ਪਟਿਆਲਾ (ਸਮਾਜ ਵੀਕਲੀ) : ਪੰਜਾਬ ਸਰਕਾਰ ਪਾਵਰਕੌਮ ਦੇ ਸੰਕਟ ਦੇ ਦਿਨਾਂ ਦੌਰਾਨ ਵੀ ਬਿਜਲੀ ਅਦਾਰੇ ਦੀ ਵਿੱਤੀ ਲਿਹਾਜ਼ ਤੋਂ ਬਾਂਹ ਨਹੀਂ ਫੜ ਰਹੀ, ਜਿਸ ਕਰਕੇ ਪਾਵਰਕੌਮ ਕੋਲੇ ਦੇ ਸੰਕਟ ਮਗਰੋਂ ਵਿੱਤੀ ਸੰਕਟ ’ਚ ਫਸਣ ਲੱਗਾ ਹੈ। ਅਦਾਰੇ ਦਾ ਪੰਜਾਬ ਸਰਕਾਰ ਵੱਲ ਖੇਤੀ ਸਬਸਿਡੀ ਦਾ 4 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ, ਜਿਸ ਨੇ ਅਦਾਰੇ ਦੇ ਵਿੱਤੀ ਤਵਾਜ਼ਨ ਨੂੰ ਹਿਲਾ ਦਿੱਤਾ ਹੈ।
ਰੇਲਾਂ ਬੰਦ ਹੋਣ ਕਾਰਨ ਪਾਵਰਕੌਮ ਨੂੰ ਜਿੱਥੇ ਕੋਲੇ ਦੇ ਸੰਕਟ ਤੋਂ ਉਪਜੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪੰਜਾਬ ਸਰਕਾਰ ਪਾਵਰਕੌਮ ਦੀ ਵਿੱਤੀ ਪੱਖੋਂ ਸੁਣਵਾਈ ਕਰਨ ਤੋਂ ਭੱਜ ਰਹੀ ਹੈ। ਵੇਰਵਿਆਂ ਮੁਤਾਬਿਕ ਪੰਜਾਬ ਸਰਕਾਰ ਨੇ 31 ਅਕਤੂਬਰ ਤੱਕ ਪਾਵਰਕੌਮ ਨੂੰ ਖੇਤੀ ਸਬਸਿਡੀ ਦੀ 3724.54 ਕਰੋੜ ਰੁਪਏ ਦੀ ਅਦਾਇਗੀ ਕਰਨੀ ਸੀ, ਜੋ ਅਜੇ ਤਕ ਨਹੀਂ ਹੋ ਸਕੀ। ਅਜਿਹੇ ’ਚ ਸਬਸਿਡੀ ਦਾ ਬਕਾਇਆ ਵਧ ਕੇ 4 ਹਜ਼ਾਰ ਕਰੋੜ ਰੁਪਏ ਨੂੰ ਢੁੱਕ ਗਿਆ ਹੈ।
ਚੇਤੇ ਰਹੇ ਕਿ ਕਰੀਬ 5 ਸੌ ਕਰੋੜ ਰੁਪਏ ਪ੍ਰਤੀ ਮਹੀਨਾ ਖੇਤੀ ਸਬਸਿਡੀ ਦੇ ਬਣਦੇ ਹਨ, ਜਿਹੜੇ ਕਿ ਹੁਣ ਕਈ ਮਹੀਨਿਆਂ ਤੋਂ ਬਕਾਇਆ ਹਨ। ਪਾਵਰਕੌਮ ਨੇ ਪਿਛਲੇ ਦਿਨੀਂ ਪੰਜਾਬ ਸਰਕਾਰ ਕੋਲੋਂ 500 ਕਰੋੜ ਰੁਪਏ ਤੁਰੰਤ ਮੰਗੇ ਵੀ ਸਨ, ਪਰ ਅਜੇ ਤੱਕ ਪਾਵਰਕੌਮ ਨੂੰ ਧੇਲਾ ਵੀ ਨਹੀਂ ਮਿਲਿਆ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਪਾਵਰਕੌਮ ਸਿਰ ਕਰੀਬ 31 ਹਜ਼ਾਰ ਕਰੋੜ ਦਾ ਕਰਜ਼ਾ ਹੈ। ਅਦਾਰੇ ਲਈ ਕਰਜ਼ੇ ਦੀ ਵਧਦੀ ਪੰਡ ਦਾ ਵਿਆਜ਼ ਤਾਰਨਾ ਅਤਿ ਮੁਸ਼ਕਲ ਬਣਿਆ ਹੋਇਆ ਹੈ। ਅੱਗੇ ਹੀ ਕੋਲੇ ਦੀ ਤੋਟ ਕਾਰਨ ਅਦਾਰਾ ਬਾਹਰੀ ਖੇਤਰਾਂ ਤੋਂ ਬਿਜਲੀ ਖਰੀਦਣ ਲਈ ਮਜਬੂਰ ਹੈ। ਪਾਵਕਰੌਮ ਦੇ ਸੀਐੱਮਡੀ ਏ.ਵੇਣੂ ਪ੍ਰਸਾਦ ਨੇ ਅਦਾਰੇ ਨੂੰ ਦਰਪੇਸ਼ ਵਿੱਤੀ ਸੰਕਟ ਦੀ ਪੁਸ਼ਟੀ ਕੀਤੀ ਹੈ।