(ਸਮਾਜ ਵੀਕਲੀ): ਭਾਰਤ ਵਿਚ ਕੋਵਿਡ-19 ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਹੋਣ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਮਹਾਮਾਰੀ ਨਾਲ ਨਜਿੱਠਣ ਲਈ ਕੌਮੀ ਨੀਤੀ ਬਣਾਈ ਜਾਵੇ ਤੇ ਪਹਿਲਾਂ ਉਸ ’ਤੇ ਰਾਜਨੀਤਕ ਸਹਿਮਤੀ ਬਣਾ ਲਈ ਜਾਵੇ। ਇਕ ਵੀਡੀਓ ਸੁਨੇਹੇ ਵਿਚ ਸੋਨੀਆ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਜਾਗਣ ਤੇ ਆਪਣਾ ਫ਼ਰਜ਼ ਨਿਭਾਉਣ। ਸੋਨੀਆ ਨੇ ਕਿਹਾ ਕਿ ਕੋਵਿਡ-19 ਦੇ ਟੀਕੇ ਮੁਫ਼ਤ ਵਿਚ ਸਾਰੇ ਨਾਗਰਿਕਾਂ ਦੇ ਲਾਏ ਜਾਣ। ਸੋਨੀਆ ਨੇ ਨਾਲ ਹੀ ਮੰਗ ਕੀਤੀ ਕਿ ਵੈਕਸੀਨ ਉਤਪਾਦਨ ਵਧਾਉਣ ਲਈ ਲਾਇਸੈਂਸਿੰਗ ’ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਟੀਕਾਕਰਨ ਤੇਜ਼ੀ ਨਾਲ ਕੀਤਾ ਜਾ ਸਕੇ।
ਕਾਂਗਰਸ ਪ੍ਰਧਾਨ ਸੋਨੀਆ ਨੇ ਨਾਲ ਹੀ ਕਿਹਾ ਕਿ ਸਰਕਾਰ ਨੂੰ ਪਹਿਲਾਂ ‘ਗਰੀਬਾਂ ਬਾਰੇ ਸੋਚਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਖਾਤਿਆਂ ਵਿਚ ਛੇ-ਛੇ ਹਜ਼ਾਰ ਰੁਪਏ ਪਾਉਣੇ ਚਾਹੀਦੇ ਹਨ ਤਾਂ ਕਿ ਮਹਾਮਾਰੀ ਖ਼ਤਮ ਹੋਣ ਤੱਕ ਪ੍ਰਵਾਸ ਰੁਕੇ। ਗਾਂਧੀ ਨੇ ਟੈਸਟਿੰਗ ਵਧਾਉਣ, ਜ਼ਰੂਰੀ ਦਵਾਈਆਂ ਦੀ ਕਾਲਾਬਾਜ਼ਾਰੀ ’ਤੇ ਲਗਾਮ ਕੱਸਣ, ਹਸਪਤਾਲਾਂ ਨੂੰ ਆਕਸੀਜਨ, ਦਵਾਈਆਂ ਤੇ ਹੋਰ ਉਪਕਰਨ ਜੰਗੀ ਪੱਧਰ ਉਤੇ ਪਹੁੰਚਾਉਣ ਦਾ ਸੱਦਾ ਦਿੱਤਾ। ਕਾਂਗਰਸ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਮਾਰੀ ਖ਼ਿਲਾਫ਼ ਜੰਗ ਵਿਚ ਕੇਂਦਰ ਨਾਲ ਖੜ੍ਹੀ ਹੈ ਤੇ ਸਾਰੇ ਭਾਰਤੀਆਂ ਨੂੰ ਇਸ ਪਰਖ਼ ਦੇ ਸਮੇਂ ਇਕਜੁੱਟ ਰਹਿਣ ਦੀ ਅਪੀਲ ਕਰਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly