ ਠੰਡੇ ਹੋ ਗਏ ਹਨ। ਉਕਤ ਆਗੂਆਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਪੰਜਾਬ ਸਰਕਾਰ ਤੇ ਧਾਰਮਿਕ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਉਹ ਅੱਗੇ ਆਉਣ ਤੇ ਇਸ ਔਖੇ ਸਮੇਂ ਦੌਰਾਨ ਗੁਰੂ ਘਰ ਦੇ ਇਹਨਾਂ ਪ੍ਰਚਾਰਕਾਂ ਦੀ ਬਾਂਹ ਫੜਨ ,ਤਾਂ ਜੋ ਉਹਨਾਂ ਦੇ ਘਰਾਂ ਦੀ ਰੋਜੀ ਰੋਟੀ ਚੱਲ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly