ਮਾਨਸਾ (ਸਮਾਜ ਵੀਕਲੀ) : ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਵਾਲੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਕੋਲਾ ਮੁੱਕਣ ਬਾਅਦ ਅੱਧੀ ਰਾਤ ਤੋਂ ਬੰਦ ਕਰ ਦਿੱਤਾ ਗਿਆ ਹੈ। 1980 ਮੈਗਾਵਾਟ ਦੇ ਇਸ ਤਾਪਘਰ ਦੇ ਇਸ ਵੇਲੇ ਤਿੰਨ ਵਿਚੋਂ ਇੱਕ ਯੂਨਿਟ ਚੱਲ ਰਿਹਾ ਸੀ, ਉਹ ਵੀ ਕੋਲੇ ਦੀ ਘਾਟ ਕਾਰਨ ਬਹੁਤ ਘੱਟ ਬਿਜਲੀ ਪੈਦਾ ਕਰ ਰਿਹਾ ਸੀ।
ਇਸ ਥਰਮਲ ਪਲਾਂਟ ਵਿੱਚ ਕੋਲੇ ਦੀ ਘਾਟ ਉਸ ਵੇਲੇ ਪੈਦਾ ਹੋਈ, ਜਦੋਂ ਤਾਪਘਰ ਨੂੰ ਜਾਂਦੀਆਂ ਰੇਲਵੇ ਲਾਈਨਾਂ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ। ਜਥੇਬੰਦੀ ਨੇ ਇਹ ਧਰਨਾ ਪ੍ਰਾਈਵੇਟ ਭਾਈਵਾਲੀ ਵਾਲੇ ਤਾਪਘਰਾਂ ਦੇ ਵਿਰੋਧ ਵਿਚ ਲਾਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾਈ ਕਮੇਟੀ ਵੱਲੋਂ ਪ੍ਰਾਈਵੇਟ ਥਰਮਲਾਂ ਦੇ ਵਿਰੁੱਧ ਇਹ ਧਰਨਾ ਦਿੱਤਾ ਹੋਇਆ ਹੈ।
ਤਾਪ ਘਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਲੇ ਦੀ ਘਾਟ ਕਾਰਨ ਹੀ ਬਿਜਲੀ ਦੀ ਪੈਦਾਵਾਰ ਬੰਦ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਥਰਮਲ ਪਲਾਂਟ ਪਹਿਲਾਂ ਵੀ ਕੋਲੇ ਦੀ ਘਾਟ ਕਾਰਨ ਬੰਦ ਹੋ ਗਿਆ ਸੀ ਪਰ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਲਾਈਨਾਂ ਤੋਂ ਪਿੱਛੇ ਹੱਟਣ ਕਾਰਨ ਇਸ ਵਿਚ ਕੁਝ ਗੱਡੀਆਂ ਕੋਲਾ ਆ ਗਿਆ ਸੀ, ਜਦੋਂ ਕਿ ਟਰੈਕ ਖੁੱਲਣ ਤੋਂ ਅਗਲੇ ਦਿਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਸ ਨੂੰ ਜਾਂਦੀਆਂ ਰੇਲਵੇ ਲਾਈਨਾਂ ਉਪਰ ਧਰਨਾ ਸ਼ੁਰੂ ਕਰ ਦਿੱਤਾ ਗਿਆ।