ਲੰਡਨ (ਸਮਾਜ ਵੀਕਲੀ): ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੇ ਸੰਯੁਕਤ ਰਾਸ਼ਟਰ ਆਮ ਇਜਲਾਸ ਸੰਬੋਧਨ ਵਿਚ ਭਾਰਤ ਵੱਲੋਂ ਕੋਵਿਡ ਦੇ ਟੀਕੇ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਵੈਕਸੀਨ ਲਈ ਟਰਾਇਲ ਚੱਲ ਰਹੇ ਹਨ। ਬੋਰਿਸ ਨੇ ਆਪਣੇ ਭਾਸ਼ਣ ਵਿਚ ਇਸ ਦੇ ਨਿਰਮਾਣ ਅਤੇ ਇਸ ਤੱਕ ਪਹੁੰਚ ਵਿਚ ਭਾਰਤ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ।
ਜੌਹਨਸਨ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਸਫ਼ਲਤਾ ਨਾਲ ਜਿਹੜਾ ਵੀ ਟੀਕਾ ਬਣਾਇਆ ਜਾਵੇਗਾ, ਉਸ ਤੱਕ ਸਾਰਿਆਂ ਨੂੰ ਬਰਾਬਰ ਪਹੁੰਚ ਮਿਲਣੀ ਅਹਿਮ ਹੈ। ਹਰੇਕ ਮੁਲਕ ਦੀ ਸਿਹਤ ਇਸ ਗੱਲ ਉਤੇ ਨਿਰਭਰ ਕਰਦੀ ਹੈ ਪੂਰੇ ਸੰਸਾਰ ਨੂੰ ਸੁਰੱਖਿਅਤ ਤੇ ਪ੍ਰਭਾਵੀ ਟੀਕੇ ਤੱਕ ਪਹੁੰਚ ਮਿਲੇ। ਜ਼ਿਕਰਯੋਗ ਹੈ ਕਿ ਪੂਰੀ ਤਰ੍ਹਾਂ ਵਿਕਸਿਤ ਹੋਣ ’ਤੇ ਆਕਸਫੋਰਡ ਵੈਕਸੀਨ ਦਾ ਨਿਰਮਾਣ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕਰੇਗਾ ਤੇ ਕਰੀਬ ਇਕ ਅਰਬ ਡੋਜ਼ ਤੇਜ਼ੀ ਨਾਲ ਤਿਆਰ ਕੀਤੇ ਜਾਣਗੇ।