(ਸਮਾਜ ਵੀਕਲੀ)
ਸਮੇਂ – ਸਮੇਂ ‘ਤੇ ਮਨੁੱਖ ਆਪਣੀਆਂ ਮਨੋਵਿਰਤੀਆਂ ਅਤੇ ਭਾਵਨਾਵਾਂ ਦਾ ਪ੍ਰਗਟਾਉ ਕਰਦਾ ਰਹਿੰਦਾ ਹੈ। ਸਾਡੇ ਤਿਉਹਾਰ ਵੀ ਮਨੁੱਖ ਦੀਆਂ ਪ੍ਰਵਿਰਤੀਆਂ ਦੇ ਪ੍ਰਗਟਾਅ ਦਾ ਆਧਾਰ ਬਣਦੇ ਆਏ ਹਨ।
ਮਾਨਵੀ ਰੁਚੀਆਂ , ਮਨੋਭਾਵਾਂ ਦਾ ਪ੍ਰਗਟਾਉ ਹੋਣ ਵਿੱਚ ਹੀ ਮਨੁੱਖ ਦੀ ਸੱਚੀ ਸੰਪੂਰਨਤਾ ਹੈ। ਕਾਲਚੱਕ੍ਰ ਅਨੁਸਾਰ ਹਰ ਦਿਨ – ਤਿਉਹਾਰ ਦਾ ਆਗਾਜ਼ ਹੁੰਦੇ ਰਹਿਣਾ ਹੈ ; ਕਿਉਂ ਜੋ ਕਾਲਚੱਕ੍ਰ ਦੀ ਗਤੀ ਨੂੰ ਮਹਾਨ ਵਿਦਵਾਨ ਤੇ ਸੰਪੂਰਨ ਸ੍ਰਿਸ਼ਟੀ ਵਿਚ ਆਪਣਾ ਡੰਕਾ ਵਜਾ ਦੇਣ ਵਾਲਾ ਸੂਰਬੀਰ ਯੋਧਾ ਲੰਕੇਸ਼ ਰਾਵਣ ਵੀ ਨਹੀਂ ਰੋਕ ਪਾਇਆ।
ਅੱਜ ਕੋਵਿਡ – 19 ਨੇ ਇੱਕ ਵਿਅਕਤੀ , ਇੱਕ ਸਮਾਜ , ਇੱਕ ਪ੍ਰਾਂਤ , ਇੱਕ ਖੇਤਰ ਜਾਂ ਇੱਕ ਦੇਸ਼ ਮਾਤਰ ‘ਤੇ ਹੀ ਆਪਣਾ ਗਹਿਰਾ ਅਤੇ ਤਬਦੀਲੀਦਾਇਕ ਪ੍ਰਭਾਵ ਨਹੀਂ ਪਾਇਆ , ਸਗੋਂ ਸੰਪੂਰਨ ਵਿਸ਼ਵ ਇਸ ਦੇ ਪ੍ਰਭਾਵ ਹੇਠ ਆਇਆ ਹੈ। ਅਜਿਹੇ ਪ੍ਰਭਾਵਿਤ ਦੌਰ ਦੌਰਾਨ ਜਿੱਥੇ ਸਭ ਕੁਝ ਪ੍ਰਭਾਵਤ ਹੋਇਆ , ਉੱਥੇ ਹੀ ਸਾਡੀਆਂ ਮਨੋ – ਭਾਵਨਾਵਾਂ ਦਾ ਆਧਾਰ ਸਾਡੇ ਦਿਨ – ਤਿਉਹਾਰ ਵੀ ਪ੍ਰਭਾਵਿਤ ਹੋਏ ਹਨ। ਮਨੁੱਖ ਨੂੰ ਇਹਨਾਂ ਸਥਾਨਕ ਤਿਉਹਾਰਾਂ ਦੀ ਬੜੀ ਬੇਸਬਰੀ ਨਾਲ ਉਡੀਕ ਵੀ ਹੁੰਦੀ ਹੈ।
ਅੱਜ ਅਸੀਂ ਇਹਨਾਂ ਦਿਨਾਂ ਤਿਉਹਾਰਾਂ ਨੂੰ ਮਨਾਉਣ ਲਈ ਪਹਿਲਾਂ ਵਾਂਗ ਹੀ ਪੂਰਾ ਉਤਸ਼ਾਹ ਦਰਸਾਉਂਦੇ ਹਾਂ , ਪ੍ਰੰਤੂ ਸਾਨੂੰ ਆਪਣੀ , ਆਪਣੇ ਪਰਿਵਾਰ ਅਤੇ ਆਪਣੇ ਸਮਾਜ ਦੀ ਭਲਾਈ ਨੂੰ ਤੇ ਤੰਦਰੁਸਤੀ ਨੂੰ ਵੀ ਜ਼ਰੂਰ ਹੀ ਧਿਆਨ ਵਿੱਚ ਰੱਖਣਾ ਪਵੇਗਾ , ਜੋ ਕਿ ਕੋਵਿਡ – 19 ਦੇ ਸਮੇਂ ਦੌਰਾਨ ਅਤਿ ਲਾਜ਼ਮੀ ਵੀ ਹੈ। ਇਸ ਦੇ ਲਈ ਸਾਨੂੰ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ।
ਜਿਵੇਂ ਕਿ ਅਤੀ ਜ਼ਰੂਰੀ ਹੋਣ ‘ਤੇ ਘਰੋਂ ਬਾਹਰ ਨਿਕਲਣਾ , ਮਾਸਕ ਦੀ ਵਰਤੋਂ ਕਰਨਾ , ਬੇਲੋੜੇ ਸਪਰਸ਼ , ਸੰਪਰਕ ਅਤੇ ਭੀੜ ਤੋਂ ਬਚਣਾ , ਆਪਸੀ ਸਮਾਜਿਕ ਦੂਰੀ/ ਵਿੱਥ ਰੱਖਣਾ , ਸਾਬਣ ਨਾਲ ਹੱਥ ਧੋਣਾ , ਲੋੜ ਅਨੁਸਾਰ ਸੈਨੇਟਾਈਜ਼ਰ ਦੀ ਵਰਤੋਂ ਕਰਨਾ , ਭੋਜਨ ਦੀ ਵਰਤੋਂ ਗਰਮ ਕਰਕੇ ਕਰਨਾ , ਰੁਮਾਲ ਦੀ ਵਰਤੋਂ ਅਤੇ ਸਾਫ਼ – ਸਫ਼ਾਈ ਰੱਖਣਾ ਆਦਿ – ਆਦਿ। ਹੋਰ ਜੋ ਵੀ ਜ਼ਰੂਰੀ ਹਦਾਇਤਾਂ ਹਨ , ਉਨ੍ਹਾਂ ਦੀ ਯਕੀਨੀ ਪਾਲਣਾ ਕਰਦੇ ਹੋਏ ਦਿਨਾਂ – ਤਿਉਹਾਰਾਂ ਨੂੰ ਮਨਾਉਣਾ ਸਾਡੇ ਲਈ , ਸਾਡੇ ਸਮਾਜ ਅਤੇ ਸਾਡੇ ਦੇਸ਼ ਲਈ ਸਹੀ ਤੇ ਸੁਰੱਖਿਅਤ ਹੋਵੇਗਾ।
ਜੇਕਰ ਕੋਵਿਡ – 19 ਦੇ ਦੌਰਾਨ ਅਸੀਂ ਜਰੂਰੀ ਸੁਰੱਖਿਆਤਮਕ ਗੱਲਾਂ ਨੂੰ ਧਿਆਨ – ਚਿੱਤ ਵਿਚ ਰੱਖ ਕੇ ਘਰ ਤੇ ਸਮਾਜ ਵਿੱਚ ਵਿਚਰਦੇ ਹੋਏ ਆਪਣੇ ਰਸਮਾਂ – ਰਿਵਾਜ਼ਾਂ ਤੇ ਦਿਨਾਂ – ਤਿਉਹਾਰਾਂ ਨੂੰ ਸੁਚੇਤ ਰਹਿ ਕੇ ਮਨਾਈਏ ਤਾਂ ਹੀ ਸਾਡੇ ਸਭ ਲਈ ਹਿਤਕਰ ਹੋਵੇਗਾ। ਇਸ ਤਰ੍ਹਾਂ ਕਰ ਸਕਣ ਦੇ ਨਾਲ ਹੀ ਅਸੀਂ ਦੇਸ਼ ਦੇ ਸਿੱਖਿਅਤ , ਸਮਝਦਾਰ , ਸੂਝਵਾਨ ਤੇ ਚੰਗੇ ਨਾਗਰਿਕ ਅਖਵਾਉਣ ਦੇ ਯੋਗ ਹੋ ਸਕਾਂਗੇ।