ਕੋਟਾ ’ਚ ਬੱਚਿਆਂ ਦੀ ਮੌਤ ’ਤੇ ਸਿਆਸਤ ਭਖ਼ੀ

ਨਵੀਂ ਦਿੱਲੀ ਰਾਜਸਥਾਨ ਦੇ ਕੋਟਾ ਹਸਪਤਾਲ ’ਚ 100 ਬੱਚਿਆਂ ਦੀ ਮੌਤ ’ਤੇ ਸਿਆਸਤ ਭਖ਼ ਗਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੂਬੇ ਦੇ ਪਾਰਟੀ ਇੰਚਾਰਜ ਅਵਿਨਾਸ਼ ਪਾਂਡੇ ਨੂੰ ਤਲਬ ਕਰਕੇ ਕੋਟਾ ’ਚ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਵੀ ਸਫ਼ਾਈ ਮੰਗੀ ਹੈ ਜਿਨ੍ਹਾਂ ਕਿਹਾ ਹੈ ਕਿ ਕਾਂਗਰਸ ਸਰਕਾਰ ਬੱਚਿਆਂ ਦੀ ਮੌਤ ਪ੍ਰਤੀ ਸੰਜੀਦਾ ਹੈ ਅਤੇ ਇਸ ’ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਉਧਰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਰਾਜਸਥਾਨ ਸਰਕਾਰ ਨੂੰ ਹਰ ਸੰਭਵ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਗਹਿਲੋਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਉਹ 2011 ’ਚ ਸੱਤਾ ’ਚ ਸਨ ਤਾਂ ਉਨ੍ਹਾਂ ਹਸਪਤਾਲ ’ਚ ਆਈਸੀਯੂ ਯੂਨਿਟ ਸਥਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ‘ਨਿਰੋਗੀ ਰਾਜਸਥਾਨ’ ਸਰਕਾਰ ਦੀ ਪ੍ਰਾਥਮਿਕਤਾ ਹੈ। ਰਾਜਸਥਾਨ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਸਰਕਾਰ ਦੇ ਬਚਾਅ ’ਚ ਕਿਹਾ ਕਿ ਬੱਚਿਆਂ ਦੀ ਹਾਲਤ ਵਿਗੜਨ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਪੂਰੀ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

Previous articleਬੱਸ ਖੱਡ ’ਚ ਡਿੱਗਣ ਕਾਰਨ 12 ਹਲਾਕ; 15 ਜ਼ਖ਼ਮੀ
Next articleਸਹੁਰੇ ਨੇ ਗੋਲੀਆਂ ਮਾਰ ਕੇ ਨੂੰਹ ਦੀ ਹੱਤਿਆ ਕੀਤੀ