ਕੋਟਕਪੂਰਾ ਗੋਲੀ ਕਾਂਡ ਵਿੱਚ 18 ਫਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਸਥਾਨਕ ਸੈਸ਼ਨ ਜੱਜ ਹਰਪਾਲ ਸਿੰਘ ਨੇ 50 ਹਜ਼ਾਰ ਰੁਪਏ ਦਾ ਮੁਚੱਲਕਾ ਭਰਵਾ ਕੇ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਦੱਸਣਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਉਮਰਾਨੰਗਲ ਖ਼ਿਲਾਫ਼ 7 ਅਗਸਤ 2018 ਨੂੰ ਅ/ਧ 307, 323, 341, 201, 218, 120 ਬੀ/34 ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਆਈ.ਜੀ. ਉਮਰਾਨੰਗਲ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਹਨ। ਉਮਰਾਨੰਗਲ ਵੱਲੋਂ ਪੇਸ਼ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੰਤਪਾਲ ਸਿੰਘ ਸਿੱਧੂ ਅਤੇ ਗੁਰਸਾਹਿਬ ਸਿੰਘ ਬਰਾੜ ਨੇ ਕਿਹਾ ਕਿ ਆਈ.ਜੀ. ਉਮਰਾਨੰਗਲ ਦਾ ਕੋਟਕਪੂਰਾ ਗੋਲੀ ਕਾਂਡ ਨਾਲ ਕੋਈ ਸਬੰਧ ਨਹੀਂ ਹੈ। ਆਈ.ਜੀ. ਉਮਰਾਨੰਗਲ ਡੀ.ਜੀ.ਪੀ. ਦੇ ਹੁਕਮਾਂ ’ਤੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਮੌਕੇ ’ਤੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਕੋਟਕਪੂਰਾ ਵਿੱਚ ਧਾਰਾ 144 ਲੱਗੀ ਹੋਣ ਦੇ ਬਾਵਜੂਦ ਸੈਂਕੜੇ ਹਥਿਆਰਬੰਦ ਲੋਕਾਂ ਦਾ ਇਕੱਠ ਸੀ। ਉਨ੍ਹਾਂ ਕਿਹਾ ਕਿ ਗੋਲੀ ਕਿਸੇ ਰੰਜਿਸ਼ ਤਹਿਤ ਨਹੀਂ ਚਲਾਈ ਗਈ ਸੀ। ਅਦਾਲਤ ਵਿੱਚ 45 ਪੁਲੀਸ ਮੁਲਾਜ਼ਮਾਂ ਦੀਆਂ ਮੈਡੀਕਲ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ, ਜੋ ਗੋਲੀ ਕਾਂਡ ਮੌਕੇ ਸਿੱਖ ਸੰਗਤ ਨਾਲ ਟਕਰਾਅ ਦੌਰਾਨ ਜ਼ਖ਼ਮੀ ਹੋ ਗਏ ਸਨ।ਅਦਾਲਤ ਨੇ ਗੋਲੀ ਕਾਂਡ ਦੀਆਂ ਸੀਸੀਟੀਵੀ ਫੁਟੇਜ ਵੇਖ ਕੇ ਕਿਹਾ ਹੈ ਕਿ ਪੁਲੀਸ ਦੇ ਵਾਹਨਾਂ ਉੱਪਰ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਅਦਾਲਤ ਵਿੱਚ ਪੇਸ਼ ਹੋਏ ਰਿਕਾਰਡ ਤੋਂ ਇਹ ਵੀ ਤੱਥ ਸਾਹਮਣੇ ਆਇਆ ਹੈ ਕਿ 13 ਅਕਤੂਬਰ 2015 ਦੀ ਰਾਤ ਨੂੰ ਛੇ ਪੁਲੀਸ ਅਧਿਕਾਰੀਆਂ ਸਮੇਤ ਡੀਆਈਜੀ ਜਤਿੰਦਰ ਜੈਨ, ਏਡੀਜੀਪੀ ਰੋਹਿਤ ਚੌਧਰੀ ਵੀ ਡੀਜੀਪੀ ਦੇ ਹੁਕਮਾਂ ’ਤੇ ਮੌਕੇ ’ਤੇ ਹਾਜ਼ਰ ਸਨ ਅਤੇ ਉਹ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਰਹੇ ਸਨ। ਅਦਾਲਤ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਕਿ ਸ਼ਿਕਾਇਤਕਰਤਾ ਅਜੀਤ ਸਿੰਘ ਨੂੰ ਕਿਸ ਹਥਿਆਰ ਨਾਲ ਗੋਲੀ ਮਾਰੀ ਗਈ, ਇਹ ਵੀ ਅਜੇ ਤੱਕ ਸਪੱਸ਼ਟ ਨਹੀਂ ਹੋਇਆ। ਇਸ ਤੋਂ ਇਲਾਵਾ ਜਿਹੜੇ ਗਵਾਹਾਂ ਦੇ ਐੱਸਆਈਟੀ ਨੇ ਬਿਆਨ ਲਿਖੇ, ਉਨ੍ਹਾਂ ਵਿੱਚੋਂ ਬਹੁਤੇ ਗਵਾਹਾਂ ਨੇ ਉਮਰਾਨੰਗਲ ਵੱਲੋਂ ਪੁਲੀਸ ਨੂੰ ਕਮਾਂਡ ਦੇਣ ਬਾਰੇ ਕੋਈ ਬਿਆਨ ਨਹੀਂ ਦਿੱਤਾ। ਇੱਥੋਂ ਤੱਕ ਕਿ ਅਜੀਤ ਸਿੰਘ ਦੇ ਬਿਆਨ ’ਤੇ ਘਟਨਾ ਤੋਂ ਤਿੰਨ ਸਾਲ ਬਾਅਦ ਦਰਜ ਹੋਏ ਪਰਚੇ ਵਿੱਚ ਉਮਰਾਨੰਗਲ ਦਾ ਨਾਮ ਤੱਕ ਸ਼ਾਮਲ ਨਹੀਂ। ਅਦਾਲਤ ਨੇ ਕਿਹਾ ਕਿ ਆਈਜੀ ਉਮਰਾਨੰਗਲ ਕਿਸ ਅਪਰਾਧ ਦਾ ਦੋਸ਼ੀ ਹੈ? ਇਹ ਸਾਬਤ ਕਰਨ ਲਈ ਜਾਂਚ ਟੀਮ ਨੂੰ ਅਜੇ ਲੰਬਾ ਸਮਾਂ ਲੱਗੇਗਾ, ਇਸ ਲਈ ਉਸ ਨੂੰ ਏਨਾ ਲੰਬਾ ਸਮਾਂ ਜੇਲ੍ਹ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਦੂਜੇ ਪਾਸੇ ਐੱਸ.ਆਈ.ਟੀ ਵੱਲੋਂ ਪੇਸ਼ ਹੋਏ ਵਕੀਲਾਂ ਨੇ ਦਾਅਵਾ ਕੀਤਾ ਕਿ ਉਮਰਾਨੰਗਲ ਦੀ ਰਿਹਾਈ ਸਮੁੱਚੀ ਜਾਂਚ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਉਮਰਾਨੰਗਲ ਨੇ ਹਿਰਾਸਤ ਵਿੱਚ ਹੁੰਦਿਆਂ ਜੇਲ੍ਹ ਵਿੱਚ ਅਹਿਮ ਵਿਅਕਤੀਆਂ ਨਾਲ ਅਣ-ਅਧਿਕਾਰਤ ਤਰੀਕੇ ਨਾਲ ਮੁਲਾਕਾਤਾਂ ਕੀਤੀਆਂ ਹਨ। ਉਮਰਾਨੰਗਲ ਨੂੰ ਬਹਿਬਲ ਗੋਲੀ ਕਾਂਡ ਵਿੱਚ ਹਾਈ ਕੋਰਟ ਤੋਂ ਪਹਿਲਾਂ ਹੀ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ। ਅੱਜ ਸੈਸ਼ਨ ਕੋਰਟ ’ਚੋਂ ਜ਼ਮਾਨਤ ਮਿਲਣ ਨਾਲ ਉਮਰਾਨੰਗਲ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ। ਉਮਰਾਨੰਗਲ ਨੂੰ ਜ਼ਮਾਨਤ ਦਾ ਹੁਕਮ ਸੁਣਾਏ ਜਾਣ ਵੇਲੇ ਵਿਸ਼ੇਸ਼ ਜਾਂਚ ਟੀਮ ਦੇ ਕੁਝ ਅਧਿਕਾਰੀ ਅਦਾਲਤ ਵਿੱਚ ਮੌਜੂਦ ਸਨ, ਜੋ ਇਸ ਫ਼ੈਸਲੇ ਤੋਂ ਕਾਫ਼ੀ ਮਾਯੂਸ ਨਜ਼ਰ ਆਏ।
INDIA ਕੋਟਕਪੂਰਾ ਗੋਲੀ ਕਾਂਡ: ਉਮਰਾਨੰਗਲ ਨੂੰ ਜ਼ਮਾਨਤ ਮਿਲੀ